ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਨੂੰ ਮਿਲੀਆਂ 20 ਸੀਟਾਂ, ਹੋਰਨਾਂ ਨੂੰ ਇਕ, ਅਕਾਲੀ ਦਲ ਦਾ ਨਹੀਂ ਖੁੱਲ੍ਹਿਆ ਖਾਤਾ

09/23/2018 7:25:55 AM

ਜਲੰਧਰ, (ਅਮਿਤ)- ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ਨੀਵਾਰ  ਨੂੰ 11 ਕਾਊਂਟਿੰਗ ਸੈਂਟਰਾਂ ’ਤੇ ਸ਼ਾਂਤੀ ਨਾਲ ਸੰਪੰਨ ਹੋ ਗਈ। ਜ਼ਿਲਾ ਪ੍ਰੀਸ਼ਦ ਦੀਆਂ 21  ਅਤੇ ਪੰਚਾਇਤ ਸੰਮਤੀ ਦੀਆਂ 191 ਸੀਟਾਂ ’ਤੇ ਕਾਂਗਰਸਨੂੰ ਬਹੁਮਤ ਹਾਸਲ ਹੋਇਆ,  ਜਦੋਂਕਿ ਅਕਾਲੀ ਦਲ ਦਾ ਸੂਪੜਾ ਸਾਫ ਹੋ ਗਿਆ। ਜ਼ਿਲਾ ਪ੍ਰੀਸ਼ਦ ਦੀ ਗੱਲ ਕਰੀਏ ਤਾਂ ਜਲੰਧਰ  ਦੀਆਂ 21 ਸੀਟਾਂ ਵਿਚੋਂ 20 ’ਤੇ ਕਾਂਗਰਸ ਜੇਤੂ ਰਹੀ ਅਤੇ ਇਕ ਸੀਟ ਹੋਰ ਦੇ ਖਾਤੇ  ਵਿਚ  ਗਈ। ਅਕਾਲੀ ਦਲ ਦਾ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ। ਪੰਚਾਇਤ ਸੰਮਤੀ ਦੀਆਂ ਚੋਣਾਂ  ਵਿਚ ਜਲੰਧਰ ਦੀਆਂ ਕੁਲ 191 ਸੀਟਾਂ ਵਿਚੋਂ 132 ਸੀਟਾਂ ਕਾਂਗਰਸ ਦੇ ਖਾਤੇ ਵਿਚ ਗਈਆਂ,  ਜਦੋਂਕਿ ਅਕਾਲੀ ਦਲ ਨੂੰ ਸਿਰਫ 34 ਸੀਟਾਂ ’ਤੇ ਜਿੱਤ ਹਾਸਲ ਹੋ ਸਕੀ। 25 ਸੀਟਾਂ ਹੋਰਾਂ  ਦੇ ਖਾਤੇ ਵਿਚ ਗਈਆਂ। 
ਕਿਸ-ਕਿਸ ਜਗ੍ਹਾ ਹੋਈ ਕਾਊਂਟਿੰਗ?
ਜ਼ਿਲਾ  ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਕੁਲ 11 ਕਾਊਂਟਿੰਗ ਸੈਂਟਰ ਬਣਾਏ  ਗਏ  ਸਨ, ਜਿਨ੍ਹਾਂ ’ਚ ਜਲੰਧਰ ਪੂਰਬੀ ਲਈ ਬੈਡਮਿੰਟਨ ਹਾਲ ਰਾਏਜ਼ਾਦਾ ਹੰਸਰਾਜ ਸਟੇਡੀਅਮ, ਜਲੰਧਰ  ਪੱਛਮੀ ਲਈ ਖਾਲਸਾ ਕਾਲਜ ਫਾਰ ਵੂਮੈਨ ਕੈਂਟ ਰੋਡ, ਬਲਾਕ ਭੋਗਪੁਰ ਲਈ ਕੇ. ਐੱਮ. ਵੀ.  ਕਾਲਜ, ਬਲਾਕ ਆਦਮਪੁਰ ਲਈ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਾਜ਼ੀਪੁਰ, ਬਲਾਕ ਨਕੋਦਰ ਅਤੇ  ਮਹਿਤਪੁਰ ਲਈ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ), ਬਲਾਕ ਸ਼ਾਹਕੋਟ ਲਈ ਪਬਲਿਕ ਸੀਨੀਅਰ  ਸੈਕੰਡਰੀ ਸਕੂਲ  ਸ਼ਾਹਕੋਟ, ਲੋਹੀਆਂ ਬਲਾਕ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ  ਖਾਸ, ਬਲਾਕ ਫਿਲੌਰ ਲਈ ਕਮਿਊਨਿਟੀ ਸੈਂਟਰ ਫਿਲੌਰ ਨੇੜੇ ਐੱਮ. ਸੀ. ਦਫਤਰ, ਬਲਾਕ ਨੂਰਮਹਿਲ  ਲਈ ਦੋਆਬਾ ਆਰੀਆ ਸੀਨੀਅਰ ਸੈਕੰਡਰੀ  ਸਕੂਲ ਅਤੇ ਬਲਾਕ ਰੁੜਕਾ ਕਲਾਂ ਲਈ ਗੁਰੂ ਨਾਨਕ  ਗਰਲਜ਼ ਖਾਲਸਾ ਕਾਲਜ ਸੰਗਢੇਸੀਆਂ ਬਣਾਏ ਗਏ ਸਨ।
ਡੀ. ਸੀ. ਵਲੋਂ ਪੋਲਿੰਗ ਅਤੇ ਸੁਰੱਖਿਆ ਸਟਾਫ ਨੂੰ ਵਧਾਈ
ਡੀ.  ਸੀ.-ਕਮ-ਜ਼ਿਲਾ ਚੋਣ ਅਫਸਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਨੀਵਾਰ ਨੂੰ ਪੋਲਿੰਗ ਸਟਾਫ ਅਤੇ  ਸੁਰੱਖਿਅਾ ਕਰਮਚਾਰੀਆਂ ਨੂੰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਪ੍ਰਕਿਰਿਆ  ਨੂੰ ਸਫਲਤਾ ਨਾਲ ਮੁਕੰਮਲ ਕਰਵਾਉਣ ’ਤੇ ਵਧਾਈ ਦਿੱਤੀ। ਡੀ. ਸੀ. ਜਿਨ੍ਹਾਂ ਨੇ ਖੁਦ ਸਾਰਾ  ਦਿਨ ਗਿਣਤੀ ਦੀ ਨਿਗਰਾਨੀ ਕੀਤੀ, ਨੇ ਕਿਹਾ ਕਿ ਲੋਕਤੰਤਰ ਦੀ ਇਸ ਪ੍ਰਕਿਰਿਆ  ਨੂੰ ਸਫਲਤਾ  ਨਾਲ ਮੁਕੰਮਲ ਕਰਨ ਲਈ ਪੋਲਿੰਗ ਅਤੇ ਗਿਣਤੀ ਸਟਾਫ ਵਲੋਂ ਪ੍ਰਸ਼ੰਸਾਯੋਗ ਯਤਨ ਕੀਤੇ ਗਏ ਸਨ।  ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਅਤੇ  ਕਰਮਚਾਰੀ ਇਸ ਚੋਣ ਪ੍ਰਕਿਰਿਆ ਨੂੰ ਸ਼ਾਨਦਾਰ ਢੰਗ ਨਾਲ ਮੁਕੰਮਲ ਕਰਨ ਲਈ ਵਧਾਈ ਦੇ ਪਾਤਰ  ਹਨ। 
ਭੋਗਪੁਰ, (ਰਾਣਾ)-ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਦੀ ਪੂਰੀ ਤਰ੍ਹਾਂ ਝੰਡੀ ਰਹੀ। ਬਲਾਕ ਸੰਮਤੀ ਭੋਗਪੁਰ ਦੇ 15 ਜ਼ੋਨਾਂ ’ਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰ ਜਿੱਤ ਪ੍ਰਾਪਤ ਕਰਨ ’ਚ ਸਫਲ ਹੋਏ, ਜਦਕਿ ਅਕਾਲੀ ਦਲ ਦੇ 4 ਤੇ 1 ਆਜ਼ਾਦ ਉਮੀਦਵਾਰ ਜੇਤੂ ਐਲਾਨੇ ਗਏ ਹਨ। ਇਨ੍ਹਾਂ ਚੋਣਾਂ ’ਚ ਵੱਡੀ ਜਿੱਤ ਨੂੰ ਲੈ ਕੇ ਕਾਂਗਰਸੀ ਨੇਤਾਵਾਂ, ਵੋਟਰਾਂ ਤੇ ਸਮਰਥਕਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। 
ਜ਼ਿਲਾ ਪ੍ਰੀਸ਼ਦ ਦੇ 2 ਜ਼ੋਨ 
n ਚੌਲਾਂਗ ਜ਼ੋਨ ਤੋਂ ਕਾਂਗਰਸ ਦੇ ਸੁਰਿੰਦਰ ਸਿੰਘ  ਨੇ ਜਿੱਤ ਹਾਸਲ  ਕੀਤੀ। 
n ਬਹਿਰਾਮ ਸ੍ਰਿਸ਼ਟਾ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਸੁਰਿੰਦਰ ਕੌਰ ਮੱਲ੍ਹੀ ਨੰਗਲ ਨੂੰ ਕਾਮਯਾਬੀ ਮਿਲੀ ਹੈ।