ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਅਕਸ਼ੈ ਕੁਮਾਰ, ਗੌਤਮ ਗੰਭੀਰ ਦੀ ਸੰਸਥਾ ਨੂੰ ਦਾਨ ਕੀਤੇ 1 ਕਰੋੜ

04/25/2021 4:13:42 PM

ਮੁੰਬਈ: ਦੇਸ਼ ਇਕ ਵਾਰ ਫਿਰ ਕੋਰੋਨਾ ਵਰਗੀ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਕਮੀ ਆ ਗਈ। ਦੇਸ਼ ਦੀ ਇਸ ਆਰਥਿਕ ਸੰਕਟ ਵਾਲੀ ਸਥਿਤੀ ’ਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ।


ਅਜਿਹੇ ’ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੋਰੋਨਾ ਪੀੜਤਾਂ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ। ਹਾਲ ਹੀ ’ਚ ਕ੍ਰਿਕਟਰ ਅਤੇ ਪੂਰਬੀ ਦਿੱਲੀ ਦੇ ਸਾਂਸਦ ਗੌਤਮ ਗੰਭੀਰ ਨੇ ਦੱਸਿਆ ਹੈ ਕਿ ਅਕਸ਼ੈ ਕੁਮਾਰ ਨੇ ਖਾਣੇ, ਦਵਾਈਆਂ ਅਤੇ ਆਕਸੀਜਨ ਲਈ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। 


24 ਅਪ੍ਰੈਲ ਨੂੰ ਗੌਤਮ ਗੰਭੀਰ ਨੇ ਟਵੀਟ ਕਰਕੇ ਕਿਹਾ ਕਿ ‘ਇਸ ਦੁੱਖਦ ਸਮੇਂ ’ਚ ਹਰੇਕ ਮਦਦ ਉਮੀਦ ਦੀ ਇਕ ਕਿਰਨ ਦੀ ਤਰ੍ਹਾਂ ਹੈ। ਅਕਸ਼ੈ ਕੁਮਾਰ ਦਾ ਧੰਨਵਾਦ ਜਿਨ੍ਹਾਂ ਨੇ ਲੋੜਵੰਦਾਂ ਲਈ ਗੌਤਮ ਗੰਭੀਰ ਫਾਊਂਡੇਸ਼ਨ ਨੂੰ ਖਾਣਾ, ਦਵਾਈਆਂ ਅਤੇ ਆਕਸੀਜਨ ਲਈ ਇਕ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਭਗਵਾਨ ਉਨ੍ਹਾਂ ਨੂੰ ਆਸ਼ੀਰਵਾਦ ਦੇਣ’।


ਅਕਸ਼ੈ ਕੁਮਾਰ ਨੇ ਵੀ ਗੰਭੀਰ ਨੂੰ ਟਵੀਟ ਦਾ ਰਿਪਲਾਈ ਕੀਤਾ ਹੈ। ਅਕਸ਼ੈ ਨੇ ਲਿਖਿਆ ਕਿ ‘ਇਹ ਸੱਚ ’ਚ ਬਹੁਤ ਮੁਸ਼ਕਿਲ ਸਮਾਂ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਮਦਦ ਕਰ ਸਕਦਾ ਹਾਂ। ਉਮੀਦ ਹੈ ਕਿ ਅਸੀਂ ਜਲਦ ਹੀ ਇਸ ਮੁਸ਼ਕਿਲ ਸਮੇਂ ’ਚੋਂ ਬਾਹਰ ਆਵਾਂਗੇ। ਸੁਰੱਖਿਅਤ ਰਹੋ’।


ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਅਕਸ਼ੈ ਨੇ ਇਸ ਤਰ੍ਹਾਂ ਨਾਲ ਮਦਦ ਦੀ ਪੇਸ਼ਕਸ਼ ਕੀਤੀ ਹੋਵੇ। ਬੀਤੇ ਸਾਲ ਕੋਵਿਡ ਦੌਰਾਨ ਦੇਸ਼ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਅਕਸ਼ੈ ਕੁਮਾਰ ਨੇ ਪੀ.ਐੱਮ. ਕੇਅਰਸ ਫੰਡ ’ਚ 25 ਕਰੋੜ ਰੁਪਏ ਦੀ ਭਾਰੀ ਰਾਸ਼ੀ ਦਾਨ ਕੀਤੀ ਸੀ। ਇਸ ਤੋਂ ਇਲਾਵਾ ਸਾਲ 2020 ’ਚ ਬਿਹਾਰ ਅਤੇ ਅਸਾਮ ’ਚ ਹੜ੍ਹ ਪੀੜਤਾਂ ਦੀ ਮਦਦ ਲਈ ਇਕ-ਇਕ ਕਰੋੜ ਰੁਪਏ ਦਾਨ ਕੀਤੇ ਸਨ। 

Aarti dhillon

This news is Content Editor Aarti dhillon