OTT ਦੀਆਂ ਫ਼ਿਲਮਾਂ-ਸੀਰੀਜ਼ ’ਤੇ ਵੀ ਸੈਂਸਰਸ਼ਿਪ ਹੋਵੇਗੀ ਲਾਗੂ, ਸਬਸਕ੍ਰਿਪਸ਼ਨ ਫੀਸ ਮਹਿੰਗੀ ਹੋਣ ਦੀ ਸੰਭਾਵਨਾ

11/26/2023 4:40:26 PM

ਐਂਟਰਟੇਨਮੈਂਟ ਡੈਸਕ– ਜਲਦ ਹੀ ਐਮਾਜ਼ੋਨ ਪ੍ਰਾਈਮ, ਨੈੱਟਫਲਿਕਸ, ਡਿਜ਼ਨੀ ਪਲੱਸ ਹੌਟਸਟਾਰ ਵਰਗੇ ਓ. ਟੀ. ਟੀ. ਪਲੇਟਫਾਰਮਜ਼ ਵੀ ਸੈਂਸਰਸ਼ਿਪ ਦੇ ਦਾਇਰੇ ’ਚ ਹੋਣਗੇ। ਅਸਲ ’ਚ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨਵੇਂ ਬ੍ਰਾਡਕਾਸਟਿੰਗ ਸਰਵਿਸਿਜ਼ ਬਿੱਲ ਦਾ ਖਰੜਾ ਤਿਆਰ ਕੀਤਾ ਹੈ। ਇਸ ’ਚ ਓ. ਟੀ. ਟੀ., ਸੈਟੇਲਾਈਟ ਕੇਬਲ ਟੀ. ਵੀ., ਡੀ. ਟੀ. ਐੱਚ., ਆਈ. ਪੀ. ਟੀ. ਵੀ., ਡਿਜੀਟਲ ਨਿਊਜ਼ ਤੇ ਕਰੰਟ ਅਫੇਅਰਜ਼ ਆਦਿ ਲਈ ਨਵੇਂ ਨਿਯਮ ਬਣਾਏ ਜਾ ਰਹੇ ਹਨ। ਇਸ ਤੋਂ ਬਾਅਦ ਓ. ਟੀ. ਟੀ. ਪਲੇਟਫਾਰਮ ਬ੍ਰਾਡਕਾਸਟਿੰਗ ਨੈੱਟਵਰਕ ਆਪਰੇਟਰ ਅਖਵਾਉਣਗੇ।

ਜੇਕਰ ਕੋਈ ਆਪਰੇਟਰ ਜਾਂ ਬ੍ਰਾਡਕਾਸਟਰ ਨਿਯਮਾਂ ਨੂੰ ਨਹੀਂ ਮੰਨਦਾ ਹੈ ਤਾਂ ਸਰਕਾਰ ਉਸ ਕੰਟੈਂਟ ਨੂੰ ਠੀਕ ਕਰਨ, ਡਿਲੀਟ ਕਰਨ ਜਾਂ ਤੈਅ ਘੰਟਿਆਂ ਤਕ ਆਫ ਏਅਰ ਰਹਿਣ ਤੋਂ ਲੈ ਕੇ ਸਬੰਧਤ ਪਲੇਟਫਾਰਮ ’ਤੇ ਪਾਬੰਦੀ ਵੀ ਲਗਾ ਸਕਦੀ ਹੈ। ਓ. ਟੀ. ਟੀ. ਚੈਨਲ ਨੂੰ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਸਬਸਕ੍ਰਾਈਬਰ ਬੇਸ ਦੱਸਣਾ ਹੋਵੇਗਾ। ਓ. ਟੀ. ਟੀ. ਪਲੇਟਫਾਰਮ ਲਈ ਸਖ਼ਤ ਕਾਨੂੰਨ ਲਾਗੂ ਹੋਣ ਨਾਲ ਉਨ੍ਹਾਂ ਦੀ ਲਾਗਤ ਵਧੇਗੀ। ਅਜਿਹੇ ’ਚ ਯੂਜ਼ਰਸ ਲਈ ਸਬਸਕ੍ਰਿਪਸ਼ਨ ਫੀਸ ਮਹਿੰਗੀ ਕੀਤੀ ਜਾ ਸਕਦੀ ਹੈ। ਇਸ ਬਿੱਲ ’ਚ 6 ਚੈਪਟਰ, 48 ਧਾਰਾਵਾਂ ਤੇ 3 ਸ਼ੈਡਿਊਲ ਹਨ। ਇਹ ਬਿੱਲ ਕਾਨੂੰਨ ਬਣਨ ’ਤੇ ਮੌਜੂਦਾ ਕੇਬਲ ਟੀ. ਵੀ. ਨੈੱਟਵਰਕਸ (ਰੈਗੂਲੇਸ਼ਨ) ਐਕਟ, 1995 ਤੇ ਪ੍ਰਸਾਰਣ ਨਾਲ ਜੁੜੇ ਦੂਜੇ ਦਿਸ਼ਾ-ਨਿਰਦੇਸ਼ਾਂ ਦੀ ਜਗ੍ਹਾ ਲਵੇਗਾ। ਕੇਂਦਰ ਸਰਕਾਰ ਨੇ ਇਸ ਖਰੜੇ ’ਤੇ 9 ਦਸੰਬਰ ਤਕ ਸੁਝਾਅ ਤੇ ਇਤਰਾਜ਼ ਮੰਗੇ ਹਨ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)

ਇੰਝ ਕਰਨਗੇ ਨਿਗਰਾਨੀ : ਓ. ਟੀ. ਟੀ. ’ਤੇ ਨਿਯਮ ਨਹੀਂ ਮੰਨੇ ਤਾਂ 5 ਲੱਖ ਫਾਈਨ ਤੇ ਪਾਬੰਦੀ ਸੰਭਵ
ਓ. ਟੀ. ਟੀ. ਆਦਿ ’ਤੇ ਪ੍ਰਸਾਰਿਤ ਕੰਟੈਂਟ ’ਤੇ ਨਜ਼ਰ ਰੱਖਣ ਲਈ ਬ੍ਰਾਡਕਾਸਟਿੰਗ ਐਡਵਾਇਜ਼ਰੀ ਕੌਂਸਲ (ਬੀ. ਏ. ਸੀ.) ਬਣੇਗੀ। ਇਹ ਧਾਰਾ ਦੀ ਉਲੰਘਣਾ ਦੇ ਮਾਮਲੇ ’ਚ ਕੇਂਦਰ ਨੂੰ ਸਿਫਾਰਿਸ਼ ਭੇਜੇਗੀ।
ਇਸ ’ਚ ਮੀਡੀਆ ਦਾ 25 ਸਾਲ ਦੇ ਤਜਰਬੇ ਵਾਲਾ ਵਿਅਕਤੀ ਚੇਅਰਮੈਨ ਹੋਵੇਗਾ ਤੇ 5 ਸਰਕਾਰੀ ਤੇ 5 ਗੈਰ-ਸਰਕਾਰੀ ਵਿਅਕਤੀ ਮੈਂਬਰ ਹੋਣਗੇ।
ਧਾਰਾ ਦੀ ਉਲੰਘਣਾ ਹੋਈ ਤਾਂ ਓ. ਟੀ. ਟੀ. ਪਲੇਟਫਾਰਮ ’ਤੇ ਅਸਥਾਈ ਪਾਬੰਦੀ, ਮੈਂਬਰਸ਼ਿਪ ਰੱਦ, ਸਲਾਹ, ਚਿਤਾਵਨੀ, ਨਿੰਦਿਆ ਜਾਂ 5 ਲੱਖ ਰੁਪਏ ਤਕ ਦਾ ਫਾਈਨ ਸੰਭਵ ਹੈ।

ਕੇਬਲ ਟੀ. ਵੀ. ’ਤੇ ‘7+’ ਤੋਂ ‘ਏ’ ਕੈਟਾਗਿਰੀ ਤਕ ਦੇ ਪ੍ਰੋਗਰਾਮ ਵੀ ਦਿਖਾ ਸਕਣਗੇ
ਜਿਵੇਂ ਦਾ ਕੰਟੈਂਟ ਅਜੇ ਤਕ ਓ. ਟੀ. ਟੀ. ਚੈਨਲ ’ਤੇ ਉਪਲੱਬਧ ਹੈ, ਉਹ ਸੈਟੇਲਾਈਟ ਕੇਬਲ ਨੈੱਟਵਰਕ ਦੇ ਚੈਨਲ ’ਤੇ ਵੀ ਮਿਲੇਗਾ। ਅਜੇ ਉਸ ’ਤੇ ਸੀ. ਬੀ. ਐੱਫ. ਸੀ. ਤੋਂ ਪਾਸ ਫ਼ਿਲਮਾਂ ਹੀ ਦਿਖਾਈਆਂ ਜਾ ਸਕਦੀਆਂ ਹਨ। ਭਵਿੱਖ ’ਚ ਉਥੇ ਵੀ ਓ. ਟੀ. ਟੀ. ਦੀ ਤਰ੍ਹਾਂ ‘ਯੂ’, ‘7+’, ‘13+’, ‘16+’ ਤੋਂ ਲੈ ਕੇ ‘ਏ’ ਕੈਟਾਗਿਰੀ ਦੇ ਪ੍ਰੋਗਰਾਮ ਵੀ ਪ੍ਰਸਾਰਿਤ ਹੋ ਸਕਣਗੇ।

ਯੂਟਿਊਬ ’ਤੇ ਪੱਤਰਕਾਰਾਂ ਤੇ ਬਲਾਗਰਾਂ ਦੇ ਨਿਊਜ਼ ਚੈਨਲ ਵੀ ਦਾਇਰੇ ’ਚ ਹੋਣਗੇ
ਨਿਊਜ਼ ਜਾਂ ਕਰੰਟ ਅਫੇਅਰਜ਼ ’ਤੇ ਯੂਟਿਊਬ ਵਰਗੇ ਪਲੇਟਫਾਰਮ ’ਤੇ ਆਪਣਾ ਚੈਨਲ ਚਲਾਉਣ ਵਾਲੇ ਆਜ਼ਾਦ ਪੱਤਰਕਾਰਾਂ-ਬਲਾਗਰਾਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਆਨਲਾਈਨ ਪੇਪਰ, ਨਿਊਜ਼ ਪੋਰਟਲ, ਵੈੱਬਸਾਈਟ ਆਦਿ ’ਤੇ ਅਸਰ ਹੋਵੇਗਾ ਪਰ ਪੇਸ਼ੇਵਰ ਅਖ਼ਬਾਰ ਵਾਲੇ ਤੇ ਉਨ੍ਹਾਂ ਦੇ ਆਨਲਾਈਨ ਚੈਨਲ ਦਾਇਰੇ ਤੋਂ ਬਾਹਰ ਰੱਖੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh