ਬਿਨਾਂ ਢੱਕਣ ਦਾ ਸੀਵਰੇਜ ਹੋਲ ਬਣ ਰਿਹੈ ਹਾਦਸਿਆਂ ਦਾ ਕਾਰਨ

09/20/2018 2:06:23 AM

ਨਵਾਂਸ਼ਹਿਰ,    (ਤ੍ਰਿਪਾਠੀ)- ਐੱਸ.ਐੱਸ.ਪੀ. ਦਫ਼ਤਰ ਅਤੇ ਥਾਣਾ ਸਿਟੀ ਨਵਾਂਸ਼ਹਿਰ ਦੇ ਬਾਹਰ ਬਿਨਾਂ ਢੱਕਣ ਵਾਲਾ ਸੀਵਰੇਜ ਦਾ  ਹੋਲ  ਹਾਦਸਿਆਂਂ ਦਾ ਕਾਰਨ ਬਣ  ਰਿਹਾ ਹੈ ਪਰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਿੱਥੇ ਪੀ. ਡਬਲਿਊ. ਡੀ. ਵਿਭਾਗ ਸਮੱਸਿਆ ਸਬੰਧੀ ਪੂਰੀ ਤਰ੍ਹਾਂ ਅਣਜਾਣ ਬਣਿਆ ਹੋਇਆ ਹੈ ਤਾਂ ਉੱਥੇ ਪੁਲਸ ਦੇ ਅਫਸਰ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਜਿਸ ਸਥਾਨ ’ਤੇ ਪੁਲਸ ਦੇ  ਵੱਡੇ ਅਧਿਕਾਰੀਆਂ ਤੋਂ ਇਲਾਵਾ ਸਿਆਸੀ  ਆਗੂਆਂ ਸਣੇ ਪਤਵੰਤੇ  ਲੋਕਾਂ ਦਾ  ਅਾਉਣਾ-ਜਾਣਾ ਲੱਗਾ ਰਹਿੰਦਾ ਹੈ, ਜੇਕਰ ਉਕਤ ਸਥਾਨ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਕਈ ਮਹੀਨੇ  ਗੁਜ਼ਰ ਸਕਦੇ ਹਨ ਤਾਂ ਆਮ ਲੋਕਾਂ ਦੀ ਸਮੱਸਿਆਵਾਂ ਵਾਲੇ  ਸਥਾਨਾਂ ’ਤੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ।
  ਵਾਪਰ ਚੁੱਕੇ ਹਨ ਕਈ ਸਡ਼ਕ ਹਾਦਸੇ : ਐੱਸ. ਐੱਸ. ਪੀ. ਦਫਤਰ ਗੇਟ ਦੇ ਠੀਕ ਬਾਹਰ  ਉਕਤ ਬਿਨਾਂ ਢੱਕਣ ਵਾਲੇ ਸੀਵਰੇਜ ਹੋਲ ਕਾਰਨ ਕਈ ਸਡ਼ਕ ਹਾਦਸੇ  ਹੋ ਚੁੱਕੇ ਹਨ। ਇਕ ਪੁਲਸ ਕਰਮਚਾਰੀ ਨੇ ਦੱਸਿਆ ਕਿ ਉਕਤ ਹੋਲ ਨੂੰ ਢਕਣ ਲਈ ਅਸਥਾਈ ਤੌਰ ’ਤੇ ਜੋ ਪੱਥਰ ਰੱਖਿਆ ਗਿਆ ਹੈ ਉਸ ਨੂੰ ਕਈ ਵਾਰ ਵਾਹਨ ਆਪਣੇ ਨਾਲ ਅੱਗੇ ਤੱਕ ਘਸੀਟ ਕੇ ਲੈ ਜਾਂਦੇ ਹਨ।  ਸਿਟੀ ਥਾਣਾ ਵਿਖੇ ਕੰਮ ਦੇ ਸਿਲਸਿਲੇ ਵਿਚ ਆਏ ਕੁਝ ਵਿਅਕਤੀਆਂ ਨੇ ਪੁਲਸ ਪ੍ਰਸ਼ਾਸਨ ਅਤੇ ਪੀ. ਡਬਲਿਊ. ਡੀ. ਵਿਭਾਗ ਤੋਂ ਬਿਨਾਂ ਢੱਕਣ ਦੇ ਹੋਲ ਨੂੰ ਕਵਰ ਕਰਵਾਉਣ ਦੀ ਮੰਗ ਕੀਤੀ ਹੈ ਤਾਂ  ਜੋ ਹਾਦਸਿਆਂ ਤੋਂ ਬਚਿਆ  ਜਾ ਸਕੇ।  
 ਕੀ ਕਹਿਣੈ ਐੱਸ. ਐੱਚ. ਓ. ਦਾ : ਜਦੋਂ ਇਸ ਸਬੰਧ ਵਿਚ ਥਾਣਾ ਸਿਟੀ ਦੇ ਐੱਸ. ਐੱਚ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਸਮੱਸਿਆ ਨੂੰ ਸਬੰਧਤ ਵਿਭਾਗ ਦੇ ਧਿਆਨ ਵਿਚ ਲਿਆਉਣ  ਦੇ ਬਾਵਜੂਦ ਹੁਣ ਤੱਕ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੱਸਿਆ ਸਬੰਧੀ  ਵਿਭਾਗ ਨੂੰ ਮੁਡ਼  ਯਾਦ ਕਰਵਾਇਆ ਜਾਵੇਗਾ।
ਕੀ ਕਹਿੰਦੇ ਹਨ ਪੀ. ਡਬਲਿਊ. ਡੀ. ਵਿਭਾਗ ਦੇ ਜੇ.ਈ. : ਜਦੋਂ   ਪੀ.ਡਬਲਿਊ. ਡੀ.   ਦੇ ਜੇ. ਈ. ਨਾਲ  ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁਕਿਆ ਹਾਲਾਂਕਿ ਮਹੀਨਾ ਪਹਿਲਾਂ ਉਨ੍ਹਾਂ ਨੇ ਇਸ ਦਾ ਹੱਲ 1-2 ਦਿਨਾਂ ਵਿਚ ਕੀਤੇ ਜਾਣ ਦਾ ਭਰੋਸਾ ਦਿੱਤਾ ਸੀ।