‘ਚਿਹਰੇ’ ਫ਼ਿਲਮ ਨੂੰ ਓ. ਟੀ. ਟੀ. ’ਤੇ ਕਿਉਂ ਨਹੀਂ ਕੀਤਾ ਰਿਲੀਜ਼, ਨਿਰਮਾਤਾ ਨੇ ਦੱਸੀ ਵਜ੍ਹਾ

08/27/2021 3:59:46 PM

ਮੁੰਬਈ (ਬਿਊਰੋ)– 19 ਅਗਸਤ ਨੂੰ ਅਕਸ਼ੇ ਕੁਮਾਰ ਦੀ ‘ਬੈੱਲ ਬੌਟਮ’ ਫ਼ਿਲਮ ਤੋਂ ਬਾਅਦ ਅੱਜ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਸਟਾਰਰ ਫ਼ਿਲਮ ‘ਚਿਹਰੇ’ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਸਿਨੇਮਾਘਰਾਂ ਤੋਂ ਦਰਸ਼ਕਾਂ ਦੀ ਦੂਰੀ ਨੂੰ ਦੇਖਦਿਆਂ ਤਮਾਮ ਫ਼ਿਲਮਾਂ ਓ. ਟੀ. ਟੀ. ’ਤੇ ਰਿਲੀਜ਼ ਕਰ ਦਿੱਤੀਆਂ ਗਈਆਂ ਸਨ। ‘ਚਿਹਰੇ’ ਦੇ ਨਿਰਮਾਤਾਵਾਂ ਦੇ ਸਾਹਮਣੇ ਇਹ ਆਪਸ਼ਨ ਵੀ ਸੀ ਪਰ ਫਿਰ ਵੀ ਉਨ੍ਹਾਂ ਨੇ ਫ਼ਿਲਮ ਨੂੰ ਸਿਨੇਮਾਘਰਾਂ ’ਚ ਉਤਾਰਨ ਦਾ ਫ਼ੈਸਲਾ ਕੀਤਾ।

ਜਦੋਂ ਨਿਰਮਾਤਾ ਆਨੰਦ ਪੰਡਿਤ ਕੋਲੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਨੂੰ ਓ. ਟੀ. ਟੀ. ’ਤੇ ਰਿਲੀਜ਼ ਕਿਉਂ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ, ‘ਬਿਲਕੁਲ ਕਰ ਸਕਦੇ ਸੀ। ਇਹ ਫ਼ਿਲਮ ਅਸੀਂ ਪਹਿਲਾਂ ਤੋਂ ਹੀ ਸਿਨੇਮਾਘਰਾਂ ਵਾਲੇ ਫਾਰਮੇਟ ’ਚ ਬਣਾਈ ਹੈ। ਇਸ ਨੂੰ ਜੋ ਵਿਸ਼ਾਲਤਾ ਦਿੱਤੀ ਗਈ ਹੈ, ਜਿਸ ਹਿਸਾਬ ਨਾਲ ਇਸ ਦੇ ਨਿਰਮਾਣ ’ਚ ਬਜਟ ਦਾ ਇਸਤੇਮਾਲ ਕੀਤਾ ਹੈ ਤੇ ਜਿਸ ਹਿਸਾਬ ਨਾਲ ਟੈਕਨੀਸ਼ੀਅਨ ਦਾ ਇਸਤੇਮਾਲ ਕੀਤਾ ਗਿਆ ਹੈ, ਉਸ ਨਾਲ ਇਕ ਅਜਿਹਾ ਸਿਨੇਮਾ ਉੱਭਰ ਕੇ ਆਇਆ ਹੈ, ਜਿਸ ਨਾਲ ਸਾਨੂੰ ਲੱਗਾ ਕਿ ਇਸ ਤਰ੍ਹਾਂ ਦੀ ਥ੍ਰਿਲਰ ਫ਼ਿਲਮ ਨੂੰ ਲੋਕ ਵੱਡੇ ਪਰਦੇ ’ਤੇ ਜ਼ਿਆਦਾ ਪਸੰਦ ਕਰਨਗੇ। ਫ਼ਿਲਮ ’ਚ ਅਸੀਂ ਉੱਚ ਪੱਧਰ ਦੇ ਟੈਕਨੀਸ਼ੀਅਨ ਨੂੰ ਲਿਆ, ਭਾਵੇਂ ਸਾਊਂਡ ਡਿਜ਼ਾਈਨਿੰਗ ਹੋਵੇ ਜਾਂ ਵਿਨੋਦ ਪ੍ਰਧਾਨ ਦੀ ਸਿਨਮੈਟੋਗ੍ਰਾਫੀ ਹੋਵੇ। ਉਸ ਹਿਸਾਬ ਨਾਲ ਸਾਨੂੰ ਲੱਗ ਰਿਹਾ ਸੀ ਕਿ ਇਸ ਫ਼ਿਲਮ ਨੂੰ ਵੱਡੇ ਪਰਦੇ ’ਤੇ ਵੱਧ ਨਿਆਂ ਮਿਲੇਗਾ। ਲੋਕਾਂ ਨੂੰ ਵੱਡੇ ਪਰਦੇ ’ਤੇ ਬਿਹਤਰੀਨ ਤਜਰਬਾ ਮਿਲੇਗਾ।’

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਹੱਕ ’ਚ ਆਏ ਰਾਜਾ ਵੜਿੰਗ, ਪਰਚਾ ਰੱਦ ਕਰਵਾਉਣ ਲਈ ਮੁੱਖ ਮੰਤਰੀ ਨਾਲ ਕਰਨਗੇ ਮੁਲਾਕਾਤ

ਕੋਰੋਨਾ ਵਾਇਰਸ ਕਾਰਨ ਫ਼ਿਲਮ ਦੀ ਰਿਲੀਜ਼ ਕਾਫੀ ਦੇਰੀ ਨਾਲ ਹੋਈ ਹੈ। ਇਸ ਦੇਰੀ ਕਾਰਨ ਕੀ ਨਿਰਮਾਤਾਵਾਂ ਨੂੰ ਕਿਸੇ ਤਰ੍ਹਾਂ ਦਾ ਆਰਥਿਕ ਨੁਕਸਾਨ ਹੋਇਆ? ਇਸ ਦੇ ਜਵਾਬ ’ਚ ਆਨੰਦ ਨੇ ਕਿਹਾ, ‘ਮੇਰੇ ਲਈ ਕੋਈ ਆਰਥਿਕ ਘਾਟਾ ਨਹੀਂ ਹੈ ਕਿਉਂਕਿ ਅਜਿਹਾ ਨਹੀਂ ਕਿ ਮੈਂ ਬੈਂਕ ਤੋਂ ਕਰਜ਼ਾ ਲਿਆ ਜਾਂ ਪ੍ਰਾਈਵੇਟ ਫਾਇਨਾਂਸਰ ਤੋਂ ਪੈਸਾ ਲਿਆ। ਮੇਰੇ ਲਈ ਉਹ ਤਕਲੀਫ ਦੀ ਗੱਲ ਨਹੀਂ ਹੈ।’

ਆਨੰਦ ਪੰਡਿਤ ਨੇ ਆਗਾਮੀ ਪ੍ਰਾਜੈਕਟ ਬਾਰੇ ਦੱਸਦਿਆਂ ਕਿਹਾ, ‘ਥੈਂਕ ਗੌਡ ਫ਼ਿਲਮ ਦਾ 80-85 ਫ਼ੀਸਦੀ ਸ਼ੂਟ ਪੂਰਾ ਹੋ ਚੁੱਕਾ ਹੈ। ਸਤੰਬਰ ਤੇ ਅਕਤੂਬਰ ’ਚ 15-15 ਦਿਨਾਂ ਦੇ ਸ਼ੈਡਿਊਲ ਹਨ। ਅਗਲੇ ਸਾਲ ਜਨਵਰੀ ’ਚ ਰਿਲੀਜ਼ ਕਰਨ ਦਾ ਇਰਾਦਾ ਹੈ।’ ਦੱਸ ਦੇਈਏ ਕਿ ‘ਥੈਂਕ ਗੌਡ’ ’ਚ ਅਜੇ ਦੇਵਗਨ, ਸਿਧਾਰਥ ਮਲਹੋਤਰਾ ਤੇ ਰਕੁਲ ਪ੍ਰੀਤ ਸਿੰਘ ਮੁੱਖ ਕਿਰਦਾਰਾਂ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh