ਕੰਪਨੀਆਂ ਦੇ ਤਿਮਾਹੀ ਨਤੀਜਿਆਂ, ਕੋਵਿਡ-19 ਟੀਕਾਕਰਣ ਮੁਹਿੰਮ ਨਾਲ ਤੈਅ ਹੋਵੇਗੀ ਸ਼ੇਅਰ ਬਾਜ਼ਾਰਾਂ ਦੀ ਦਿਸ਼ਾ

Monday, Jan 18, 2021 - 12:06 PM (IST)

ਨਵੀਂ ਦਿੱਲੀ (ਭਾਸ਼ਾ) – ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਇਸ ਹਫਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਅਤੇ ਕੌਮਾਂਤਰੀ ਘਟਨਾਵਾਂ ਨਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਂਦੇ ਆਮ ਬਜਟ ਤੋਂ ਪਹਿਲਾਂ ਬਾਜ਼ਾਰ ’ਚ ਉਤਰਾਅ-ਚੜ੍ਹਾਅ ਰਹਿ ਸਕਦਾ ਹੈ। ਇਸ ਤੋਂ ਇਲਾਵਾ ਨਿਵੇਸ਼ਕਾਂ ਦੀ ਨਜ਼ਰ ਕੋਵਿਡ-19 ਨਾਲ ਜੁੜੀਆਂ ਘਟਨਾਵਾਂ, ਵਿਸ਼ੇਸ਼ ਰੂਪ ਨਾਲ ਦੇਸ਼ ’ਚ ਟੀਕਾਕਰਣ ਮੁਹਿੰਮ ’ਤੇ ਰਹੇਗੀ।

ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸੇਜ਼ ਦੇ ਪ੍ਰਚੂਨ ਖੋਜ ਮੁਖੀ ਸਿਧਾਰਥ ਖੇਮਕਾ ਨੇ ਕਿਹਾ ਕਿ ਤਿਮਾਹੀ ਨਤੀਜਿਆਂ ਅਤੇ ਕਮਜ਼ੋਰ ਕੌਮਾਂਤਰੀ ਰੁਖ ਨਾਲ ਅੱਗੇ ਚਲ ਕੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਰਹਿ ਸਕਦਾ ਹੈ। ਬਜਟ ਤੋਂ ਪਹਿਲਾਂ ਉਤਰਾਅ-ਚੜ੍ਹਾਅ ਹੋਰ ਵਧ ਸਕਦਾ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਤਿਮਾਹੀ ਨਤੀਜਿਆਂ ਕਾਰਣ ਬਾਜ਼ਾਰ ’ਚ ਸ਼ੇਅਰ ਵਿਸ਼ੇਸ਼ ਆਧਾਰਿਤ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਸ ਹਫਤੇ ਬੈਂਕ ਆਫ ਮਹਾਰਾਸ਼ਟਰ, ਬਜਾਜ ਫਾਇਨਾਂਸ, ਫੈੱਡਰਲ ਬੈਂਕ, ਏਸ਼ੀਅਨ ਪੇਂਟਸ, ਬਜਾਟ ਆਟੋ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਤਿਮਾਹੀ ਨਤੀਜੇ ਆਉਣੇ ਹਨ। ਇਸ ਦਰਮਿਆਨ ਦੇਸ਼ ਦੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਐੱਚ. ਡੀ. ਐੱਫ. ਸੀ. ਬੈਂਕ ਦਾ ਦਸੰਬਰ ਤਿਮਾਹੀ ਦਾ ਏਕੀਕ੍ਰਿਤ ਸ਼ੁੱਧ ਲਾਭ 14.36 ਫੀਸਦੀ ਦੇ ਵਾਧੇ ਨਾਲ 8,760 ਕਰੋੜ ਰੁਪਏ ਰਿਹਾ ਹੈ। ਬੈਂਕ ਦੇ ਤਿਮਾਹੀ ਨਤੀਜਿਆਂ ਦਾ ਐਲਾਨ ਸ਼ਨੀਵਾਰ ਨੂੰ ਹੋਇਆ।

ਜੀਓਜੀਤ ਫਾਇਨਾਂਸ਼ੀਅਲ ਸਰਵਿਸੇਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਕੌਮਾਂਤਰੀ ਬਾਜ਼ਾਰਾਂ ਦੇ ਕਮਜ਼ੋਰ ਰੁਖ ਦਰਮਿਆਨ ਇਸ ਹਫਤੇ ਘਰੇਲੂ ਬਾਜ਼ਾਰਾਂ ਦੀ ਨਜ਼ਰਾਂ ਬੈਂਕਿੰਗ ਅਤੇ ਵਿੱਤੀ ਖੇਤਰ ’ਤੇ ਰਹਿਣਗੀਆਂ। ਹਫਤੇ ਦੌਰਾਨ ਕਈ ਵੱਡੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਦੇ ਤਿਮਾਹੀ ਨਤੀਜੇ ਆਉਣੇ ਹਨ। ਆਮ ਬਜਟ ਕਿਹੋ ਜਿਹਾ ਹੋਵੇਗਾ, ਇਸ ਨੂੰ ਲੈ ਕੇ ਵੀ ਅੱਗੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਰਹਿ ਸਕਦਾ ਹੈ।

ਕਾਰੋਬਾਰੀਆਂ ਨੇ ਕਿਹਾ ਕਿ ਦੇਸ਼ ’ਚ ਟੀਕਾਕਰਣ ਸ਼ੁਰੂ ਹੋਣ ਤੋਂ ਬਾਅਦ ਸ਼ੇਅਰ ਮੁੱਲਾਂ ’ਚ ਕਾਫੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਚਾਇਸ ਬ੍ਰੋਕਿੰਗ ਦੇ ਖੋਜ ਵਿਸ਼ਲੇਸ਼ਕ ਸਤੀਸ਼ ਕੁਮਾਰ ਨੇ ਕਿਹਾ ਕਿ ਨਿਵੇਸ਼ਕਾਂ ਦੀ ਨਜ਼ਰ ਤਿਮਾਹੀ ਨਤੀਜਿਆਂ ਅਤੇ ਦੇਸ਼ ’ਚ ਟੀਕਾਕਰਣ ਮੁਹਿੰਮ ’ਤੇ ਰਹੇਗੀ।

Harinder Kaur

This news is Content Editor Harinder Kaur