ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਦੀ ਮਦਦ ਲਈ ਅਕਸ਼ੇ ਕੁਮਾਰ ਆਏ ਅੱਗੇ, ਦਿੱਤੇ 50 ਲੱਖ ਰੁਪਏ

07/23/2021 9:43:47 AM

ਮੁੰਬਈ (ਬਿਊਰੋ)– ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਲਾਕਾਰਾਂ ਦੀ ਮਦਦ ਲਈ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਅੱਗੇ ਆ ਕੇ 50 ਲੱਖ ਰੁਪਏ ਦਾ ਸਹਿਯੋਗ ਕਰਦਿਆਂ ਕਲਾ ਜਗਤ ਦੀਆਂ ਹੋਰ ਤਮਾਮ ਹਸਤੀਆਂ ਨੂੰ ਇਸ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਅਕਸ਼ੇ ਕੁਮਾਰ ਨੇ ਕਲਾਕਾਰਾਂ ਦੀ ਮਦਦ ਲਈ ਸੰਸਕਾਰ ਭਾਰਤੀ ਵਲੋਂ ਚਲਾਏ ਜਾ ਰਹੇ ‘ਪੀਰ ਪਰਾਈ ਜਾਨੇ ਰੇ’ ਮੁਹਿੰਮ ਦੀ ਹਿਮਾਇਤ ਕਰਦਿਆਂ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ, ‘ਕੋਰੋਨਾ ਮਹਾਮਾਰੀ ਨੇ ਕਲਾਕਾਰਾਂ ਦੇ ਸਾਹਮਣੇ ਆਰਥਿਕ ਸਮੱਸਿਆ ਪੈਦਾ ਕਰ ਦਿੱਤੀ ਹੈ। ਇਸ ਲਈ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਹੈ। ਕਲਾਕਾਰ ਹਮੇਸ਼ਾ ਦੇਸ਼ ਲਈ ਖੜ੍ਹਾ ਰਹਿੰਦਾ ਹੈ। ਇਸ ਲਈ ਭਾਰਤ ਦਾ ਸਮਾਜ ਵੀ ਜ਼ਰੂਰਤ ਪੈਣ ’ਤੇ ਕਲਾਕਾਰਾਂ ਨਾਲ ਖੜ੍ਹਾ ਹੋਵੇਗਾ।’

ਮਹਾਭਾਰਤ ਦੇ ‘ਮੈਂ ਸਮਾਂ ਹੂੰ’ ਦੀ ਆਵਾਜ਼ ਤੇ ਪ੍ਰਸਿੱਧ ਹਿੰਦੂ ਵਿਦਵਾਨ ਹਰੀਸ਼ ਭਿਮਾਨੀ ਨੇ ਵੀ ਅੱਗੇ ਆਉਂਦਿਆਂ ਪੰਜ ਲੱਖ ਰੁਪਏ ਦਾ ਸਹਿਯੋਗ ਕਰਦਿਆਂ ਕਲਾ ਜਗਤ ਦੀਆਂ ਹੋਰ ਹਸਤੀਆਂ ਨੂੰ ਇਸ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਯਾਦ ਰਹੇ ਕਿ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਤੇ ਲੋਕ ਗਾਇਕ ਮਨੋਜ ਤਿਵਾੜੀ ਨੇ ਵੀ ਇਸ ਮੁਹਿੰਮ ਨੂੰ ਆਪਣੀ ਹਿਮਾਇਤ ਦਿੰਦਿਆਂ 10 ਲੱਖ ਰੁਪਏ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੈ। ਬੀਤੇ ਦੋ ਹਫ਼ਤੇ ਪਹਿਲਾਂ ਹੀ ਗੀਤਕਾਰ ਮਨੋਜ ਮੁੰਤਸ਼ਿਰ ਤੇ ਲੋਕ ਗਾਇਕਾ ਮਾਲਿਨੀ ਅਵਸਥੀ ਵਲੋਂ ਸੰਚਾਲਿਤ ਆਭਾਸੀ ਕਨਸਰਟ ’ਚ ਸੰਗੀਤ, ਸਿਨੇਮਾ, ਡਾਂਸ ਤੇ ਹੋਰ ਕਲਾ ਜਗਤ ਦੇ ਕਈ ਵੱਡੇ ਨਾਮ ਆਪਣੀ ਪੇਸ਼ਕਾਰੀ ਦੇ ਨਾਲ ਇਸ ਮੁਹਿੰਮ ਦੀ ਹਿਮਾਇਤ ’ਚ ਜੁੜੇ ਸਨ। ਕਲਾਸਾਧਕਾਂ ਦੀ ਸਹਾਇਤਾ ਲਈ ਬਣਾਈ ‘ਪੀਰ ਪਰਾਈ ਜਾਨੇ ਰੇ’ ਕਮੇਟੀ ਦੇ ਪ੍ਰਧਾਨ ਪ੍ਰਸਿੱਧ ਸੂਫ਼ੀ ਗਾਇਕ ਤੇ ਸੰਸਦ ਮੈਂਬਰ ਹੰਸ ਰਾਜ ਹੰਸ ਤੇ ਸਕੱਤਰ ਭੁਪੇਂਦਰ ਕੌਸ਼ਿਕ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh