ਦਿਲੀਪ ਕੁਮਾਰ ਨੂੰ 9 ਸਾਲ ਦੀ ਉਮਰ ''ਚ ਦਿਲ ਦੇ ਬੈਠੀ ਸੀ ਸਾਇਰਾ ਬਾਨੋ, ਜਾਣੋ ਪ੍ਰੇਮ ਸਬੰਧਾਂ ਦੀ ਪੂਰੀ ਕਹਾਣੀ

07/07/2021 11:06:32 AM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਸਵੇਰੇ 7.30 ਵਜੇ ਦੇ ਕਰੀਬ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ। ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸਾਇਰਾ ਬਾਨੋ ਅਤੇ ਦਿਲੀਪ ਕੁਮਾਰ ਦੇ ਵਿਆਹ ਨੂੰ 55 ਸਾਲ ਬੀਤ ਚੁੱਕੇ ਹਨ ਪਰ ਦੋਵਾਂ ਦੀ ਬਾਂਡਿੰਗ ਬਹੁਤ ਚੰਗੀ ਹੈ। ਉਨ੍ਹਾਂ ਦੇ ਵਿਆਹ ਨਾਲ ਜੁੜੀਆਂ ਕਈ ਕਹਾਣੀਆਂ ਵੀ ਬਹੁਤ ਮਸ਼ਹੂਰ ਹਨ। ਸਾਇਰਾ ਅਤੇ ਦਿਲੀਪ ਕੁਮਾਰ ਦੇ ਵਿਆਹ ਦੀ ਕਹਾਣੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 

ਸਾਇਰਾ ਬਾਨੋ ਦਾ ਸੁਫ਼ਨਾ ਹੋਇਆ ਸਾਕਾਰ
ਮੀਡੀਆ ਰਿਪੋਰਟਾਂ ਅਨੁਸਾਰ, ਸਾਇਰਾ ਬਾਨੋ ਹਮੇਸ਼ਾ ਦਿਲੀਪ ਕੁਮਾਰ ਨਾਲ ਵਿਆਹ ਕਰਵਾਉਣ ਦਾ ਸੁਫ਼ਨਾ ਲੈਂਦੀ ਸੀ ਅਤੇ ਉਸ ਨੇ ਨਹੀਂ ਸੋਚਿਆ ਸੀ ਕਿ ਇਹ ਸੁਫ਼ਨਾ ਸਾਕਾਰ ਹੋਵੇਗਾ। ਸਾਇਰਾ ਨੇ ਖ਼ੁਦ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਉਹ ਲੰਡਨ ਵਿਚ ਪੜ੍ਹ ਰਹੀ ਸੀ। ਉਸ ਵੇਲੇ ਉਹ 9 ਸਾਲਾਂ ਦੀ ਸੀ, ਤਾਂ ਉਸ ਨੂੰ ਦਿਲੀਪ ਸਹਿਬ ਦੀਆਂ ਫ਼ਿਲਮਾਂ ਨਾਲ ਪਿਆਰ ਹੋ ਗਿਆ ਸੀ। ਉਦੋਂ ਹੀ ਉਸ ਨੇ ਫ਼ੈਸਲਾ ਕੀਤਾ ਸੀ ਕਿ ਉਹ ਸ਼੍ਰੀਮਤੀ ਦਿਲੀਪ ਕੁਮਾਰ ਬਣਨਾ ਚਾਹੁੰਦੀ ਹੈ।
ਸਾਇਰਾ ਨੇ ਆਪਣੀ ਮਾਂ ਅੱਗੇ ਆਪਣੀ ਇਹ ਇੱਛਾ ਜ਼ਾਹਰ ਕੀਤੀ ਅਤੇ ਮਾਂ ਨੇ ਉਸ ਨੂੰ ਕਿਹਾ ਕਿ ਸ੍ਰੀਮਤੀ ਦਿਲੀਪ ਕੁਮਾਰ ਬਣਨਾ ਹੈ। ਤਾਂ ਉਸ ਦੀ ਮਾਂ ਨੇ ਕਿਹਾ ਤੁਹਾਨੂੰ ਉਨ੍ਹਾਂ ਵਰਗੇ ਸ਼ੌਕ ਪੈਦਾ ਕਰਨੇ ਚਾਹੀਦੇ ਹਨ ਜੇ ਦਿਲੀਪ ਸਹਿਬ ਸਿਤਾਰ ਨੂੰ ਪਸੰਦ ਕਰਦੇ ਹਨ ਤਾਂ ਸਿਤਾਰ ਸਿੱਖੋ, ਉਰਦੂ ਚੰਗੀ ਤਰ੍ਹਾਂ ਬੋਲੋ।

ਦਿਲੀਪ-ਸਾਇਰਾ ਇੰਝ ਹੋਏ ਇਕ
ਵੱਡੇ ਹੋਣ ਤੋਂ ਬਾਅਦ ਜਦੋਂ ਸਾਇਰਾ ਨੇ ਫ਼ਿਲਮਾਂ ਵਿਚ ਕਦਮ ਰੱਖਿਆ ਤਾਂ ਉਸ ਦੀ ਮਾਂ ਨੇ ਦਿਲੀਪ ਸਹਿਬ ਦੇ ਬੰਗਲੇ ਦੇ ਸਾਹਮਣੇ ਆਪਣੀ ਧੀ ਦਾ ਬੰਗਲਾ ਬਣਾਇਆ। ਸਾਇਰਾ ਦੇ ਜਨਮਦਿਨ 'ਤੇ ਉਸ ਦੀ ਮਾਂ ਨੇ ਬੰਗਲੇ ਵਿਚ ਇੱਕ ਪਾਰਟੀ ਕੀਤੀ, ਜਿਸ ਵਿਚ ਉਸ ਨੇ ਦਿਲੀਪ ਸਹਿਬ ਨੂੰ ਸੱਦਾ ਦਿੱਤਾ। ਦਿਲੀਪ ਸਾਹਬ ਪਾਰਟੀ ਵਿਚ ਆਏ ਅਤੇ ਸਾਇਰਾ ਨੂੰ ਇਥੇ ਮਿਲੇ। ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਵੱਧ ਗਈ ਅਤੇ 22 ਸਾਲਾ ਸਾਇਰਾ ਨੇ 44 ਸਾਲਾ ਦਿਲੀਪ ਕੁਮਾਰ ਨਾਲ ਵਿਆਹ ਕਰਵਾ ਲਿਆ।

ਯੂਸੁਫ਼ ਖ਼ਾਨ ਤੋਂ ਬਣੇ ਸਨ ਦਿਲੀਪ ਕੁਮਾਰ
ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪੇਸ਼ਾਵਰ (ਪਾਕਿਸਤਾਨ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਗੁਲਾਮ ਸਰਾਵਰ ਖ਼ਾਨ ਅਤੇ ਮਾਤਾ ਦਾ ਨਾਮ ਆਇਸ਼ਾ ਬੇਗਮ ਸੀ। ਉਹ ਕੁਲ 12 ਭੈਣ-ਭਰਾ ਸਨ। ਦਿਲੀਪ ਕੁਮਾਰ ਦਾ ਅਸਲ ਨਾਮ ਯੂਸੁਫ਼ ਖ਼ਾਨ ਸੀ। ਉਨ੍ਹਾਂ ਦੇ ਪਿਤਾ ਫਲ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਦੇਵਲਾਲੀ ਤੋਂ ਕੀਤੀ ਸੀ। ਉਹ ਅਦਾਕਾਰ ਰਾਜ ਕਪੂਰ ਨਾਲ ਵੱਡੇ ਹੋਏ, ਜੋ ਉਨ੍ਹਾਂ ਦੇ ਗੁਆਂਢੀ ਵੀ ਸਨ। ਬਾਅਦ 'ਚ ਦੋਵਾਂ ਨੇ ਫ਼ਿਲਮ ਇੰਡਸਟਰੀ 'ਚ ਆਪਣੀ ਪਛਾਣ ਬਣਾਈ।

1940 ਦੇ ਦਹਾਕੇ ਵਿਚ ਦਿਲੀਪ ਕੁਮਾਰ ਦੀ ਆਪਣੇ ਪਿਤਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਉਹ ਘਰ ਛੱਡ ਕੇ ਪੁਣੇ ਆ ਗਏ। ਇੱਥੇ ਉਹ ਇਕ ਪਾਰਸੀ ਕੈਫੇ ਦੇ ਮਾਲਕ ਨੂੰ ਮਿਲੇ, ਜਿਸ ਦੀ ਮਦਦ ਨਾਲ ਉਹ ਇਕ ਕੰਟੀਨ ਦੇ ਠੇਕੇਦਾਰ ਨੂੰ ਮਿਲੇ। ਦਿਲੀਪ ਕੁਮਾਰ ਵਧੀਆ ਅੰਗਰੇਜ਼ੀ ਬੋਲਦੇ ਸਨ। ਇਸ ਕਰਕੇ ਉਨ੍ਹਾਂ ਨੂੰ ਆਪਣੀ ਪਹਿਲੀ ਨੌਕਰੀ ਮਿਲੀ। ਉਨ੍ਹਾਂ ਨੇ ਆਰਮੀ ਕਲੱਬ ਵਿਚ ਇੱਕ ਸੈਂਡਵਿਚ ਸਟਾਲ ਲਗਾਇਆ ਕੀਤਾ ਅਤੇ ਜਦੋਂ ਕੰਟਰੈਕਟ ਖ਼ਤਮ ਹੋਇਆ ਤਾਂ ਉਹ 5000 ਰੁਪਏ ਕਮਾ ਚੁੱਕੇ ਸਨ। ਇਸ ਤੋਂ ਬਾਅਦ ਉਹ ਬੰਬੇ ਸਥਿੱਤ ਆਪਣੇ ਘਰ ਵਾਪਸ ਆ ਗਏ।

1250 ਰੁਪਏ ਵਿਚ ਵੀ ਕੀਤੀ ਸੀ ਨੌਕਰੀ
1943 ਵਿਚ ਉਨ੍ਹਾਂ ਦੀ ਮੁਲਾਕਾਤ ਡਾਕਟਰ ਮਸਾਨੀ ਨਾਲ ਚਰਚਗੇਟ ਵਿਚ ਹੋਈ। ਮਸਾਨੀ ਨੇ ਉਨ੍ਹਾਂ ਨੂੰ ਬੰਬੇ ਟਾਕੀਜ਼ ਵਿਚ ਕੰਮ ਕਰਨ ਲਈ ਕਿਹਾ, ਜਿੱਥੇ ਯੂਸੁਫ਼ ਖ਼ਾਨ ਦੇਵਿਕਾ ਰਾਣੀ ਨੂੰ ਮਿਲੇ ਸਨ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਇਸ ਕੰਪਨੀ ਵਿਚ 1250 ਰੁਪਏ ਦੀ ਤਨਖਾਹ 'ਤੇ ਨੌਕਰੀ ਦਿੱਤੀ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਉਹ ਅਦਾਕਾਰ ਅਸ਼ੋਕ ਕੁਮਾਰ ਅਤੇ ਸਸ਼ਾਧਰ ਮੁਖਰਜੀ ਨੂੰ ਵੀ ਮਿਲੇ। ਇਕ ਵਾਰ ਉਨ੍ਹਾਂ ਕਿਹਾ ਸੀ ਕਿ ਜੇ ਉਹ ਨੈਚੁਰਲ ਅਦਾਕਾਰੀ ਕਰਨ ਤਾਂ ਵਧੀਆ ਰਹੇਗਾ।

sunita

This news is Content Editor sunita