ਨਿਵੇਸ਼ ਟੀਚੇ ਤੋਂ 20 ਫੀਸਦੀ ਘੱਟ ਖਰਚ ਕਰ ਸਕੀ ਓ. ਐੱਨ. ਜੀ. ਸੀ. : ਰਿਪੋਰਟ

04/22/2021 10:05:26 AM

ਨਵੀਂ ਦਿੱਲੀ– ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਬੀਤੇ ਵਿੱਤੀ ਸਾਲ 2020-21 ’ਚ ਆਪਣੇ ਬਜਟ ਨਿਵੇਸ਼ ਟੀਚੇ ਦੀ ਤੁਲਨਾ ’ਚ 20 ਫੀਸਦੀ ਘੱਟ ਰਾਸ਼ੀ ਖਰਚ ਕੀਤੀ। ਕੋਵਿਡ-19 ਨਾਲ ਸਬੰਧਤ ਪਾਬੰਦੀਆਂ ਕਾਰਨ ਯੋਜਨਾਵਾਂ ’ਚ ਦੇਰੀ ਕਾਰਨ ਕੰਪਨੀ ਤੈਅ ਟੀਚੇ ਮੁਤਾਬਕ ਖਰਚ ਨਹੀਂ ਕਰ ਸਕੀ। ਉਥੇ ਹੀ ਦੂਜੇ ਪਾਸੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਵਰਗੀਆਂ ਈਂਧਨ ਮਾਰਕੀਟਿੰਗ ਕੰਪਨੀਆਂ ਨੇ ਤੈਅ ਟੀਚੇ ਤੋਂ ਵੱਧ ਪੂੰਜੀਗਤ ਖਰਚ ਕੀਤਾ। ਇਕ ਸਰਕਾਰੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।


ਓ. ਐੱਨ. ਜੀ. ਸੀ. ਨੇ 1 ਅਪ੍ਰੈਲ 2020 ਤੋਂ ਮਾਰਚ 2021 ਦੌਰਾਨ 32,502 ਕਰੋੜ ਰੁਪਏ ਦੇ ਪੂੰਜੀਗਤ ਖਰਚੇ ਦਾ ਟੀਚਾ ਰੱਖਿਆ ਸੀ ਪਰ ਵਿੱਤੀ ਸਾਲ ਦੌਰਾਨ ਉਹ ਇਸ ’ਚੋਂ ਸਿਰਫ 26,441 ਕਰੋੜ ਰੁਪਏ ਹੀ ਖਰਚ ਕਰ ਸਕੀ। ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਦੀ ਇਕ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ ਹੈ।

ਪੀ. ਪੀ. ਏ. ਸੀ. ਦੀ ਰਿਪੋਰਟ ਮੁਤਾਬਕ ਆਈ. ਓ. ਸੀ. ਦੇ ਪੂੰਜੀਗਤ ਖਰਚੇ ਦਾ ਬਜਟ ਟੀਚਾ 26,233 ਕਰੋੜ ਰੁਪਏ ਸੀ ਪਰ ਕੰਪਨੀ ਦਾ ਕੁਲ ਖਰਚ 27,195 ਕਰੋੜ ਰੁਪਏ ਰਿਹਾ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮ. (ਐੱਚ. ਪੀ. ਸੀ. ਐੱਲ.) ਦਾ ਖਰਚਾ 11,500 ਕਰੋੜ ਰੁਪਏ ਦੇ ਟੀਚੇ ਦੀ ਤੁਲਨਾ ’ਚ 14,036 ਕਰੋੜ ਰੁਪਏ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮ. (ਬੀ. ਪੀ. ਸੀ. ਐੱਲ.) ਦਾ 9,000 ਕਰੋੜ ਰੁਪਏ ਦੇ ਟੀਚੇ ਦੀ ਤੁਲਨਾ ’ਚ 10,697 ਕਰੋੜ ਰੁਪਏ ਰਿਹਾ। ਗੈਸ ਕੰਪਨੀ ਗੇਲ (ਇੰਡੀਆ) ਲਿਮ. ਨੇ ਬਜਟ ਟੀਚੇ ਨਾਲ 150 ਕਰੋੜ ਰੁਪਏ ਵੱਧ ਯਾਨੀ 5,412 ਕਰੋੜ ਰੁਪਏ ਖਰਚ ਕੀਤੇ। ਮਹਾਮਾਰੀ ਕਾਰਨ ਅਰਥਵਿਵਸਥਾ ਦੇ ਰਿਵਾਈਵਲ ਲਈ ਸਰਕਾਰ ਦੀਆਂ ਉਮੀਦਾਂ ਜਨਤਕ ਖੇਤਰ ਦੀਆਂ ਕੰਪਨੀਆਂ ਦੇ ਪੂੰਜੀਗਤ ਖਰਚੇ ’ਤੇ ਟਿਕੀਆਂ ਹਨ। ਇਸ ਤਰ੍ਹਾਂ ਦੇ ਖਰਚੇ ਨਾਲ ਆਰਥਿਕ ਗਤੀਵਿਧੀਆਂ ਵਧਦੀਆਂ ਹਨ ਅਤੇ ਵੱਖ-ਵੱਖ ਖੇਤਰਾਂ ਜਿਵੇਂ ਇਸਪਾਤ ਆਦਿ ਲਈ ਮੰਗ ਪੈਦਾ ਹੁੰਦੀ ਹੈ। ਨਾਲ ਹੀ ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਹਨ। ਆਇਲ ਇੰਡੀਆ ਲਿਮ. (ਓ. ਆਈ. ਐੱਲ.) ਨੇ ਬੀਤੇ ਸਾਲ ’ਚ 3,877 ਕਰੋੜ ਰੁਪਏ ਦੇ ਟੀਚੇ ਦੀ ਤੁਲਨਾ ’ਚ 12,802 ਕਰੋੜ ਰੁਪਏ ਖਰਚ ਕੀਤੇ। ਇਸ ’ਚ ਇਕ ਵੱਡਾ ਹਿੱਸਾ ਬੀ. ਪੀ. ਸੀ. ਐੱਲ. ਤੋਂ ਨੁਮਾਲੀਗੜ੍ਹ ਰਿਫਾਇਨਰੀ ਲਿਮ. ਦੀ ਹਿੱਸੇਦਾਰੀ ਖਰੀਦਣ ’ਤੇ ਖਰਚ ਕੀਤੇ ਗਏ।

Sanjeev

This news is Content Editor Sanjeev