ਵਿਵੇਕ ਅਗਨੀਹੋਤਰੀ ਨੇ ‘ਭੋਪਾਲੀ’ ਦਾ ਮਤਲਬ ਦੱਸਿਆ ‘ਸਮਲਿੰਗੀ’, ਦਿਗਵਿਜੇ ਸਿੰਘ ਨੇ ਦਿੱਤਾ ਇਹ ਜਵਾਬ

03/25/2022 3:05:37 PM

ਮੁੰਬਈ (ਬਿਊਰੋ)– ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ’ਚ ਚੱਲ ਰਹੇ ਪ੍ਰੋਡਿਊਸਰ, ਡਾਇਰੈਕਟਰ ਵਿਵੇਕ ਅਗਨੀਹੋਤਰੀ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਨੇ ਭੋਪਾਲ ਦੇ ਰਹਿਣ ਵਾਲਿਆਂ ’ਤੇ ਵਿਵਾਦਿਤ ਬਿਆਨ ਦਿੱਤਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇਸ ’ਤੇ ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਇਤਰਾਜ਼ ਜਤਾਇਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁੰਬਈ ਕੋਰਟ ਨੇ ਕੰਗਨਾ ਰਣੌਤ ਨੂੰ ਪਾਈ ਝਾੜ, ਕਿਹਾ– ‘ਉਹ ਸੈਲੇਬ੍ਰਿਟੀ ਹੋਵੇਗੀ ਪਰ...’

ਸੋਸ਼ਲ ਮੀਡੀਆ ’ਤੇ ਵਿਵੇਕ ਅਗਨੀਹੋਤਰੀ ਦਾ ਜੋ ਬਿਆਨ ਵਾਇਰਲ ਹੋ ਰਿਹਾ ਹੈ, ਉਸ ’ਚ ਉਹ ਕਹਿੰਦੇ ਹਨ, ‘ਮੈਂ ਭੋਪਾਲ ’ਚ ਵੱਡਾ ਹੋਇਆ ਹਾਂ ਪਰ ਮੈਂ ਭੋਪਾਲੀ ਨਹੀਂ ਹਾਂ ਕਿਉਂਕਿ ਭੋਪਾਲੀ ਦਾ ਇਕ ਅਲੱਗ ਅਰਥ ਹੁੰਦਾ ਹੈ। ਮੈਂ ਕਦੇ ਤੁਹਾਨੂੰ ਇਕੱਲਿਆਂ ਸਮਝਾਵਾਂਗਾ। ਕਿਸੇ ਭੋਪਾਲੀ ਨੂੰ ਪੁੱਛਣਾ, ਭੋਪਾਲੀ ਦਾ ਮਤਲਬ ਹੈ ਕਿ ਉਹ ਸਮਲਿੰਗੀ ਹੈ, ਨਵਾਬੀ ਸ਼ੌਕ ਵਾਲਾ ਹੈ।’

ਵਿਵੇਕ ਅਗਨੀਹੋਤਰੀ ਦੇ ਇਸ ਬਿਆਨ ਨੇ ਕਾਂਗਰਸੀ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਨਾਰਾਜ਼ ਕਰ ਦਿੱਤਾ ਹੈ। ਦਿਗਵਿਜੇ ਸਿੰਘ ਨੇ ਵਿਵੇਕ ’ਤੇ ਨਿਸ਼ਾਨਾ ਵਿੰਨ੍ਹਦਿਆਂ ਟਵੀਟ ਕੀਤਾ ਹੈ। ਦਿਗਵਿਜੇ ਸਿੰਘ ਨੇ ਲਿਖਿਆ, ‘ਵਿਵੇਕ ਅਗਨੀਹੋਤਰੀ ਜੀ ਇਹ ਤੁਹਾਡਾ ਨਿੱਜੀ ਤਜਰਬਾ ਹੋ ਸਕਦਾ ਹੈ। ਇਹ ਆਮ ਭੋਪਾਲ ਨਿਵਾਸੀ ਦਾ ਨਹੀਂ ਹੈ। ਮੈਂ ਵੀ ਭੋਪਾਲ ਤੇ ਭੋਪਾਲੀਆਂ ਦੇ ਸੰਪਰਕ ’ਚ 77 ਸਾਲਾਂ ਤੋਂ ਹਾਂ ਪਰ ਮੇਰਾ ਤਾਂ ਇਹ ਤਜਰਬਾ ਕਦੇ ਨਹੀਂ ਰਿਹਾ। ਤੁਸੀਂ ਕਿਤੇ ਵੀ ਰਹੋ, ਸੰਗਤ ਦਾ ਅਸਰ ਤਾਂ ਹੁੰਦਾ ਹੀ ਹੈ।’

ਅਜੇ ਇਹ ਸਾਫ ਨਹੀਂ ਹੈ ਕਿ ਵਿਵੇਕ ਅਗਨੀਹੋਤਰੀ ਦਾ ਜੋ ਬਿਆਨ ਵਾਇਰਲ ਹੋ ਰਿਹਾ ਹੈ, ਉਹ ਕਦੋਂ ਦਾ ਹੈ ਤੇ ਕਿਸ ਵਿਸ਼ੇ ’ਚ ਉਨ੍ਹਾਂ ਨੇ ਇਹ ਗੱਲ ਆਖੀ ਸੀ। ਦੇਖਣਾ ਮਜ਼ੇਦਾਰ ਹੋਵੇਗਾ ਕਿ ਦਿਗਵਿਜੇ ਸਿੰਘ ਦੇ ਬਿਆਨ ’ਤੇ ਡਾਇਰੈਕਟਰ ਵਲੋਂ ਹੁਣ ਕੀ ਬਿਆਨ ਆਉਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh