ਕੱਟੜ ਫੈਨਜ਼ ਦੀ ਗਿਣਤੀ ’ਚ ਸਭ ਤੋਂ ਮੋਹਰੀ ਨੇ ਬੱਬੂ ਮਾਨ, ਅਜਿਹਾ ਰਿਹੈ ਹੁਣ ਤਕ ਦਾ ਸਫਰ

03/29/2021 2:35:28 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਬੱਬੂ ਮਾਨ ਅੱਜ 46 ਸਾਲਾਂ ਦੇ ਹੋ ਗਏ ਹਨ। ਬੱਬੂ ਮਾਨ ਦਾ ਜਨਮ 29 ਮਾਰਚ, 1975 ਨੂੰ ਖੰਟ ਮਾਨਪੁਰ, ਪੰਜਾਬ ਵਿਖੇ ਹੋਇਆ। ਬੱਬੂ ਮਾਨ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ। ਸੂਝ-ਬੂਝ ਵਾਲੇ ਬੱਬੂ ਮਾਨ ਦੀ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ’ਚ ਵੱਖਰੀ ਹੀ ਟੌਹਰ ਹੈ। ਬੱਬੂ ਮਾਨ ਆਪਣੀ ਗਾਇਕੀ, ਲਿਖਤ ਤੇ ਆਪਣੀ ਅਦਾਕਾਰੀ ਦੇ ਨਾਲ-ਨਾਲ ਬੇਬਾਕੀ ਭਰੇ ਅੰਦਾਜ਼ ਕਰਕੇ ਵੀ ਜਾਣੇ ਜਾਂਦੇ ਹਨ।

ਬੱਬੂ ਮਾਨ ਦੇ ਕੱਟੜ ਫੈਨਜ਼ ਵੀ ਵੱਡੀ ਗਿਣਤੀ ’ਚ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੱਬੂ ਮਾਨ ਨੂੰ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤਕ ਹਰ ਵਰਗ ਵਲੋਂ ਸੁਣਿਆ ਜਾਂਦਾ ਹੈ। ਬੱਬੂ ਮਾਨ ਕਿਸਾਨਾਂ, ਮਜ਼ਦੂਰਾਂ, ਸਮਾਜਿਕ ਮੁੱਦਿਆਂ ’ਤੇ ਅਕਸਰ ਗੀਤ ਗਾਉਂਦੇ ਰਹਿੰਦੇ ਹਨ। ਇਹੀ ਨਹੀਂ ਦੁਨੀਆ ਭਰ ’ਚ ਚੱਲ ਰਹੇ ਮਸਲਿਆਂ ਨੂੰ ਵੀ ਬੱਬੂ ਮਾਨ ਆਪਣੀ ਕਲਮ ਨਾਲ ਗੀਤ ’ਚ ਇੰਝ ਪਿਰੋ ਲੈਂਦੇ ਹਨ ਕਿ ਹਰ ਕੋਈ ਸੋਚਣ ’ਤੇ ਮਜਬੂਰ ਹੋ ਜਾਂਦਾ ਹੈ।

ਬੱਬੂ ਮਾਨ 1997-98 ਤੋਂ ਪੰਜਾਬੀ ਸੰਗੀਤ ਜਗਤ ’ਚ ਸਰਗਰਮ ਹਨ। ਬੱਬੂ ਮਾਨ ਨੇ ਸ਼ੁਰੂਆਤੀ ਸਾਲਾਂ ’ਚ ‘ਸੱਜਣ ਰੁਮਾਲ ਦੇ ਗਿਆ’, ‘ਤੂੰ ਮੇਰੀ ਮਿਸ ਇੰਡੀਆ’ ਤੇ ‘ਸਾਉਣ ਦੀ ਝੜੀ’ ਵਰਗੇ ਸ਼ਾਨਦਾਰ ਗੀਤ ਦਿੱਤੇ। ਇਸ ਤੋਂ ਬਾਅਦ ਬੱਬੂ ਮਾਨ ਦੀ ਫੈਨ ਫਾਲੋਇੰਗ ਵੀ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ’ਚ ਬਣਦੀ ਗਈ। ਬੱਬੂ ਮਾਨ ਦੇ ਗੀਤ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੁੰਦੇ ਹਨ ਤੇ ਅਕਸਰ ਗੱਡੀਆਂ ਤੇ ਮੋਟਰਸਾਈਕਲਾਂ ’ਤੇ ਬੱਬੂ ਮਾਨ ਦੇ ਪੋਸਟਰ ਲੱਗੇ ਵੀ ਦੇਖੇ ਜਾਂਦੇ ਰਹਿੰਦੇ ਹਨ।

ਗੀਤਾਂ ਤੋਂ ਇਲਾਵਾ ਬੱਬੂ ਮਾਨ ਫ਼ਿਲਮਾਂ ’ਚ ਵੀ ਸਰਗਰਮ ਰਹਿੰਦੇ ਹਨ। ਬੱਬੂ ਮਾਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਹਵਾਏ’ ਫ਼ਿਲਮ ਨਾਲ ਕੀਤੀ ਸੀ। ‘ਹਵਾਏ’, ‘ਰੱਬ ਨੇ ਬਣਾਈਆਂ ਜੋੜੀਆਂ’, ‘ਹਸ਼ਰ’, ‘ਏਕਮ’ ਤੇ ‘ਬਾਜ਼’ ਬੱਬੂ ਮਾਨ ਦੀਆਂ ਕੁਝ ਚਰਚਿਤ ਫ਼ਿਲਮਾਂ ਹਨ।

ਬੱਬੂ ਮਾਨ ਕਿਸਾਨੀ ਨੂੰ ਕਿੰਨਾ ਪਿਆਰ ਕਰਦੇ ਹਨ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰ ਦਿੱਤੇ ਹਨ। ਬੱਬੂ ਮਾਨ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਕਿਸਾਨ ਅੰਦੋਲਨ ਸਬੰਧੀ ਰੋਜ਼ਾਨਾ ਪੋਸਟਾਂ ਦੇਖਣ ਨੂੰ ਮਿਲਦੀਆਂ ਹਨ। ਉਥੇ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰਕੇ ਵੀ ਬੱਬੂ ਮਾਨ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਨ।

ਬੱਬੂ ਮਾਨ ਆਮ ਲੋਕਾਂ ਦੇ ਨਾਲ-ਨਾਲ ਬਹੁਤ ਸਾਰੇ ਕਲਾਕਾਰਾਂ ਦੇ ਵੀ ਮਨਪਸੰਦ ਗਾਇਕ ਹਨ। ਕੁਝ ਨਵੇਂ ਗਾਇਕ ਬੱਬੂ ਮਾਨ ਨੂੰ ‘ਉਸਤਾਦ’ ਕਹਿ ਕੇ ਬੁਲਾਉਂਦੇ ਹਨ।

ਨੋਟ– ਬੱਬੂ ਮਾਨ ਦੀ ਕਿਸ ਚੀਜ਼ ਦੇ ਤੁਸੀਂ ਦੀਵਾਨੇ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh