ਤਰੱਕੀ ਦੀ ਰਫਤਾਰ ਘਟਣ ਨਾਲ ਟੈਲੀਕਾਮ, ਆਈ. ਟੀ. ਅਤੇ ਬੈਂਕਿੰਗ ਸੈਕਟਰ ''ਚੋਂ ਹੋਵੇਗੀ ਛਾਂਟੀ

02/25/2017 12:50:45 PM

ਨਵੀਂ ਦਿੱਲੀ— ਦੇਸ਼ ਦੇ 60 ਲੱਖ ਦੇ ਕਰੀਬ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲੇ ਟੈਲੀਕਾਮ, ਆਈ. ਟੀ., ਬੈਂਕਿੰਗ ਤੇ ਫਾਈਨਾਂਸ ਸੈਕਟਰ ''ਚ ਆਉਣ ਵਾਲੇ 12 ਤੋਂ 18 ਮਹੀਨਿਆਂ ਦੌਰਾਨ 15 ਲੱਖ ਤੋਂ ਜ਼ਿਆਦਾ ਵਿਅਕਤੀਆਂ ਦੀ ਨੌਕਰੀ ਜਾ ਸਕਦੀ ਹੈ ਯਾਨੀ ਕਿ ਇਨ੍ਹਾਂ ਤਿੰਨਾਂ ਸੈਕਟਰਾਂ ''ਚ ਕੰਮ ਕਰਦੇ ਹਰ ਚੌਥੇ ਨੌਜਵਾਨ ਦੀ ਨੌਕਰੀ ''ਤੇ ਤਲਵਾਰ ਲਟਕ ਰਹੀ ਹੈ। ਤਿਮਾਹੀ ਰੋਜ਼ਗਾਰ ਸਰਵੇ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਸੈਕਟਰਾਂ ''ਚ ਨੌਜਵਾਨਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਪਿਛਲੇ ਸਾਲ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਟੈਕਨਾਲੋਜੀ ਅਤੇ ਬੀ. ਪੀ. ਓ. ਸੈਕਟਰ ''ਚੋਂ 16000 ਨੌਜਵਾਨਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਹੈ। 
ਦੇਸ਼ ਦੀ ਤਰੱਕੀ ਦੀ ਰਫਤਾਰ ਘਟਣ ਨਾਲ ਇਨ੍ਹਾਂ ਸੈਕਟਰਾਂ ''ਚ ਨੌਜਵਾਨਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਸਾਫਟਵੇਅਰ ਸੈਕਟਰ ''ਚ ਮੰਦੀ ਵੀ ਆਉਣ ਵਾਲੇ ਇਸ ਭਿਆਨਕ ਰੋਜ਼ਗਾਰ ਸੰਕਟ ਲਈ ਜ਼ਿੰਮੇਵਾਰ ਮੰਨੀ ਜਾ ਰਹੀ ਹੈ। ਆਈ. ਟੀ. ਸੈਕਟਰ ਦੀ ਮੰਦੀ, ਵਿਦੇਸ਼ੀ ਖਾਸ ਤੌਰ ''ਤੇ ਅਮਰੀਕਾ ਦੇ ਹਾਲਾਤ ਅਤੇ ਬੈਂਕ ਤੇ ਫਾਈਨਾਂਸ ਸੈਕਟਰ ਦਾ ਮਾੜਾ ਪ੍ਰਦਰਸ਼ਨ ਵੀ ਨੌਕਰੀਆਂ ''ਤੇ ਤਲਵਾਰ ਚੱਲਣ ਦਾ ਇਕ ਵੱਡਾ ਕਾਰਨ ਹੋਵੇਗਾ। 
ਦੇਸ਼ ਦੀ ਤਰੱਕੀ ਦੀ ਰਫਤਾਰ ''ਚ ਆਈ ਰੁਕਾਵਟ ਹੁਣ ਨਜ਼ਰ ਆਉਣੀ ਵੀ ਸ਼ੁਰੂ ਹੋ ਗਈ ਹੈ। ਵਸਤਾਂ ਅਤੇ ਸੇਵਾਵਾਂ ਦੀ ਬਰਾਮਦ ''ਚ ਵਿੱਤੀ ਸਾਲ 2013 ''ਚ 6.7 ਫੀਸਦੀ ਦਾ ਵਾਧਾ ਹੋਇਆ ਸੀ ਜਦੋਂਕਿ ਵਿੱਤੀ ਸਾਲ 2014 ''ਚ ਇਸ ਵਿਚ 7.8 ਫੀਸਦੀ ਦੀ ਤੇਜ਼ੀ ਸੀ। ਸਾਲ 2016 ''ਚ ਇਹ 5.2 ਫੀਸਦੀ ਹੇਠਾਂ ਡਿੱਗੀ ਸੀ। 2017 ''ਚ ਇਸ ਦੇ 2.2 ਫੀਸਦੀ ਦੇ ਹਿਸਾਬ ਨਾਲ ਵਧਣ ਦੀ ਉਮੀਦ ਹੈ। 
* ਭਾਰਤ ਦੀ ਸਾਫਟਵੇਅਰ ਬਰਾਮਦ ਨੇ ਪਿਛਲੇ 2 ਦਹਾਕਿਆਂ ''ਚ 10 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਭਾਰਤੀ ਸਾਫਟਵੇਅਰ ਦੀ ਬਰਾਮਦ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਨਾਲ-ਨਾਲ ਕੌਮਾਂਤਰੀ ਪੱਧਰ ''ਤੇ ਪਛਾਣ ਬਣਾਉਣ ਵਿਚ ਵੀ ਸਹਾਈ ਸਿੱਧ ਹੋਈ ਹੈ। 2001 ''ਚ ਭਾਰਤ ਨੇ 16.8 ਬਿਲੀਅਨ ਡਾਲਰ ਦੀ ਸਾਫਟਵੇਅਰ ਬਰਾਮਦ ਕੀਤੀ ਸੀ ਜੋ ਕਿ 2014 ''ਚ ਵਧ ਕੇ 155.6 ਬਿਲੀਅਨ ਡਾਲਰ ਹੋ ਗਈ ਅਤੇ ਦੇਸ਼ ਦੀ ਕੁਲ ਜੀ. ਡੀ. ਪੀ. ''ਚ ਇਸ ਦੀ ਹਿੱਸੇਦਾਰੀ 7.5 ਫੀਸਦੀ ਹੈ। ਪਰ ਇਹ ਵੀ ਕੌੜਾ ਸੱਚ ਹੈ ਕਿ ਸਰਵਿਸਿਜ਼ ਦਾ ਆਟੋਮੇਸ਼ਨ ਹੋ ਰਿਹਾ ਹੈ ਕਾਰਨ ਹੀ ਇਸ ਸੈਕਟਰ ''ਚੋਂ ਅੱਧੇ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।