ਬੱਪੀ ਲਹਿਰੀ ਪੰਜ ਤੱਤਾਂ ''ਚ ਹੋਏ ਵਿਲੀਨ, ਪੁੱਤਰ ਨੇ ਨਮ ਅੱਖਾਂ ਨਾਲ ਦਿੱਤੀ ਮੁੱਖ ਅਗਨੀ

02/17/2022 3:34:44 PM

ਮੁੰਬਈ (ਬਿਊਰੋ) : ਦਿੱਗਜ ਗਾਇਕ ਬੱਪੀ ਲਹਿਰੀ ਬੀਤੇ ਮੰਗਲਵਾਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮੰਗਲਵਾਰ ਦੇਰ ਰਾਤ ਮੁੰਬਈ ਦੇ ਇੱਕ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋਈ। ਬੱਪੀ ਲਹਿਰੀ ਦੀ ਮੌਤ ਦੀ ਖ਼ਬਰ ਬੁੱਧਵਾਰ ਤੜਕੇ ਸਾਹਮਣੇ ਆਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਸੋਗ 'ਚ ਡੁੱਬ ਗਏ।

ਅੱਜ ਵੀਰਵਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ 'ਚ ਕੀਤਾ ਗਿਆ। ਇਹ ਮਹਾਨ ਗਾਇਕ ਪੰਜ ਤੱਤਾਂ 'ਚ ਵਿਲੀਨ ਹੋ ਗਿਆ ਹੈ।

ਦੱਸ ਦਈਏ ਕਿ ਬੱਪੀ ਲਹਿਰੀ ਦੇ ਪੁੱਤਰ ਬੱਪਾ ਨੇ ਨਮ ਅੱਖਾਂ ਨਾਲ ਪਿਤਾ ਨੂੰ ਮੁੱਖ ਅਗਨੀ ਦਿੱਤੀ। ਬੱਪੀ ਲਹਿਰੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਪੁੱਤਰ ਕਾਰਨ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਪੁੱਤਰ ਬੱਪਾ ਲਹਿਰੀ ਅਮਰੀਕਾ 'ਚ ਰਹਿੰਦਾ ਹੈ।

ਇਸ ਲਈ ਉਨ੍ਹਾਂ ਨੂੰ ਆਉਣ 'ਚ ਸਮਾਂ ਲੱਗ ਗਿਆ। ਬੱਪੀ ਲਹਿਰੀ ਦੀ ਮੌਤ ਕਾਰਨ ਬਾਲੀਵੁੱਡ ਫ਼ਿਲਮ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦੀ ਮੌਤ 'ਤੇ ਬਾਲੀਵੁੱਡ ਸਿਤਾਰੇ ਸੋਗ ਮਨਾ ਰਹੇ ਹਨ। ਬੱਪੀ ਲਹਿਰੀ ਦੀ ਅੰਤਿਮ ਵਿਦਾਈ 'ਚ ਕਈ ਫ਼ਿਲਮੀ ਸਿਤਾਰੇ ਵੀ ਪਹੁੰਚੇ।

ਬੱਪੀ ਲਹਿਰੀ ਦੀ ਅੰਤਿਮ ਵਿਦਾਈ 'ਚ ਸ਼ਕਤੀ ਕਪੂਰ, ਉਦਿਤ ਨਰਾਇਣ, ਵਿਦਿਆ ਬਾਲਨ, ਮੀਕਾ ਸਿੰਘ, ਵਿੰਦੂ ਦਾਰਾ ਸਿੰਘ, ਭੂਸ਼ਣ ਕੁਮਾਰ, ਸੁਨੀਲ ਪਾਲ ਅਤੇ ਗਾਇਕ ਸ਼ਾਨ ਸਮੇਤ ਕਈ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸਣਯੋਗ ਹੈ ਕਿ ਬੱਪੀ ਲਹਿਰੀ ਨੇ ਆਪਣੇ ਸਮਕਾਲੀ ਅੰਦਾਜ਼ ਨਾਲ ਮਿਊਜ਼ਿਕ ਇੰਡਸਟਰੀ 'ਚ ਚਾਰ ਚੰਦ ਲਗਾ ਦਿੱਤੇ ਸਨ। ਆਰ ਡੀ ਬਰਮਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ।

ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਜਿਵੇਂ 'ਚਲਤੇ ਚਲਤੇ', 'ਥਾਣੇਦਾਰ', 'ਸਾਹਬ', 'ਡਿਸਕੋ ਡਾਂਸਰ', 'ਸੈਲਾਬ' ਅਤੇ 'ਨਮਕ ਹਲਾਲ' ਲਈ ਸੰਗੀਤ ਦਿੱਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh