5 ਅਪ੍ਰੈਲ ਨੂੰ ਹੋਵੇਗਾ ਦਿਲਜਾਨ ਦਾ ਪੋਸਟਮਾਰਟਮ, ਪਤਨੀ ਤੇ ਬੇਟੀ ਵੀ ਇਸੇ ਦਿਨ ਪਹੁੰਚਣਗੇ ਪੰਜਾਬ

03/30/2021 5:14:28 PM

ਚੰਡੀਗੜ੍ਹ (ਬਿਊਰੋ)– ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਜੰਡਿਆਲਾ ਗੁਰੂ ਨਜ਼ਦੀਕ ਦੇਰ ਰਾਤ ਸੜਕ ਹਾਦਸੇ ’ਚ ਪੰਜਾਬੀ ਗਾਇਕ ਦਿਲਜਾਨ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਰਾਤ ਲਗਭਗ 2 ਵਜੇ ਦਿਲਜਾਨ ਦੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਦਿਲਜਾਨ ਦੀ ਮੌਕੇ ’ਤੇ ਮੌਤ ਹੋ ਗਈ।

ਪੁਲਸ ਨੇ ਸੂਚਨਾ ਮਿਲਦਿਆਂ ਹੀ ਕਾਰ ਤੋਂ ਦਿਲਜਾਨ ਨੂੰ ਕੱਢ ਕੇ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਦੱਸਿਆ ਕਿ ਦਿਲਜਾਨ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਦਿਲਜਾਨ ਦੀ ਪਤਨੀ ਤੇ ਬੇਟੀ ਵਿਦੇਸ਼ ’ਚ ਹਨ, ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਹ 5 ਅਪ੍ਰੈਲ ਨੂੰ ਅੰਮ੍ਰਿਤਸਰ ਪਹੁੰਚਣਗੇ।

ਇਹ ਵੀ ਪੜ੍ਹੋ : ਗੀਤ ਰਿਕਾਰਡ ਕਰਵਾਉਣ ਕੈਨੇਡਾ ਤੋਂ ਪੰਜਾਬ ਆਇਆ ਸੀ ਦਿਲਜਾਨ, ਪਤਨੀ ਤੇ 2 ਸਾਲਾ ਬੇਟੀ ਨੂੰ ਛੱਡ ਗਿਆ ਇਕੱਲਿਆਂ

ਪੁਲਸ ਨੇ ਦਿਲਜਾਨ ਦੀ ਮ੍ਰਿਤਕ ਦੇਹ ਨੂੰ ਮੋਰਚਰੀ ’ਚ ਰਖਵਾ ਦਿੱਤਾ ਹੈ। ਉਸ ਦਾ ਪੋਸਟਮਾਰਟਮ ਉਸ ਦੀ ਪਤਨੀ ਦੇ ਆਉਣ ਤੋਂ ਬਾਅਦ ਹੀ ਕੀਤਾ ਜਾਵੇਗਾ। ਪੁਲਸ ਥਾਣਾ ਜੰਡਿਆਲਾ ਗੁਰੂ ਮੁਤਾਬਕ ਦਿਲਜਾਨ ਆਪਣੀ ਮਹਿੰਦਰਾ ਕੇ. ਯੂ. ਵੀ. 100 ਗੱਡੀ ’ਚ ਸਵਾਰ ਸੀ। 2 ਅਪ੍ਰੈਲ ਨੂੰ ਦਿਲਜਾਨ ਦਾ ਨਵਾਂ ਗੀਤ ‘ਤੇਰੇ ਵਰਗੇ 2’ ਰਿਲੀਜ਼ ਹੋਣਾ ਸੀ। ਇਸ ਸਿਲਸਿਲੇ ’ਚ ਮੀਟਿੰਗ ’ਚ ਸ਼ਾਮਲ ਹੋਣ ਤੋਂ ਬਾਅਦ ਉਹ ਸੋਮਵਾਰ ਨੂੰ ਅੰਮ੍ਰਿਤਸਰ ਗਿਆ ਸੀ। ਦੇਰ ਰਾਤ ਵਾਪਸੀ ਸਮੇਂ ਇਹ ਹਾਦਸਾ ਵਾਪਰ ਗਿਆ, ਜਿਸ ’ਚ ਉਸ ਦੀ ਮੌਤ ਹੋ ਗਈ। ਦਿਲਜਾਨ ਉਸ ਸਮੇਂ ਕਾਰ ’ਚ ਇਕੱਲਾ ਹੀ ਸੀ।

ਇਹ ਵੀ ਪੜ੍ਹੋ : ਗਾਇਕ ਦਿਲਜਾਨ ਨਾਲ ਵਾਪਰੇ ਸੜਕ ਹਾਦਸੇ ਦੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ

ਦੱਸਣਯੋਗ ਹੈ ਕਿ ਦਿਲਜਾਨ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਸੁਰਕਸ਼ੇਤਰ’ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਸੀ। ਦਿਲਜਾਨ ਪ੍ਰਸਿੱਧ ਸੰਗੀਤ ਨਿਰਦੇਸ਼ਕ ਹਿਮੇਸ਼ ਰੇਸ਼ਮੀਆ ਦੇ ਮਨਪਸੰਦ ਗਾਇਕਾਂ ’ਚੋਂ ਇਕ ਸੀ। ਜਿਸ ਟੀ. ਵੀ. ਪ੍ਰੋਗਰਾਮ ਦੌਰਾਨ ਦਿਲਜਾਨ ਨੂੰ ਪ੍ਰਸਿੱਧੀ ਮਿਲੀ, ਉਸ ਪ੍ਰੋਗਰਾਮ ’ਚ ਹਿਮੇਸ਼ ਨੇ ਦਿਲਜਾਨ ਨੂੰ ਬਹੁਤ ਸੁਪੋਰਟ ਕੀਤੀ ਸੀ। ਉਸ ਪ੍ਰੋਗਰਾਮ ’ਚ ਪਾਕਿਸਤਾਨੀ ਕਲਾਕਾਰਾਂ ਨੇ ਵੀ ਹਿੱਸਾ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh