ਜੁਲਾਈ ’ਚ ਲਗਾਤਾਰ ਤੀਜੇ ਮਹੀਨੇ ਸੇਵਾ ਖੇਤਰ ’ਚ ਗਿਰਾਵਟ : ਪੀ. ਐੱਮ. ਆਈ.

08/05/2021 11:55:10 AM

ਨਵੀਂ ਦਿੱਲੀ– ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਕੋਪ ਅਤੇ ਸਥਾਨਕ ਪਾਬੰਦੀਆਂ ਕਾਰਨ ਕਾਰੋਬਾਰੀਆਂ ਸਰਗਰਮੀਆਂ, ਨਵੇਂ ਆਰਡਰ ਅਤੇ ਰੋਜ਼ਗਾਰ ’ਚ ਵੱਡੇ ਪੈਮਾਨੇ ’ਤੇ ਕਮੀ ਕਾਰਨ ਭਾਰਤ ਦੇ ਸੇਵਾ ਖੇਤਰ ’ਚ ਜੁਲਾਈ ’ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਹੋਈ। ਮੌਸਮੀ ਤੌਰ ’ਤੇ ਵਿਵਸਥਿਤ ਭਾਰਤ ਸੇਵਾ ਕਾਰੋਬਾਰ ਸਰਗਰਮੀ ਸੂਚਕ ਅੰਕ ਜੁਲਾਈ ’ਚ 45.4 ਅੰਕ ਰਿਹਾ, ਜੋ ਜੂਨ ’ਚ 41.2 ਅੰਕ ਸੀ।

ਪਰਚੇਜਿੰਗ ਮੈਨੇਜਰਸ ਇੰਡੈਕਸ (ਪੀ. ਐੱਮ. ਆਈ.) ਦੀ ਭਾਸ਼ਾ ’ਚ 50 ਤੋਂ ਉੱਪਰ ਅੰਕ ਦਾ ਮਤਲਬ ਸਰਗਰਮੀਆਂ ’ਚ ਵਿਸਤਾਰ ਹੁੰਦਾ ਹੈ ਜਦ ਕਿ 50 ਤੋਂ ਹੇਠਾਂ ਦਾ ਅੰਕ ਕਾਂਟ੍ਰੈਕਸ਼ਨ ਨੂੰ ਦਰਸਾਉਂਦਾ ਹੈ। ਆਈ. ਐੱਚ. ਐੱਸ. ਮਾਰਕੀਟ ’ਚ ਅਰਥਸ਼ਾਸਤਰ ਦੀ ਜੁਆਇੰਟ ਡਾਇਰੈਕਟਰ ਪਾਲੀਆਨਾ ਡੀ ਲੀਮਾ ਨੇ ਕਿਹਾ ਕਿ ਇਸ ਸਮੇਂ ਕੋਵਿਡ-19 ਮਹਾਮਾਰੀ ਨੂੰ ਲੈ ਕੇ ਬਣਿਆ ਮਾਹੌਲ ਸੇਵਾ ਖੇਤਰ ਦੇ ਪ੍ਰਦਰਸ਼ਨ ’ਤੇ ਭਾਰੀ ਪੈ ਰਿਹਾ ਹੈ ਜਦ ਕਿ ਇਹ ਖੇਤਰ ਭਾਰਤੀ ਅਰਥਵਿਵਸਥਾ ਲਈ ਬੇਹੱਦ ਅਹਿਮ ਹੈ। ਜੁਲਾਈ ਦੇ ਅੰਕੜੇ ਕੁਝ ਹੱਦ ਤੱਕ ਨਿਰਾਸ਼ਾਜਨਕ ਹਨ, ਹਾਲਾਂਕਿ ਗਿਰਾਵਟ ਦੀ ਰਫਤਾਰ ਕੁਝ ਘੱਟ ਹੋਈ ਹੈ।
 

ਨੌਕਰੀਆਂ ’ਚ ਆਈ ਹੋਰ ਕਮੀ
ਸਰਵੇਖਣ ਮੁਤਾਬਕ ਕੰਪਨੀਆਂ ਪਹਿਲੀ ਵਾਰ ਅਗਲੇ ਇਕ ਸਾਲ ’ਚ ਉਤਪਾਦਨ ਲਈ ਨਿਰਾਸ਼ਾਵਾਦੀ ਸਨ। ਲੀਮਾ ਨੇ ਕਿਹਾ ਕਿ ਮਹਾਮਾਰੀ ਖਤਮ ਹੋਣ ਨੂੰ ਲੈ ਕੇ ਅਨਿਸ਼ਚਿਤਤਾ ਦੇ ਨਾਲ ਹੀ ਮਹਿੰਗਾਈ ਦੇ ਦਬਾਅ ਅਤੇ ਵਿੱਤੀ ਪ੍ਰੇਸ਼ਾਨੀਆਂ ਨੇ ਜੁਲਾਈ ’ਚ ਕਾਰੋਬਾਰੀ ਵਿਸ਼ਵਾਸ ਨੂੰ ਘੱਟ ਕੀਤਾ। ਸੇਵਾ ਪ੍ਰਵਾਈਡਰ ਇਕ ਸਾਲ ’ਚ ਪਹਿਲੀ ਵਾਰ ਕਾਰੋਬਾਰੀ ਸਰਗਰਮੀ ਦੇ ਦ੍ਰਿਸ਼ ਨੂੰ ਲੈ ਕੇ ਨਿਰਾਸ਼ਾਵਾਦੀ ਸਨ। ਸਰਵੇਖਣ ਮੁਤਾਬਕ ਇਸ ਦੌਰਾਨ ਸੇਵਾ ਖੇਤਰ ਦੀਆਂ ਨੌਕਰੀਆਂ ’ਚ ਹੋਰ ਕਮੀ ਆਈ।

Sanjeev

This news is Content Editor Sanjeev