ਮਹਾਮਾਰੀ ਦੀ ਦੂਜੀ ਲਹਿਰ ਕਾਰਨ ਫਿਰ ਉਤਪਾਦਨ ਘਟਿਆ, ਵਧੀ ਬੇਰੋਜ਼ਗਾਰੀ

04/18/2021 9:37:00 AM

ਨਵੀਂ ਦਿੱਲੀ– ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਆਰਥਿਕ ਸੁਧਾਰ ਦੀ ਰਫਤਾਰ ਮੁੜ ਹੌਲੀ ਹੋ ਗਈ ਹੈ। ਸੂਬਿਆਂ ਵਲੋਂ ਕੋਰੋਨਾ ਸੰਕਰਮਣ ਰੋਕਣ ਲਈ ਲਗਾਏ ਜਾ ਰਹੇ ਲਾਕਡਾਊਨ ਨਾਲ ਉਤਪਾਦਨ ਘਟਿਆ ਅਤੇ ਬੇਰੋਜ਼ਗਾਰੀ ਵਧੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ।

ਸੀ. ਐੱਮ. ਆਈ. ਈ. ਦੀ ਰਿਪੋਰਟ ਮੁਤਾਬਕ 11 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਸ਼ਹਿਰੀ ਬੇਰੋਜ਼ਗਾਰੀ ਵਧ ਕੇ 9.81 ਫੀਸਦੀ ’ਤੇ ਪਹੁੰਚ ਗਈ ਹੈ। ਉਥੇ ਹੀ 28 ਮਾਰਚ ਨੂੰ ਸਮਾਪਤ ਹਫਤੇ ’ਚ ਇਹ 7.72 ਫੀਸਦੀ ਅਤੇ ਮਾਰਚ ਦੇ ਪੂਰੇ ਮਹੀਨੇ ’ਚ ਇਹ 7.24 ਫੀਸਦੀ ਸੀ। ਉਥੇ ਹੀ ਇਸ ਦੌਰਾਨ ਰਾਸ਼ਟਰੀ ਬੇਰੋਜ਼ਗਾਰੀ ਵਧ ਕੇ 8.58 ਫੀਸਦੀ ’ਤੇ ਪਹੁੰਚ ਗਈ ਹੈ ਜੋ 28 ਮਾਰਚ ਨੂੰ ਸਮਾਪਤ ਹਫਤੇ ’ਚ 6.65 ਫੀਸਦੀ ਸੀ। ਇਸ ਤਰ੍ਹਾਂ ਗ੍ਰਾਮੀਣ ਬੇਰੋਜ਼ਗਾਰੀ ਇਸ ਦੌਰਾਨ 6.18 ਫੀਸਦੀ ਤੋਂ ਵਧ ਕੇ 8 ਫੀਸਦੀ ’ਤੇ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਇਨਫੈਕਸ਼ਨ ਰੋਕਣ ਲਈ ਕਈ ਸੂਬਿਆਂ ਦੇ ਸ਼ਹਿਰਾਂ ’ਚ ਅੰਸ਼ਿਕ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਸ ਨਾਲ ਬੇਰੋਜ਼ਗਾਰੀ ਦਰ ’ਚ ਵਾਧਾ ਹੋਇਆ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਕੋਰੋਨਾ ਦੀ ਦੂਜੀ ਲਹਿਰ ਦਾ ਪ੍ਰਭਾਵ ਸ਼ਹਿਰੀ ਰੋਜ਼ਗਾਰ ’ਤੇ ਮਾਰਚ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਦਿੱਲੀ, ਮਹਾਰਾਸ਼ਟਰ, ਗੁਜਰਾਤ, ਪੰਜਾਬ, ਛੱਤੀਸਗੜ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਸ਼ਹਿਰਾਂ ’ਚ ਅੰਸ਼ਿਕ ਲਾਕਡਾਊਨ ਜਾਂ ਨਾਈਟ ਕਰਫਿਊ ਲਗਾ ਦਿੱਤਾ ਗਿਆ। ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਮਾਲ, ਰੈਸਟੋਰੈਂਟ, ਬਾਰ ਵਰਗੀਆਂ ਜਨਤਕ ਥਾਵਾਂ ’ਤੇ ਕੋਰੋਨਾ ਨਿਯਮਾਂ ਦੀ ਪਾਲਣਾ ’ਚ ਸਖਤੀ ਨਾਲ ਸ਼ਹਿਰੀ ਰੋਜ਼ਗਾਰ ’ਚ ਹੋਰ ਕਮੀ ਦੇਖਣ ਨੂੰ ਮਿਲੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੈਰ-ਸਪਾਟਾ ਖੇਤਰ ਦੇ ਰੋਜ਼ਗਾਰ ’ਚ ਵੀ ਕਮੀ ਆਉਣ ਦੀ ਸੰਭਾਵਨਾ
ਕਈ ਸੂਬਿਆਂ ’ਚ ਕੋਰੋਨਾ ਦੀ ਅਚਾਨਕ ਜਾਂਚ ਦੇ ਨਾਲ ਕੋਰੋਨਾ ਨੈਗੇਟਿਵ ਸਰਟੀਫਿਕੇਟ ਦੇ ਨਾਲ ਐਂਟਰੀ ਦੇ ਨਿਯਮ ਕਾਰਨ ਸੈਰ-ਸਪਾਟਾ ਖੇਤਰ ਦੇ ਰੋਜ਼ਗਾਰ ’ਚ ਵੀ ਕਮੀ ਆਉਣ ਦੀ ਸੰਭਾਵਨਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਗ੍ਰਾਮੀਣ ਇਲਾਕਿਆਂ ’ਚ ਹਾੜ੍ਹੀ ਦੀ ਫਸਲ ਚੰਗੀ ਹੋਣ ਅਤੇ ਮਨਰੇਗਾ ’ਚ ਲਗਾਤਾਰ ਕੰਮ ਮਿਲਣ ਨਾਲ ਸ਼ਹਿਰ ਦੇ ਮੁਕਾਬਲੇ ਬੇਰੋਜ਼ਗਾਰੀ ਦਾ ਪੱਧਰ ਘੱਟ ਹੈ। ਹਾਲਾਂਕਿ ਅਗਲੇ ਕੁਝ ਦਿਨਾਂ ’ਚ ਸਥਿਤੀ ਵਿਗੜਨ ਦਾ ਖਦਸ਼ਾ ਹੈ ਕਿਉਂਕਿ ਹਾੜੀ ਦੀ ਫਸਲ ਦੀ ਕਟਾਈ ਤੋਂ ਬਾਅਦ ਪਿੰਡ ’ਚ ਕੰਮ ਦੀ ਕਮੀ ਹੋਵੇਗੀ ਜੋ ਬੇਰੋਜ਼ਗਾਰੀ ਵਧਾਉਣ ਦਾ ਕੰਮ ਕਰੇਗੀ।

Sanjeev

This news is Content Editor Sanjeev