ਭੇਤਭਰੇ ਹਾਲਾਤ ''ਚ ਨੌਜਵਾਨ ਵਲੋਂ ਖੁਦਕੁਸ਼ੀ

07/26/2019 1:42:10 AM

ਭੋਗਪੁਰ,(ਸੂਰੀ): ਭੋਗਪੁਰ ਸ਼ਹਿਰ ਵਿਚਲੇ ਲੁਹਾਰਾਂ ਰੋਡ ਸਥਿਤ ਇਕ ਟੈਂਟ 'ਚ ਕੰਮ ਕਰਨ ਵਾਲੇ ਨੌਜਵਾਨ ਵਲੋਂ ਟੈਂਟ ਹਾਊਸ ਦੁਕਾਨ ਦੀ ਉਪਰਲੀ ਮੰਜ਼ਿਲ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦੀ ਖ਼ਬਰ ਹੈ। ਥਾਣਾ ਭੋਗਪੁਰ 'ਚ ਮ੍ਰਿਤਕ ਮਨਦੀਪ ਸਿੰਘ ਦੀ ਮਾਤਾ ਕ੍ਰਿਸ਼ਨ ਕੌਰ ਪਤਨੀ ਮਥੁਰਾ ਦਾਸ ਵਾਸੀ ਪਿੰਡ ਲੁਹਾਰਾਂ (ਚਾਹੜ੍ਹਕੇ) ਨੇ ਦੱਸਿਆ ਕਿ ਉਸ ਦਾ ਪੁੱਤਰ ਮਨਦੀਪ ਸਿੰਘ ਆਪਣੇ ਤਾਏ ਦੇ ਪੁੱਤਰ ਦੀ ਭੋਗਪੁਰ ਸਥਿਤ ਟੈਂਟ ਦੀ ਦੁਕਾਨ 'ਤੇ ਨੌਕਰੀ ਕਰਦਾ ਸੀ। ਮਨਦੀਪ ਅਕਸਰ ਦੁਕਾਨ ਬੰਦ ਕਰਨ ਤੋਂ ਬਾਅਦ ਦੁਕਾਨ ਦੇ ਉੱਪਰ ਬਣੇ ਕਮਰੇ ਵਿਚ ਸੌਂ ਜਾਂਦਾ ਸੀ। ਬੁੱਧਵਾਰ ਮਨਦੀਪ ਹਰ ਰੋਜ਼ ਦੀ ਤਰ੍ਹਾਂ ਦੁਕਾਨ 'ਤੇ ਗਿਆ ਸੀ। ਸ਼ਾਮ ਨੂੰ ਮਨਦੀਪ ਦੁਕਾਨ ਬੰਦ ਕਰਨ ਤੋਂ ਬਾਅਦ ਦੁਕਾਨ ਦੇ ਉਪਰਲੇ ਕਮਰੇ 'ਚ ਸੌਂ ਗਿਆ। ਵੀਰਵਾਰ ਸਵੇਰੇ ਦੁਕਾਨ ਮਾਲਕ ਮਨਜੀਤ ਸਿੰਘ ਨੇ ਦੁਕਾਨ ਖੋਲ੍ਹੀ ਤੇ ਦੁਕਾਨ ਦੇ ਉਪਰਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਮਨਦੀਪ ਦੀ ਲਾਸ਼ ਕਮਰੇ 'ਚ ਲੱਗੇ ਪੱਖੇ ਨਾਲ ਲਟਕ ਰਹੀ ਸੀ। ਮਨਦੀਪ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਮਨਦੀਪ ਕੁਆਰਾ ਸੀ ਅਤੇ ਆਪਣੀ ਮਾਤਾ ਦਾ ਇਕਲੌਤਾ ਸਹਾਰਾ ਸੀ। ਪੁਲਸ ਵਲੋਂ ਮ੍ਰਿਤਕ ਮਨਦੀਪ ਦੇ ਮਾਤਾ ਦੇ ਬਿਆਨਾਂ ਅਨੁਸਾਰ ਧਾਰਾ 174 ਹੇਠ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।