PM ਨਰਿੰਦਰ ਮੋਦੀ ਦੇ ਮੁਰੀਦ ਹੋਏ ਆਮਿਰ ਖ਼ਾਨ, ‘ਮਨ ਕੀ ਬਾਤ @100’ ਕਨਕਲੇਵ ’ਚ ਆਖੀ ਇਹ ਗੱਲ

04/26/2023 1:18:29 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ‘ਮਨ ਕੀ ਬਾਤ @100’ ਕਨਕਲੇਵ ’ਚ ਸ਼ਾਮਲ ਹੋਏ ਹਨ। ਜਿਥੇ ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਉਥੇ ਹੀ ਇਸ ਵੀਡੀਓ ’ਚ ਆਮਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਆਮਿਰ ਖ਼ਾਨ ਨੇ ਆਲ ਇੰਡੀਆ ਰੇਡੀਓ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਮਨ ਕੀ ਬਾਤ’ ਦੀ ਤਾਰੀਫ਼ ਕੀਤੀ ਹੈ। ‘ਮਨ ਕੀ ਬਾਤ’ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਆਲ ਇੰਡੀਆ ਰੇਡੀਓ ’ਤੇ ਪ੍ਰਸਾਰਿਤ ਹੁੰਦਾ ਹੈ, ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਸੀਆਂ ਨਾਲ ਗੱਲਬਾਤ ਕਰਦੇ ਹਨ।

ਆਮਿਰ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੀਤੀ ਤਾਰੀਫ਼
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ‘ਮਨ ਕੀ ਬਾਤ @100’ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਸ਼ੋਅ ‘ਮਨ ਕੀ ਬਾਤ’ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ‘ਮਨ ਕੀ ਬਾਤ’ ਦਾ ਭਾਰਤ ਦੇ ਲੋਕਾਂ ’ਤੇ ਡੂੰਘਾ ਪ੍ਰਭਾਵ ਪਿਆ ਹੈ ਤੇ ਇਹ ਇਕ ਇਤਿਹਾਸਕ ਕੰਮ ਬਣ ਗਿਆ ਹੈ, ਜਿਸ ਦੀ ਸ਼ੁਰੂਆਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਸੋਗ 'ਚ, ਮੀਕਾ ਸਿੰਘ ਤੇ ਅਫਸਾਨਾ ਸਣੇ ਇਨ੍ਹਾਂ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

ਵੀਡੀਓ ’ਚ ਆਮਿਰ ਖ਼ਾਨ ਦੇ ਨਾਲ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਵੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ‘ਮਨ ਕੀ ਬਾਤ’ 3 ਅਕਤੂਬਰ, 2014 ਨੂੰ ਆਲ ਇੰਡੀਆ ਰੇਡੀਓ ’ਤੇ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਹ ਪ੍ਰੋਗਰਾਮ ਹਰ ਮਹੀਨੇ ਪ੍ਰਸਾਰਿਤ ਕੀਤਾ ਜਾਂਦਾ ਹੈ। ‘ਮਨ ਕੀ ਬਾਤ @100’ ’ਚ ਸਿਆਸਤਦਾਨਾਂ ਤੋਂ ਇਲਾਵਾ ਖੇਡ ਜਗਤ ਤੇ ਸੰਗੀਤ ਜਗਤ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ।

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ ਆਖਰੀ ਫ਼ਿਲਮ ‘ਲਾਲ ਸਿੰਘ ਚੱਢਾ’ ਸਾਲ 2022 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ’ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਦੀ ਜੋੜੀ ਸੀ। ਕਰੀਨਾ-ਆਮਿਰ ਦੀ ਹਿੱਟ ਜੋੜੀ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈ।

‘ਲਾਲ ਸਿੰਘ ਚੱਢਾ’ ਲਈ ਆਮਿਰ ਨੇ ਕਾਫੀ ਮਿਹਨਤ ਕੀਤੀ ਤੇ ਲੰਮੀ ਬ੍ਰੇਕ ਤੋਂ ਬਾਅਦ ਵੱਡੇ ਪਰਦੇ ’ਤੇ ਵਾਪਸੀ ਕੀਤੀ। ਆਮਿਰ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਸ ’ਚ ‘ਦੰਗਲ’ ਦਾ ਨਾਂ ਆਉਂਦਾ ਹੈ। ਸਾਲ 2016 ’ਚ ਰਿਲੀਜ਼ ਹੋਈ ‘ਦੰਗਲ’ ਨੇ ਦੁਨੀਆ ਭਰ ’ਚ ਚੰਗੀ ਕਲੈਕਸ਼ਨ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh