ਰੀਆ ਤੋਂ ਬਾਅਦ ਹੁਣ ਉਸ ਦੇ ਭਰਾ ਦੀ ਜ਼ਮਾਨਤ ਨੂੰ ਲੈ ਕੇ ਐੱਨ. ਸੀ. ਬੀ. ਨੇ ਬੰਬੇ ਹਾਈਕੋਰਟ ’ਚ ਦਿੱਤੀ ਚੁਣੌਤੀ

03/18/2021 11:16:08 AM

ਮੁੰਬਈ (ਬਿਊਰੋ)– ਐੱਨ. ਸੀ. ਬੀ. ਨੇ ਡਰੱਗਸ ਮਾਮਲੇ ’ਚ ਗ੍ਰਿਫ਼ਤਾਰ ਹੋਈ ਰੀਆ ਚੱਕਰਵਰਤੀ ਤੇ ਉਸ ਦੇ ਛੋਟੇ ਭਰਾ ਸ਼ੌਵਿਕ ਦੀ ਜ਼ਮਾਨਤ ਨੂੰ ਬੰਬੇ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ। ਐੱਨ. ਸੀ. ਬੀ. ਨੇ ਦੋਵਾਂ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ।

ਮਾਮਲੇ ’ਚ ਐੱਨ. ਸੀ. ਬੀ. ਨੇ ਕਿਹਾ ਕਿ ਐੱਨ. ਡੀ. ਪੀ. ਐੱਸ. ਐਕਟ ਨਾਲ ਸਬੰਧਤ ਵਿਸ਼ੇਸ਼ ਅਦਾਲਤ ਨੇ ਪਿਛਲੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਤੇ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਨੂੰ ਜ਼ਮਾਨਤ ਦੇ ਦਿੱਤੀ ਪਰ ਅਕਤੂਬਰ 2020 ’ਚ ਬੰਬੇ ਹਾਈਕੋਰਟ ਨੇ ਹੀ ਸ਼ੌਵਿਕ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਹੁਣ ਇਕ ਵਾਰ ਮੁੜ ਐੱਨ. ਸੀ. ਬੀ. ਨੇ ਇਸ ਮਾਮਲੇ ’ਚ ਵੱਡਾ ਕਦਮ ਚੁੱਕਦਿਆਂ ਸ਼ੌਵਿਕ ਦੇ ਨਾਲ 8 ਲੋਕਾਂ ਦੀ ਜ਼ਮਾਨਤ ਨੂੰ ਵੀ ਬੰਬੇ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ।

ਦੱਸਣਯੋਗ ਹੈ ਕਿ ਐੱਨ. ਸੀ. ਬੀ. ਨੇ ਬੀਤੇ ਮੰਗਲਵਾਰ ਨੂੰ ਰੀਆ ਨੂੰ ਮਿਲੀ ਜ਼ਮਾਨਤ ’ਤੇ ਬੰਬੇ ਹਾਈਕੋਰਟ ਦੇ ਫ਼ੈਸਲੇ ’ਤੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਉਥੇ ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕ ਇਕ ਵਾਰ ਮੁੜ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਦੀ ਮੰਗ ਚੁੱਕ ਰਹੇ ਹਨ।

ਇਸ ਮਾਮਲੇ ’ਚ ਸੂਰਿਆਦੀਪ ਮਲਹੋਤਰਾ, ਜ਼ੈਦ ਵਿਲਾਤਰਾ ਤੇ ਅਬਦੁਲ ਵਾਸਿਤ ਪਰਿਹਾਰ ਵਰਗੇ ਲੋਕਾਂ ਨੂੰ ਐੱਨ. ਸੀ. ਬੀ. ਨੇ ਗ੍ਰਿਫ਼ਤਾਰ ਕੀਤਾ ਸੀ। ਸੂਰਿਆਦੀਪ ਸ਼ੌਵਿਕ ਚੱਕਰਵਰਤੀ ਦੇ ਬਚਪਨ ਦਾ ਦੋਸਤ ਹੈ ਤੇ ਰੀਆ ਚੱਕਰਵਰਤੀ ਲਗਭਗ ਇਕ ਸਾਲ ਤੋਂ ਸੁਸ਼ਾਂਤ ਨਾਲ ਰਿਸ਼ਤੇ ’ਚ ਸੀ। ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਨੇ ਰੀਆ ਦੇ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਤੇ ਧੋਖਾਧੜੀ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਫਿਲਹਾਲ ਸੀ. ਬੀ. ਆਈ. ਮਾਮਲੇ ਦੀ ਜਾਂਚ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਲਗਾਤਾਰ ਲੋਕ ਸੁਸ਼ਾਂਤ ਸਿੰਘ ਰਾਜਪੂਤ ਤੇ ਦਿਸ਼ਾ ਸਲੀਅਨ ਲਈ ਨਿਆਂ ਮੰਗ ਰਹੇ ਹਨ।

ਨੋਟ– ਸੁਸ਼ਾਂਤ ਕੇਸ ’ਚ ਰੀਆ ਚੱਕਰਵਰਤੀ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh