ਜਾਣੋ ਐਮੀ ਵਿਰਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ, ਇੰਝ ਪਹੁੰਚੇ ਫਰਸ਼ ਤੋਂ ਅਰਸ਼ 'ਤੇ

05/11/2021 12:37:36 PM

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ 'ਚ ਪ੍ਰਸਿੱਧੀ ਖੱਟਣ ਵਾਲਾ ਨਿੱਕਾ ਜ਼ੈਲਦਾਰ ਯਾਨੀ ਕਿ ਐਮੀ ਵਿਰਕ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਐਮੀ ਦਾ ਜਨਮ 11 ਮਈ, 1992 'ਚ ਹੋਇਆ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਤੇ ਸ਼ਾਨਦਾਰ ਗੀਤਾਂ ਸਦਕਾ ਹਰ ਪਾਸੇ ਖ਼ਾਸ ਪਛਾਣ ਬਣਾਈ ਹੈ।

ਗਾਇਕੀ ਦੇ ਨਾਲ ਅਦਾਕਾਰੀ 'ਚ ਵੀ ਮਾਰੀਆਂ ਮੱਲਾਂ
ਐਮੀ ਵਿਰਕ ਇਕ ਪੰਜਾਬੀ ਗਾਇਕ ਤੇ ਅਦਾਕਾਰ ਹੈ, ਜੋ ਅੱਜ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਸਰਗਰਮ ਹੈ। ਉਸ ਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਤੇ ਅਦਾਕਾਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਐਮੀ ਵਿਰਕ 'ਨਿੱਕਾ ਜ਼ੈਲਦਾਰ' ਸੀਰੀਜ਼ ਦੇ ਨਾਲ-ਨਾਲ 'ਕਿਸਮਤ' ਵਰਗੀ ਸ਼ਾਨਦਾਰ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਐਮੀ ਹਿੰਦੀ ਫ਼ਿਲਮਾਂ 'ਚ ਵੀ ਜਲਦ ਨਜ਼ਰ ਆਉਣ ਵਾਲੇ ਹਨ।

ਅਮਨਿੰਦਰਪਾਲ ਸਿੰਘ ਵਿਰਕ ਤੋਂ ਬਣੇ ਐਮੀ ਵਿਰਕ
ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਹੈ। 26 ਸਾਲਾ ਐਮੀ ਵਿਰਕ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਏ ਸਨ ਪਰ ਉਨ੍ਹਾਂ ਦੀ ਗਾਇਕੀ ਦੇ ਸ਼ੌਕ ਨੇ ਉਨ੍ਹਾਂ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ।

'ਅੰਗਰੇਜ਼' ਨਾਲ ਕੀਤੀ ਪੰਜਾਬੀ ਫ਼ਿਲਮ ਇੰਡਸਟਰੀ 'ਚ ਸ਼ੁਰੂਆਤ
ਐਮੀ ਵਿਰਕ ਨੇ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਅੰਗਰੇਜ਼' ਨਾਲ ਕੀਤੀ ਸੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ ਰਿਲੀਜ਼ ਹੁੰਦੀਆਂ ਗਈਆਂ।

ਸਿੰਗਲ ਟਰੈਕ ਨਾਲ ਕੀਤੀ ਗਾਇਕੀ ਸਫਰ ਦੀ ਸ਼ੁਰੂਆਤ
ਐਮੀ ਵਿਰਕ ਨੇ ਸਿੰਗਲ ਟਰੈਕ ਨਾਲ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ, ਜੋ ਕਿ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਿਤ ਹੋਇਆ। ਇਸ ਤੋਂ ਬਾਅਦ 'ਯਾਰ ਅਮਲੀ' ਤੇ 'ਜੱਟ ਦਾ ਸਹਾਰਾ' ਵਰਗੇ ਹੋਰ ਗੀਤਾਂ ਨੇ ਉਨ੍ਹਾਂ ਨੂੰ ਦੁਨੀਆਂ ਭਰ 'ਚ ਮਸ਼ਹੂਰ ਕੀਤਾ।

ਇਹ ਹਨ ਸੁਪਰਹਿੱਟ ਫ਼ਿਲਮਾਂ
ਐਮੀ ਵਿਰਕ ਨੇ ਕਈ ਸੁਪਰਹਿੱਟ ਗੀਤਾਂ ਤੋਂ ਬਾਅਦ ਪੰਜਾਬੀ ਫ਼ਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਤੇ ਸ਼ੋਹਰਤ ਹਾਸਲ ਕੀਤੀ। ਪੰਜਾਬੀ ਫ਼ਿਲਮਾਂ ਦੇ ਸਦਕਾ ਐਮੀ ਵਿਰਕ ਨੇ ਬੁਲੰਦੀਆਂ ਨੂੰ ਛੂਹਇਆ। ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ', 'ਮੁਕਲਾਵਾ', 'ਕਿਸਮਤ', 'ਹਰਜੀਤਾ', 'ਲੌਂਗ ਲਾਚੀ', 'ਸਤਿ ਸ੍ਰੀ ਅਕਾਲ ਇੰਗਲੈਂਡ', 'ਨਿੱਕਾ ਜ਼ੈਲਦਾਰ 2', 'ਸਾਬ੍ਹ ਬਹਾਦਰ' ਤੇ 'ਸੁਫ਼ਨਾ' ਵਰਗੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ 'ਨਿੱਕਾ ਜ਼ੈਲਦਾਰ' ਵੀ ਲੋਕਾਂ ਨੂੰ ਖੂਬ ਪਸੰਦ ਆਈ।

ਕਪਿਲ ਦੇਵ ਦੀ ਬਾਇਓਪਿਕ ਨਾਲ ਕਰ ਰਹੇ ਨੇ ਬਾਲੀਵੁੱਡ 'ਚ ਡੈਬਿਊ
ਐਮੀ ਵਿਰਕ ਦੇ ਚਰਚੇ ਹੁਣ ਬਾਲੀਵੁੱਡ 'ਚ ਵੀ ਹੋਣ ਲੱਗੇ ਹਨ। ਗਾਇਕੀ ਦੇ ਵਾਂਗ ਹੀ ਫ਼ਿਲਮਾਂ ਦੀ ਵੀ ਪੂਰੀ ਸਮਝ ਰੱਖਣ ਵਾਲੇ ਐਮੀ ਵਿਰਕ 'ਤੇ ਹੁਣ ਬਾਲੀਵੁੱਡ ਫ਼ਿਲਮ ਇੰਡਸਟਰੀ ਦੀ ਨਜ਼ਰ ਪਈ ਹੈ। ਐਮੀ ਵਿਰਕ ਕਪਿਲ ਦੇਵ 'ਤੇ ਆਧਾਰਿਤ ਫ਼ਿਲਮ '83' ਦੀ ਸ਼ੂਟਿੰਗ ਕਰ ਚੁੱਕੇ ਹਨ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਹ 'ਭੁਜ' ਵਰਗੀ ਬਾਲੀਵੁੱਡ ਫ਼ਿਲਮ 'ਚ ਵੀ ਨਜ਼ਰ ਆਉਣਗੇ।

ਫ਼ਿਲਮ 'ਸੁਫ਼ਨਾ' ਨਾਲ ਖੱਟੀ ਖੂਬ ਵਾਹ-ਵਾਹੀ
ਜਗਦੀਪ ਸਿੱਧੂ ਦੀ ਫ਼ਿਲਮ 'ਸੁਫ਼ਨਾ' ਪਿਛਲੇ ਸਾਲ ਫਰਵਰੀ ਮਹੀਨੇ 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ 'ਚ ਐਮੀ ਵਿਰਕ ਤੇ ਤਾਨੀਆ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ। ਪੰਜ ਪਾਣੀ ਫਿਲਮਜ਼ ਦੇ ਬੈਨਰ ਹੇਠ ਬਣੀ 'ਸੁਫ਼ਨਾ' ਨੂੰ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਨੇ ਪ੍ਰੋਡਿਊਸ ਕੀਤਾ ਸੀ।

ਨੋਟ- ਐਮੀ ਵਿਰਕ ਦੀ ਇਸ ਖ਼ਬਰ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita