ਪ੍ਰਸਿੱਧ ਕੋਰੀਓਗ੍ਰਾਫ਼ਰ ਸਰੋਜ ਖਾਨ ਦੀਆਂ ਅਜਿਹੀਆਂ ਹਰਕਤਾਂ ਨੂੰ ਦੇਖ ਕੇ ਮਾਂ ਸਮਝਦੀ ਸੀ ਪਾਗਲ

07/06/2020 9:04:56 AM

ਜਲੰਧਰ (ਬਿਊਰੋ) — ਮਰਹੂਮ ਸਰੋਜ ਖਾਨ ਭਾਵੇਂ ਇਸ ਦੁਨੀਆਂ 'ਚ ਨਹੀਂ ਰਹੇ ਪਰ ਉਨ੍ਹਾਂ ਦੇ ਕੰਮ ਨੂੰ ਲੈ ਕੇ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਡਾਂਸ ਦਾ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਅਤੇ ਕਰੀਅਰ ਨਾਲ ਸਬੰਧਤ ਕਈ ਦਿਲਚਸਪ ਗੱਲਾਂ ਦੱਸੀਆਂ ਸਨ। ਉਨ੍ਹਾਂ ਨੇ ਦੱਸਿਆ ਕਿ 'ਮੇਰਾ ਫ਼ਿਲਮੀ ਜੀਵਨ ਤਿੰਨ ਸਾਲ ਦੀ ਉਮਰ 'ਚ ਸ਼ੁਰੂ ਹੋਇਆ। ਮੇਰਾ ਪਰਿਵਾਰ ਇੱਕ ਰੂੜੀਵਾਦੀ ਪਰਿਵਾਰ ਸੀ, ਜਿਸ 'ਚ ਬੱਚਿਆਂ ਨੂੰ ਡਾਂਸ ਕਲਾਸ ਵਗੈਰਾ 'ਚ ਨਹੀਂ ਜਾਂਦਾ ਸੀ। ਮੇਰੀ ਮਾਂ ਲਈ ਮੈਂ ਇੱਕ ਸਨਕੀ ਸੀ। ਉਹ ਮੈਨੂੰ ਡਾਕਟਰ ਕੋਲ ਵੀ ਲੈ ਕੇ ਗਏ ਸਨ।

ਮੇਰੀ ਮਾਂ ਨੇ ਡਾਕਟਰ ਨੂੰ ਕਿਹਾ ਕਿ ਇਹ ਆਪਣਾ ਪਰਛਾਵਾਂ ਦੇਖ ਕੇ ਅਜੀਬ ਹਰਕਤਾਂ ਕਰਦੀ ਹੈ। ਡਾਕਟਰ ਨੇ ਕਿਹਾ ਕਿ ਇਹ ਡਾਂਸ ਕਰਨਾ ਚਾਹੁੰਦੀ ਹੈ। ਡਾਕਟਰ ਨੇ ਕਿਹਾ ਤੁਸੀਂ ਇਸ ਨੂੰ ਨੱਚਣ ਕਿਉਂ ਨਹੀਂ ਦਿੰਦੇ। ਤੁਸੀਂ ਰਿਫਿਊਜੀ ਹੋ ਤੁਹਾਨੂੰ ਪੈਸੇ ਦੀ ਲੋੜ ਵੀ ਹੈ। ਮੈਂ ਕਈ ਪ੍ਰੋਡਿਊਸਰਾਂ ਨੂੰ ਜਾਣਦਾ ਹਾਂ ਜੋ ਪੁੱਛਦੇ ਹਨ ਕਿ ਕੋਈ ਬੱਚਾ ਜੋ ਡਾਂਸ ਕਰ ਸਕਦਾ ਹੋਵੇ। ਮੈਂ ਕੋਸ਼ਿਸ਼ ਕਰਾਂਗਾ ਇਸ ਨੂੰ ਕੰਮ ਮਿਲ ਜਾਵੇ। ਡਾਕਟਰ ਨੇ ਵਾਅਦਾ ਪੂਰਾ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਆਪਣੇ ਸਮੇਂ ਦੀ ਉੱਘੀ ਅਦਾਕਾਰਾ ਸ਼ਾਮਾ ਦੇ ਬਚਪਨ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸਾਢੇ ਦਸ ਸਾਲ ਦੀ ਉਮਰ 'ਚ ਮੈਂ ਗਰੁੱਪ ਡਾਂਸਰ ਬਣ ਗਈ। ਅਸੀਂ ਇਸ ਨੂੰ ਗਰੁੱਪ ਡਾਂਸ ਕਹਿੰਦੇ ਸੀ ਤੁਸੀਂ ਇਸ ਨੂੰ ਬੈਕਗਰਾਊਂਡ ਡਾਂਸ ਕਹਿੰਦੇ ਹੋ। ਮੈਂ ਇਹ ਕੰਮ ਦੋ ਸਾਲ ਤੱਕ ਕੀਤਾ।''

ਇਸ ਤੋਂ ਅੱਗੇ ਕੋਰੀਓਗ੍ਰਾਫ਼ਰ ਸਰੋਜ ਖਾਨ ਨੇ ਦੱਸਿਆ ਸੀ, 'ਇਸ ਤੋਂ ਬਾਅਦ ਦੱਖਣ ਤੋਂ ਦੋ ਡਾਂਸ ਮਾਸਟਰ ਭਰਾਵਾਂ ਨਾਲ ਮੁਲਾਕਾਤ ਹੋਈ। ਬੀ ਹੀਰਾ ਲਾਲ ਅਤੇ ਪੀ ਸੋਹਨ ਲਾਲ ਆਏ। ਉਨ੍ਹਾਂ ਨੇ 'ਹੋਠੋਂ ਮੇਂ ਐਸੀ ਬਾਤ ਮੈਂ ਦਬਾ ਕੇ ਚਲੀ ਆਈ', 'ਜਿਊਲ ਥੀਫ', 'ਕਠਪੁਤਲੀ', 'ਚੜ੍ਹ ਗਇਓ ਪਾਪੀ ਬਿਛੂਆ', 'ਗਾਈਡ' ਤੇ 'ਸਨੇਕ ਡਾਂਸ' ਵਰਗੇ ਮਸ਼ਹੂਰ ਗੀਤ ਕੀਤੇ ਸਨ। ਉਨ੍ਹਾਂ ਨੇ ਮੈਨੂੰ ਡਾਂਸ ਕਰਦਿਆਂ ਦੇਖਿਆ ਅਤੇ ਮੈਨੂੰ ਆਪਣਾ ਅਸਿਸਟੈਂਟ ਬਣਨ ਦੀ ਪੇਸ਼ਕਸ਼ ਕੀਤੀ, ਜੋ ਮੈਂ ਮੰਨ ਲਈ ਸੀ। ਉਸ ਸਮੇਂ ਸ਼ਾਇਦ ਮੈਂ ਬਾਰਾਂ, ਸਾਢੇ ਬਾਰਾਂ ਸਾਲਾਂ ਦੀ ਹੋਵਾਂਗੀ। ਮਾਸਟਰ ਜੀ ਨਾਲ ਮੈਂ ਪਹਿਲੀ ਫ਼ਿਲਮ ਕਾਲਜ ਗਰਲ ਕੀਤੀ, ਜਿਸ 'ਚ ਵੈਜੰਤੀ ਮਾਲਾ ਅਤੇ ਸ਼ੰਮੀ ਕਪੂਰ ਸਨ।'

sunita

This news is Content Editor sunita