ਬੇਹੱਦ ਮਜ਼ੇਦਾਰ ਰਿਹੈ ਐਸ਼ਵਰਿਆ ਦਾ ਮਾਡਲਿੰਗ ਤੇ ਫ਼ਿਲਮਾਂ ’ਚ ਆਉਣ ਦਾ ਸਫਰ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

11/01/2021 1:34:14 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਤੇ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਰਹੀ ਹੈ। ਉਨ੍ਹਾਂ ਨੇ ਆਪਣੇ ਪੂਰੇ ਫ਼ਿਲਮੀ ਕਰੀਅਰ ’ਚ ਆਪਣੀ ਖ਼ੂਬਸੂਰਤੀ ਤੇ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ’ਚ ਹਮੇਸ਼ਾ ਇਕ ਖ਼ਾਸ ਜਗ੍ਹਾ ਬਣਾਈ ਹੈ। ਐਸ਼ਵਰਿਆ ਰਾਏ ਬੱਚਨ ਦਾ ਜਨਮ 1 ਨਵੰਬਰ, 1973 ਨੂੰ ਮੰਗਲੌਰ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕ੍ਰਿਸ਼ਨਰਾਜ ਰਾਏ ਫ਼ੌਜ ’ਚ ਜੀਵ ਵਿਗਿਆਨੀ ਸਨ। ਐਸ਼ਵਰਿਆ ਰਾਏ ਬੱਚਨ ਦੇ ਜਨਮ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੁੰਬਈ ਸ਼ਿਫਟ ਹੋ ਗਿਆ।

ਇਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਪੂਰੀ ਪੜ੍ਹਾਈ ਮੁੰਬਈ ਤੋਂ ਕੀਤੀ। ਐਸ਼ਵਰਿਆ ਰਾਏ ਬੱਚਨ ਆਪਣੇ ਸਕੂਲ ਦੇ ਦਿਨਾਂ ਦੌਰਾਨ ਮੈਡੀਕਲ ਦੀ ਪੜ੍ਹਾਈ ਵੱਲ ਵਧੇਰੇ ਝੁਕਾਅ ਰੱਖਦੀ ਸੀ। ਜਦੋਂ ਉਹ ਨੌਵੀਂ ਜਮਾਤ ’ਚ ਸੀ ਤਾਂ ਉਹ ਇਕ ਟੀ. ਵੀ. ਐਡ ’ਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਨੇ ਵੀ ਕਲਾਕਾਰ ਬਣਨ ਦਾ ਮਨ ਬਣਾ ਲਿਆ ਤੇ ਉਸ ਨੇ ਇਸ ਦੀ ਪੜ੍ਹਾਈ ਲਈ ਕਾਲਜ ’ਚ ਦਾਖ਼ਲਾ ਲਿਆ। ਇਸ ਦੇ ਲਈ ਉਨ੍ਹਾਂ ਨੇ ਰਚਨਾ ਸੰਸਦ ਅਕੈਡਮੀ ’ਚ ਦਾਖ਼ਲਾ ਲਿਆ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦਾ ਮਨ ਮਾਡਲਿੰਗ ’ਚ ਆਉਣ ਲੱਗਾ।

ਐਸ਼ਵਰਿਆ ਰਾਏ ਬੱਚਨ ਨੇ ਆਪਣੇ ਕਾਲਜ ਟੀਚਰ ਦੇ ਕਹਿਣ ’ਤੇ ਪਹਿਲੀ ਵਾਰ ਮਾਡਲਿੰਗ ਕੀਤੀ ਸੀ। ਅਸਲ ’ਚ ਅਦਾਕਾਰਾ ਦਾ ਇਕ ਅਧਿਆਪਕ ਇਕ ਫੋਟੋਗ੍ਰਾਫਰ ਸੀ। ਉਸ ਨੂੰ ਆਪਣੇ ਇਕ ਪ੍ਰਾਜੈਕਟ ਲਈ ਫੋਟੋਸ਼ੂਟ ਦੀ ਲੋੜ ਸੀ। ਅਜਿਹੇ ’ਚ ਹਮੇਸ਼ਾ ਖ਼ੂਬਸੂਰਤ ਨਜ਼ਰ ਆਉਣ ਵਾਲੀ ਐਸ਼ਵਰਿਆ ਰਾਏ ਬੱਚਨ ਨੂੰ ਟੀਚਰ ਨੇ ਆਪਣੇ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਉਣ ਲਈ ਕਿਹਾ। ਇਸ ਫੋਟੋਸ਼ੂਟ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਦਾ ਦਿਮਾਗ ਹੌਲੀ-ਹੌਲੀ ਮਾਡਲਿੰਗ ਵੱਲ ਵਧਣ ਲੱਗਾ ਤੇ ਉਸ ਨੇ ਕਲਾਕਾਰ ਦੀ ਪੜ੍ਹਾਈ ਛੱਡ ਕੇ ਮਾਡਲਿੰਗ ਸ਼ੁਰੂ ਕਰ ਦਿੱਤੀ।

ਐਸ਼ਵਰਿਆ ਰਾਏ ਬੱਚਨ ਨੇ ਸਾਲ 1994 ’ਚ ‘ਮਿਸ ਵਰਲਡ’ ਦਾ ਖਿਤਾਬ ਜਿੱਤ ਕੇ ਪੂਰੀ ਦੁਨੀਆ ’ਚ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਇਸ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਨੂੰ ਪੂਰੀ ਦੁਨੀਆ ’ਚ ਖ਼ਾਸ ਤੇ ਵੱਖਰੀ ਪਛਾਣ ਮਿਲੀ। ਮਾਡਲਿੰਗ ਤੋਂ ਬਾਅਦ ਉਸ ਨੇ ਅਦਾਕਾਰੀ ਦੀ ਦੁਨੀਆ ’ਚ ਆਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1997 ’ਚ ਮਣੀ ਰਤਨਮ ਦੀ ਫ਼ਿਲਮ ਇਰੁਵਰ ਨਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ’ਚ ਕਈ ਸ਼ਾਨਦਾਰ ਫ਼ਿਲਮਾਂ ’ਚ ਕੰਮ ਕੀਤਾ।

ਐਸ਼ਵਰਿਆ ਰਾਏ ਬੱਚਨ ਨੇ 1998 ’ਚ ਆਈ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਨਾਲ ਬਾਲੀਵੁੱਡ ’ਚ ਆਪਣੀ ਖ਼ਾਸ ਜਗ੍ਹਾ ਬਣਾਈ ਸੀ। ਇਸ ਫ਼ਿਲਮ ’ਚ ਉਨ੍ਹਾਂ ਨਾਲ ਸਲਮਾਨ ਖ਼ਾਨ ਤੇ ਅਜੇ ਦੇਵਗਨ ਮੁੱਖ ਭੂਮਿਕਾਵਾਂ ’ਚ ਸਨ। ਇਸ ਫ਼ਿਲਮ ਲਈ ਐਸ਼ਵਰਿਆ ਰਾਏ ਬੱਚਨ ਨੂੰ ਫ਼ਿਲਮਫੇਅਰ ਸਰਵੋਤਮ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਉਸ ਨੇ ‘ਤਾਲ’, ‘ਜੋਸ਼’, ‘ਹਮਾਰਾ ਦਿਲ ਆਪਕੇ ਪਾਸ ਹੈ’, ‘ਮੁਹੱਬਤੇਂ’, ‘ਦੇਵਦਾਸ’, ‘ਧੂਮ 2’, ‘ਗੁਰੂ’, ‘ਜੋਧਾ ਅਕਬਰ’, ‘ਗੁਜ਼ਾਰਿਸ਼’ ਤੇ ‘ਸਰਬਜੀਤ’ ਸਮੇਤ ਕਈ ਹਿੱਟ ਫ਼ਿਲਮਾਂ ’ਚ ਕੰਮ ਕੀਤਾ। ਐਸ਼ਵਰਿਆ ਰਾਏ ਬੱਚਨ ਇਹ ਖਿਤਾਬ ਹਾਸਲ ਕਰਨ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਤੇ ਦੂਜੀ ਭਾਰਤੀ ਹੈ। ਇਸ ਤੋਂ ਪਹਿਲਾਂ ਰੀਟਾ ਫਾਰੀਆ ਨੇ 1966 ’ਚ ਭਾਰਤ ਲਈ ਇਹ ਖਿਤਾਬ ਜਿੱਤਿਆ ਸੀ ਪਰ ਉਨ੍ਹਾਂ ਨੇ ਫ਼ਿਲਮਾਂ ’ਚ ਕਦਮ ਨਹੀਂ ਰੱਖਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh