ਰਜਿਸਟਰੀ ਕਰਵਾਉਣ ਆਈ NRI ਔਰਤ ਦੇ ਭਰਾ ਨੂੰ ਕਰਮਚਾਰੀ ਨੇ ਮਾਰਿਆ ਥੱਪੜ

02/24/2020 5:14:08 PM

ਗੋਰਾਇਆ (ਜ.ਬ.)— ਸਬ-ਤਹਿਸੀਲ ਗੋਰਾਇਆ ਆਏ ਦਿਨ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਹੁਣ ਇਕ ਵਸੀਕਾ ਨਵੀਸ ਵੱਲੋਂ ਐੱਨ. ਆਰ. ਆਈ. ਗਾਹਕ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੁੱਟਮਾਰ ਵਸੀਕਾ ਨਵੀਸ ਦੇ ਕਰਿੰਦੇ ਵੱਲੋਂ ਕੀਤੀ ਗਈ, ਜਿਸ ਨੇ ਐੱਨ.ਆਰ.ਆਈ. ਔਰਤ ਗਾਹਕ ਦੇ ਭਰਾ ਦੇ ਥੱਪੜ ਮਾਰ ਦਿੱਤਾ। ਗੱਲ ਇੰਨੀ ਵਧ ਗਈ ਕਿ ਐੱਨ. ਆਰ. ਆਈ. ਮਹਿਲਾ ਬੇਹੋਸ਼ ਹੋ ਕੇ ਉਥੇ ਡਿੱਗ ਪਈ। ਜਿਸ ਕਰਕੇ ਵਸੀਕਾ ਨਵੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਜਿਸ ਨੇ ਉਸ ਵੇਲੇ ਤਾਂ ਕਿਸੇ ਤਰ੍ਹਾਂ ਮੌਕਾ ਸੰਭਾਲਿਆ ਪਰ ਬਾਅਦ ਵਿਚ ਆਪਣੇ ਗਾਹਕਾਂ ਖਿਲਾਫ ਗੋਰਾਇਆ ਥਾਣੇ 'ਚ ਲਿਖਤੀ ਸ਼ਿਕਾਇਤ ਦੇ ਦਿੱਤੀ ਕਿ ਉਹ ਉਨ੍ਹਾਂ ਨੂੰ ਬਿਨਾਂ ਪੈਸੇ ਦਿੱਤੇ ਕੁੱਟ-ਮਾਰ ਕਰਕੇ ਰਜਿਸਟਰੀ ਲੈ ਗਏ।

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਨ.ਆਰ.ਆਈ. ਰੰਜਨਾ ਵਰਮਾ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਜੋ ਵਿਦੇਸ਼ ਤੋਂ ਆਈ ਸੀ 5 ਮਰਲੇ ਥਾਂ ਪਿੰਡ ਵਿਰਕਾਂ 'ਚ ਉਸ ਨੇ ਲਈ ਸੀ ਜਿਸ ਦੀ ਉਨ੍ਹਾਂ ਗੁਰਾਇਆ 'ਚ ਆਪਣੇ ਬੇਟੇ ਪ੍ਰਮੋਹਿਤ ਵਰਮਾ ਨੂੰ ਨਾਲ ਲੈ ਕੇ ਰਜਿਸਟਰੀ ਕਰਵਾਉਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਜਿੰਨੇ ਰੁਪਏ ਪਹਿਲਾਂ ਦੱਸੇ ਗਏ ਸਨ, ਉਹ ਉਨ੍ਹਾਂ ਨੇ 27,000 ਰੁਪਏ ਉਨ੍ਹਾਂ ਨੂੰ ਦੇ ਦਿੱਤੇ ਸਨ। ਜਿਸ ਤੋਂ ਬਾਅਦ ਇਕ ਮੁਖਤਿਆਰਨਾਮਾ ਉਨ੍ਹਾਂ ਵੱਲੋਂ ਕਰਵਾਇਆ ਜਾਣਾ ਸੀ, ਜਿਸ ਦੇ ਪੈਸੇ ਉਹ 38,000 ਰੁਪਏ ਦੀ ਮੰਗ ਕਰ ਰਿਹਾ ਸੀ, ਜੋ ਬਹੁਤ ਜ਼ਿਆਦਾ ਸੀ ਜਦੋਂ ਉਸ ਕੋਲੋਂ ਇਸ ਦੀ ਪਰਚੀ ਮੰਗੀ ਤਾਂ ਉਹ ਕੱਚੀ ਪਰਚੀ ਬਣਾ ਕੇ ਵਿਖਾ ਰਿਹਾ ਸੀ ਜਿਸ ਵਿਚ ਉਹ ਤਹਿਸੀਲਦਾਰ ਦੀ ਵੀ 1 ਫੀਸਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਮੁਖਤਿਆਰਨਾਮਾ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਇਨ੍ਹਾਂ ਵੱਲੋਂ ਕੁੱਟਮਾਰ ਸ਼ੁਰੂ ਕੀਤੀ ਗਈ, ਜੋ ਸਾਰਿਆਂ ਨੇ ਉਥੇ ਦੇਖਿਆ ਸੀ ਉਨ੍ਹਾਂ ਦੀ ਬੇਟੀ ਦੀ ਹਾਲਤ ਵੀ ਖਰਾਬ ਹੋ ਗਈ ਸੀ, ਜੋ ਬੇਹੋਸ਼ ਹੋ ਗਈ ਸੀ। ਜਿਸ ਤੋਂ ਬਾਅਦ ਇਨ੍ਹਾਂ ਨੇ ਹੱਖ ਜੋੜ ਕੇ ਸਾਨੂੰ ਰਜਿਸਟਰੀ ਦੀ ਕਾਪੀ ਆਪ ਦਿੱਤੀ ਤੇ ਬਾਅਦ 'ਚ ਥਾਣੇ ਝੂਠੀ ਸ਼ਿਕਾਇਤ ਦੇ ਦਿੱਤੀ। ਦੂਜੇ ਪਾਸੇ ਵਸੀਕਾ ਨਵੀਸ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਜਿਸਟਰੀ ਅਤੇ ਮੁਖਤਿਆਰਨਾਮੇ ਦੇ ਆਪਣੇ ਸਰਕਾਰੀ ਅਤੇ ਮਿਹਨਤ ਦੇ ਪੈਸੇ ਮੰਗੇ ਸਨ ਪਰ ਇਨ੍ਹਾਂ ਵਲੋਂ 20,000 ਰੁਪਏ ਦਿੱਤੇ ਗਏ। ਉਨ੍ਹਾਂ ਦੇ 34 ਤੋਂ 35,000 ਦੇ ਕਰੀਬ ਬਣਦੇ ਸਨ। ਇਨ੍ਹਾਂ ਦੇ ਬੇਟੇ ਵੱਲੋਂ ਕੁੱਟ-ਮਾਰ ਪਹਿਲਾਂ ਸ਼ੁਰੂ ਕੀਤੀ ਗਈ ਅਤੇ ਗਾਲੀ-ਗਲੋਚ ਕੀਤਾ ਗਿਆ ਅਤੇ ਬਿਨਾਂ ਬਕਾਇਆ ਦਿੱਤੇ ਰਜਿਸਟਰੀ ਖੋਹ ਕੇ ਲੈ ਕੇ ਚਲੇ ਗਏ। ਉਨ੍ਹਾਂ ਇਸ ਦੀ ਸ਼ਿਕਾਇਤ ਗੁਰਾਇਆ ਪੁਲਸ ਨੂੰ ਵੀ ਦਿੱਤੀ ਹੈ। ਇਸ ਸਬੰਧੀ ਐੱਸ.ਆਈ. ਜਗਦੀਸ਼ ਰਾਜ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਸੋਮਵਾਰ ਥਾਣੇ ਬੁਲਾਇਆ ਗਿਆ ਹੈ।

shivani attri

This news is Content Editor shivani attri