ਬਚਪਨ ''ਚ ਇਹ ਬੱਚੇ ਸਨ ਸੁਪਰ ਸਟਾਰ, ਅੱਜ ਨਹੀਂ ਮਿਲ ਰਿਹਾ ਫ਼ਿਲਮੀ ਪਰਦੇ ''ਤੇ ਕੋਈ ਕੰਮ

11/19/2020 2:27:17 PM

ਮੁੰਬਈ: ਟੈਲੀਵੀਜ਼ਨ ਅਤੇ ਫ਼ਿਲਮਾਂ 'ਚ ਕੰਮ ਕਰਨ ਵਾਲੇ ਕਈ ਕਲਾਕਾਰ ਆਪਣੇ ਦੌਰ 'ਚ ਬਹੁਤ ਹਿੱਟ ਹੋਏ ਸਨ। ਉਦੋਂ ਲੋਕ ਉਨ੍ਹਾਂ ਨੂੰ ਦੇਖ ਕੇ ਕਹਿੰਦੇ ਸਨ ਕਿ ਅੱਗੇ ਚੱਲ ਕੇ ਬਾਲੀਵੁੱਡ 'ਚ ਇਨ੍ਹਾਂ ਦਾ ਸਿੱਕਾ ਚੱਲੇਗਾ। ਸਮਾਂ ਅੱਗੇ ਵੱਧਦਾ ਗਿਆ ਅਤੇ ਵੱਧਦੇ ਸਮੇਂ ਦੇ ਨਾਲ ਇਹ ਬਾਲ ਕਲਾਕਾਰ ਅੱਖਾਂ ਤੋਂ ਓਹਲੇ ਹੁੰਦੇ ਗਏ। ਭਾਵੇਂ ਤੁਹਾਨੂੰ ਇਨ੍ਹਾਂ ਕਲਾਕਾਰਾਂ ਦਾ ਨਾਮ ਯਾਦ ਨਾ ਹੋਵੇ ਪਰ ਇਨ੍ਹਾਂ ਦੀ ਸ਼ਕਲ ਦੇਖ ਕੇ ਤੁਸੀਂ ਇਨ੍ਹਾਂ ਨੂੰ ਜ਼ਰੂਰ ਪਛਾਣ ਜਾਓਗੇ। 


ਆਦਿੱਤਿਆ ਕਪਾਡੀਆ
'ਸ਼ਾਕਾ ਲਾਕਾ ਬੂਮ ਬੂਮ' ਦਾ ਝੁਮਰੂ ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਇਹ ਕਿਰਦਾਰ ਆਦਿੱਤਿਆ ਕਪਾਡੀਆ ਨੇ ਨਿਭਾਇਆ ਸੀ। ਆਦਿੱਤਿਆ ਨੇ ਸੀਰੀਅਲਾਂ 'ਚ ਕੰਮ ਕਰਨ ਤੋਂ ਇਲਾਵਾ ਫਿਲਮਾਂ 'ਚ ਕੰਮ ਕੀਤਾ। ਫ਼ਿਲਮ 'ਜਾਨਵਰ' 'ਚ ਉਨ੍ਹਾਂ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਵੀ ਅਭਿਨੈ ਕੀਤਾ ਪਰ ਹੌਲੀ-ਹੌਲੀ ਆਦਿੱਤਿਆ ਸਕ੍ਰੀਨ ਤੋਂ ਗਾਇਬ ਹੁੰਦੇ ਗਏ। 33 ਸਾਲ ਦੇ ਆਦਿੱਤਿਆ ਆਖਿਰੀ ਵਾਰ ਕਲਰਸ ਦੇ ਇਕ ਸੀਰੀਅਲ 'ਚ ਨਜ਼ਰ ਆਏ ਸਨ। ਫਿਲਹਾਲ ਹੁਣ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। 


ਅਮਿਤੇਸ਼ ਕੋਚਰ
90 ਦੇ ਦਹਾਕੇ 'ਚ ਜਿਥੇ ਇਕ ਪਾਸੇ ਸੀਰੀਅਲ 'ਸ਼ਕਤੀਮਾਨ' ਲੋਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਸੀ ਤਾਂ ਦੂਜੇ ਪਾਸੇ 'ਜੂਨੀਅਰ ਜੀ' ਸੁਪਰਹੀਰੋ ਉਸ ਨੂੰ ਟੱਕਰ ਦੇ ਰਿਹਾ ਸੀ। ਉਸ ਦੌਰ 'ਚ ਇਸ ਸੁਪਰਹੀਰੋ ਨੇ ਤਹਿਲਕਾ ਮਚਾ ਦਿੱਤਾ ਸੀ ਅਤੇ ਜੂਨੀਅਰ ਜੀ ਦਾ ਰੋਲ ਪਲੇਅ ਕਰਨ ਵਾਲੇ ਬੱਚੇ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ ਸੀ। ਇਸ ਸਟਾਰ ਦਾ ਨਾਂ ਅਮਿਤੇਸ਼ ਕੋਚਰ ਹੈ। 'ਜੂਨੀਅਰ ਜੀ' ਦੇ ਬਾਅਦ ਅਮਿਤੇਸ਼ ਫਿਰ ਕਦੇ ਟੀ.ਵੀ. 'ਤੇ ਨਜ਼ਰ ਨਹੀਂ ਆਏ। ਹੁਣ ਉਹ ਯੂ-ਟਿਊਬ 'ਤੇ ਬਲਾਗ ਬਣਾਉਂਦੇ ਹਨ।


ਦਰਸ਼ੀਲ ਸਫਾਰੀ
ਅਦਾਕਾਰ ਆਮਿਰ ਖ਼ਾਨ ਦੇ ਪ੍ਰੋਡੈਕਸ਼ਨ ਹੇਠ ਬਣੀ ਫ਼ਿਲਮ 'ਤਾਰੇ ਜ਼ਮੀਨ ਪਰ' ਨਾਲ ਦਰਸ਼ੀਲ ਸਫਾਰੀ ਨੇ ਬਤੌਰ ਬਾਲ ਕਲਾਕਾਰ ਡੈਬਿਊ ਕੀਤਾ ਸੀ। ਇਹ ਫ਼ਿਲਮ 2017 'ਚ ਰਿਲੀਜ਼ ਹੋਈ ਸੀ। ਪੜ੍ਹਾਈ ਕਰਨ ਤੋਂ ਬਾਅਦ ਦਰਸ਼ੀਲ ਫਿਰ ਤੋਂ ਅਭਿਨੈ ਦੀ ਦੁਨੀਆ ਨਾਲ ਜੁੜ ਗਏ। 
ਸਾਲ 2015-16 'ਚ ਉਨ੍ਹਾਂ ਨੇ ਥਿਏਟਰ ਕਰਨਾ ਸ਼ੁਰੂ ਕੀਤਾ ਅਤੇ 'ਕੈਨ ਆਈ ਹੈਲਪ ਯੂ' ਨਾਂ ਦੇ ਪਲੇਅ 'ਚ ਹਿੱਸਾ ਲਿਆ। ਦਰਸ਼ੀਲ ਹੁਣ 23 ਸਾਲ ਦੇ ਹੋ ਗਏ ਹਨ। ਹਾਲਾਂਕਿ ਅਜੇ ਉਨ੍ਹਾਂ ਦੇ ਹੱਥ ਕੋਈ ਵੱਡਾ ਪ੍ਰਾਜੈਕਟ ਨਹੀਂ ਲੱਗਿਆ ਹੈ।


ਤਨਵੀ ਹੇਗੜੇ
ਟੀ.ਵੀ. ਸ਼ੋਅ 'ਸੋਨਪਰੀ' 'ਚ ਫਰੂਟੀ ਦਾ ਕਿਰਦਾਰ ਨਿਭਾਉਣ ਵਾਲੀ ਲੜਕੀ ਤਨਵੀ ਹੇਗੜੇ ਨੇ ਸਿਰਫ ਤਿੰਨ ਸਾਲ ਦੀ ਉਮਰ 'ਚ ਹੀ ਐਕਟਿੰਗ ਸ਼ੁਰੂ ਕਰ ਦਿੱਤੀ ਸੀ। 'ਸ਼ਾਕਾ ਲਾਕਾ ਬੂਮ ਬੂਮ' 'ਚ ਵੀ ਉਨ੍ਹਾਂ ਨੇ ਕੰਮ ਕੀਤਾ। ਉਸ ਤੋਂ ਇਲਾਵਾ ਕਈ ਫ਼ਿਲਮਾਂ 'ਚ ਵੀ ਤਨਵੀ ਹੇਗੜੇ ਕੰਮ ਕਰ ਚੁੱਕੀ ਹੈ। ਸੰਜੇ ਦੱਤ ਦੀ ਫ਼ਿਲਮ 'ਪਿਤਾ' 'ਚ ਉਨ੍ਹਾਂ ਨੇ ਜ਼ਬਰਦਸਤ ਕਿਰਦਾਰ ਨਿਭਾਇਆ ਸੀ। ਫਿਲਹਾਲ ਹੁਣ ਉਹ ਪਰਦੇ ਤੋਂ ਗਾਇਬ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਉਹ ਐਕਵਿਟ ਹੈ।


ਪਰਜਾਨ ਦਸਤੂਰ
'ਕੁਛ ਕੁਛ ਹੋਤਾ ਹੈ' ਫ਼ਿਲਮ ਦੇ 'ਚ ਇਕ ਛੋਟਾ ਜਿਹਾ ਬੱਚਾ ਹੋਰ ਸੀ। ਇਕ ਛੋਟਾ ਸਰਦਾਰ ਜੋ ਹਮੇਸ਼ਾ ਤਾਰੇ ਗਿਣਦਾ ਰਹਿੰਦਾ ਹੈ। ਉਸ ਛੋਟੇ ਸਰਦਾਰ ਦਾ ਨਾਮ ਪਰਜਾਨ ਦਸਤੂਰ ਹੈ। ਪਰਜਾਨ ਤਾਂ ਹੁਣ ਇੰਨੇ ਵੱਡੇ ਹੋ ਗਏ ਹਨ ਕਿ ਜ਼ਲਦ ਹੀ ਵਿਆਹ ਦੇ ਬੰਧਨ 'ਚ ਵੀ ਬੱਝਣ ਵਾਲੇ ਹਨ। ਆਖਿਰੀ ਵਾਰ ਪਰਜਾਨ ਸਾਲ 2010 'ਚ ਰਿਲੀਜ਼ ਹੋਈ ਫ਼ਿਲਮ 'ਬ੍ਰੇਕ ਕੇ ਬਾਅਦ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ 2017 'ਚ ਉਨ੍ਹਾਂ ਨੇ ਇਕ ਸ਼ਾਰਟ ਫ਼ਿਲਮ ਵੀ ਕੀਤੀ ਸੀ। 


ਆਇਸ਼ਾ ਕਪੂਰ
ਸਾਲ 2005 'ਚ ਆਈ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਬਲੈਕ' ਦੀ ਛੋਟੀ ਜਿਹੀ ਬੱਚੀ ਮਿਸ਼ੇਲੇ ਨੂੰ ਸ਼ਾਇਦ ਹੀ ਕੋਈ ਭੁੱਲਿਆ ਹੋਵੇਗਾ। ਇਸ ਫ਼ਿਲਮ ਤੋਂ ਬਾਅਦ ਹੀ ਆਇਸ਼ਾ ਨੂੰ ਬੈਸਟ ਸਪੋਰਟਿੰਗ ਅਦਾਕਾਰਾ ਸਮੇਤ ਕਈ ਹੋਰ ਐਵਾਰਡ ਵੀ ਮਿਲੇ। ਇਸ ਤੋਂ ਬਾਅਦ ਸਾਲ 2009 'ਚ ਉਹ ਫ਼ਿਲਮ 'ਸਿਕੰਦਰ' 'ਚ ਨਜ਼ਰ ਆਈ। ਉਸ ਤੋਂ ਬਾਅਦ ਇੰਡਸਟਰੀ 'ਚ ਆਇਸ਼ਾ ਦੀ ਮੌਜੂਦਗੀ ਲਗਭਗ ਨਾ ਦੇ ਬਰਾਬਰ ਹੀ ਹੈ। ਫਿਲਹਾਲ ਹੁਣ ਉਹ ਅਦਾਕਾਰਾ ਹੋਣ ਦੇ ਨਾਲ ਹੈਲਥ ਐਕਸਪਰਟ ਵੀ ਹੈ।

Aarti dhillon

This news is Content Editor Aarti dhillon