ਅਕਾਲੀ ਦਲ ਦਾ ਪਾਕਿ ਸਰਕਾਰ ਖਿਲਾਫ ਫੁਟਿਆ ਗੁੱਸਾ, ਜਮ ਕੇ ਕੀਤੀ ਨਾਅਰੇਬਾਜ਼ੀ

01/07/2020 4:10:24 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)— ਯੂਥ ਅਕਾਲੀ ਦਲ ਵਰਕਰਾਂ ਨੇ ਅੱਜ ਪਿੰਡ ਮਿਆਣੀ 'ਚ ਪਾਕਿਸਤਾਨ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਪਾਕਿਸਤਾਨ ਸਰਕਾਰ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਫੂਕਿਆ। ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਅਤੇ ਘੱਟ ਗਿਣਤੀ ਸਿੱਖਾਂ, ਹਿੰਦੂਆਂ ਉੱਤੇ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਵਿਰੋਧ 'ਚ ਯੂਥ ਅਕਾਲੀ ਦਲ ਮਿਆਣੀ ਸਰਕਲ ਦੇ ਪ੍ਰਧਾਨ ਸਰਬਜੀਤ ਸਿੰਘ ਵਿੱਕੀ ਦੀ ਅਗਵਾਈ 'ਚ ਵਰਕਰਾਂ ਨੇ ਅੱਜ ਪਾਕਿਸਤਾਨ ਖਿਲਾਫ ਰੋਹ ਭਰਿਆ ਪ੍ਰਦਰਸ਼ਨ ਕੀਤਾ। ਮਿਆਣੀ ਅੱਡੇ 'ਤੇ ਨਾਅਰੇਬਾਜ਼ੀ ਕਰਨ ਉਪਰੰਤ ਅਕਾਲੀ ਵਰਕਰਾਂ ਨੇ ਪਾਕਿਸਤਾਨ ਦਾ ਪੁਤਲਾ ਫੂਕਿਆ।

ਇਸ ਮੌਕੇ ਮੈਂਬਰ ਪੀ. ਏ. ਸੀ. ਲਖਵਿੰਦਰ ਸਿੰਘ ਲੱਖੀ, ਯੂਥ ਆਗੂ ਕਮਲਜੀਤ ਸਿੰਘ ਕੁਲਾਰ ਅਤੇ ਪ੍ਰਧਾਨ ਵਿੱਕੀ ਨੇ ਪਾਕਿਸਤਾਨ ਸਰਕਾਰ ਨੂੰ ਨਨਕਾਣਾ ਸਾਹਿਬ ਹਮਲੇ ਲਈ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਕੱਟੜਪੰਥੀ ਅਨਸਰਾਂ ਵੱਲੋਂ ਇਹ ਹਮਲੇ ਅਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਹੋਏ ਹਮਲੇ ਅਤੇ ਪਥਰਾਅ ਅਤੇ ਸਿੱਖ ਨੌਜਵਾਨ ਦੇ ਕਤਲ ਦੀ ਮੰਦਭਾਗੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਸਿੱਖਾਂ 'ਤੇ ਅੱਤਿਆਚਾਰ ਹੋ ਰਹੇ ਹਨ। ਉਨ੍ਹਾਂ ਕਿਹਾ ਅਸੀਂ ਪਾਕਿਸਤਾਨ ਦੀਆਂ ਇਨ੍ਹਾਂ ਕੱਟੜਪੰਥੀ ਕਰਤੂਤਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਇਸ ਮੌਕੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰੀ ਵਿਦੇਸ਼ ਮੰਤਰੀ ਡਾਕਟਰ ਐੱਸ. ਜੈਸ਼ੰਕਰ ਨੂੰ ਮਿਲ ਕੇ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਦਖਲ ਦੇ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲੋਂ ਘੱਟ ਗਿਣਤੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨ ਸੰਬੰਧੀ ਭਰੋਸਾ ਲਏ। ਇਸ ਮੌਕੇ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ।  

shivani attri

This news is Content Editor shivani attri