ਸਕਾਟਲੈਂਡ ਵਾਸੀਆਂ ਦੀ ਸਿਹਤਮੰਦ ਉਮਰ ''ਚ ਆਈ ਗਿਰਾਵਟ

01/26/2021 3:59:09 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਰਹਿਣ ਵਾਲੇ ਲੋਕਾਂ ਦੀ ਸਿਹਤ ਸੰਬੰਧੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਸਕਾਟਲੈਂਡ ਵਾਸੀਆਂ ਦੀ ਸਿਹਤਮੰਦ ਉਮਰ ਦੇ ਪੱਧਰ ਵਿਚ ਗਿਰਾਵਟ ਆਈ ਹੈ। 

ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ (ਐੱਨ. ਆਰ. ਐੱਸ) ਵਲੋਂ ਸੋਮਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਅਨੁਸਾਰ ਮਰਦਾਂ ਵਿਚ ਜਨਮ ਤੋਂ ਲੈ ਕੇ ਔਸਤਨ 61.7 ਸਾਲ ਅਤੇ ਬੀਬੀਆਂ ਵਿਚ 61.9 ਸਾਲ ਤੱਕ ਚੰਗੀ ਸਿਹਤ ਰਹਿਣ ਦੀ ਉਮੀਦ ਹੈ। ਇਸ ਰਿਪੋਰਟ ਵਿਚ ਦੱਸਿਆ ਜਾਂਦਾ ਹੈ ਕਿ ਇਕ ਵਿਅਕਤੀ ਕਿੰਨਾ ਸਮਾਂ ਤੰਦਰੁਸਤ ਜ਼ਿੰਦਗੀ ਜਿਊਂਦਾ ਹੈ। 

ਤੰਦਰੁਸਤ ਜੀਵਨ ਸੰਭਾਵਨਾ (ਐੱਚ. ਐੱਲ. ਈ.) ਸਬੰਧੀ ਇਸ ਰਿਪੋਰਟ ਅਨੁਸਾਰ ਤੰਦਰੁਸਤ ਜ਼ਿੰਦਗੀ ਜਿਊਣ ਦੀ ਉਮੀਦ ਅਮੀਰ-ਗਰੀਬ ਖੇਤਰਾਂ ਦੇ ਮੁਤਾਬਕ ਪ੍ਰਭਾਵਿਤ ਹੁੰਦੀ ਹੈ ਅਤੇ ਅਧਿਐਨ ਮੁਤਾਬਕ ਅਮੀਰ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਲੰਬੇ ਸਮੇਂ ਤੱਕ ਜਿਊਂਦੇ ਹਨ। ਇਸ ਸੰਬੰਧ ਵਿਚ 2017-2019 ਦੇ ਅੰਕੜੇ ਦਰਸਾਉਂਦੇ ਹਨ ਕਿ ਪੁਰਸ਼ਾਂ ਲਈ ਜਨਮ ਦੇ ਸਮੇਂ ਐੱਚ. ਐੱਲ .ਈ. ਪੂਰਬੀ ਡਨਬਰਟਨਸ਼ਾਇਰ ਵਿਚ ਸਭ ਤੋਂ ਵੱਧ 69.8 ਸਾਲ ਅਤੇ ਗਲਾਸਗੋ ਸਿਟੀ ਵਿਚ ਸਭ ਤੋਂ ਘੱਟ 54.6 ਸਾਲ ਸੀ ਜਦਕਿ ਬੀਬੀਆਂ ਲਈ ਜਨਮ ਦੇ ਸਮੇਂ ਐੱਚ. ਐੱਲ. ਈ. ਓਰਕਨੀ ਵਿਚ ਸਭ ਤੋਂ ਵੱਧ 75.1 ਸਾਲ ਅਤੇ ਉੱਤਰੀ ਆਇਰਸ਼ਾਇਰ ਵਿਚ ਸਭ ਤੋਂ ਘੱਟ 56.3 ਸਾਲ ਸੀ। ਸਕਾਟਿਸ਼ ਸਰਕਾਰ ਦੇ ਬੁਲਾਰੇ ਅਨੁਸਾਰ ਸਰਕਾਰ ਸਿਗਰਟ, ਮੋਟਾਪਾ, ਅਸਮਰਥਾ ਅਤੇ ਸ਼ਰਾਬ ਦੀ ਦੁਰਵਰਤੋਂ ਵਰਗੇ ਮੁੱਖ ਮੁੱਦਿਆਂ ਨਾਲ ਨਜਿੱਠਣ ਲਈ ਢੁੱਕਵੇਂ ਯਤਨ ਕਰਕੇ ਸਕਾਟਲੈਂਡ ਵਿਚ ਜੀਵਨ ਦੀ ਸੰਭਾਵਨਾ ਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ।

Lalita Mam

This news is Content Editor Lalita Mam