ਨਾਈਟ ਡਿਊਟੀ ਤੋਂ ਪਰਤੇ 23 ਸਾਲਾ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਲਿਆ ਫਾਹਾ

03/06/2020 1:04:30 AM

ਜਲੰਧਰ,(ਵਰੁਣ)-ਸਵਰਣ ਨਗਰ ਵਿਚ ਨਾਈਟ ਡਿਊਟੀ ਤੋਂ ਪਰਤੇ 23 ਸਾਲਾ ਨੌਜਵਾਨ ਨੇ ਆਪਣੇ ਪਰਿਵਾਰਿਕ ਮੈਂਬਰਾਂ ਦੇ ਘਰ ਤੋਂ ਜਾਣ ਬਾਅਦ ਫਾਹਾ ਲੈ ਕੇ ਜਾਨ ਦੇ ਦਿੱਤੀ। ਦੁਪਹਿਰ ਸਮੇਂ ਜਦੋਂ ਮ੍ਰਿਤਕ ਦਾ ਭਰਾ ਅਤੇ ਭਾਬੀ ਆਏ ਤਾਂ ਅੰਦਰੋਂ ਦਰਵਾਜ਼ਾ ਨਾ ਖੁੱਲ੍ਹਣ 'ਤੇ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਦਰਵਾਜ਼ੇ ਨੂੰ ਤੋੜ ਕੇ ਦੇਖਿਆ ਤਾਂ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਥਾਣਾ ਨੰ. 1 ਦੇ ਐਡੀਸ਼ਨਲ ਮੁਖੀ ਭਗਵੰਤ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ (23) ਪੁੱਤਰ ਰਾਮ ਕੁਮਾਰ ਵਾਸੀ ਸਵਰਣ ਪਾਰਕ ਵਜੋਂ ਹੋਈ ਹੈ।
ਸੁਖਵਿੰਦਰ ਇਕ ਫੈਕਟਰੀ ਵਿਚ ਕੰਮ ਕਰਦਾ ਸੀ। ਬੁੱਧਵਾਰ ਦੀ ਰਾਤ ਉਹ ਨਾਈਟ ਡਿਊਟੀ ਤੋਂ ਪਰਤਿਆ ਤੇ ਘਰ ਆ ਕੇ ਸੌਂ ਗਿਆ ਸੀ। ਵੀਰਵਾਰ ਦੁਪਹਿਰ ਕਰੀਬ 3 ਵਜੇ ਮ੍ਰਿਤਕ ਦਾ ਭਰਾ ਅਤੇ ਭਾਬੀ ਘਰ ਆਏ ਤਾਂ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ। ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਗੁਆਂਢੀਆਂ ਨੂੰ ਇਕੱਠਾ ਕਰ ਲਿਆ। ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਸੁਖਵਿੰਦਰ ਦੀ ਲਾਸ਼ ਲਟਕ ਰਹੀ ਸੀ। ਇੰਪੈਕਟਰ ਭੁੱਲਰ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੁਖਵਿੰਦਰ ਤਿੰਨ ਚਾਰ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਅਤੇ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਖੁਦਕਸ਼ੀ ਦੇ ਕਾਰਨ ਜਾਣਨ ਲਈ ਮ੍ਰਿਤਕ ਦੀ ਫੈਕਟਰੀ ਵਿਚ ਤੇ ਮੁਹੱਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਸਹੀ ਕਾਰਨਾਂ ਦਾ ਪਤਾ ਲੱਗ ਸਕੇ।