ਤਿੱਖੀ ਗਰਮੀ ਕਾਰਨ ਘੱਟ ਨਿਕਲ ਰਿਹਾ ਕਣਕ ਦਾ ਝਾੜ, ਕਿਸਾਨ ਮਾਯੂਸ

04/11/2022 4:30:48 PM

ਸੁਲਤਾਨਪੁਰ ਲੋਧੀ (ਸੋਢੀ)-ਸੂਬਾ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ ਆਰੰਭ ਕਰਦਿਆਂ ਹੀ ਹਲਕਾ ਸੁਲਤਾਨਪੁਰ ਲੋਧੀ ’ਚ ਪੱਕੀ ਹੋਈ ਕਣਕ ਦੀ ਫਸਲ ਦੀ ਕੰਬਾਈਨਾਂ ਨਾਲ ਕਟਾਈ ਦਾ ਕੰਮ ਤੇਜ਼ ਹੋ ਗਿਆ ਹੈ। ਉੱਧਰ ਮੰਡੀਆਂ ’ਚ ਵੀ ਫਸਲ ਦੀ ਖਰੀਦ ਦੀ ਰਫਤਾਰ ਨੇ ਤੇਜ਼ੀ ਫੜ ਲਈ ਹੈ। 9 ਤੇ 10 ਅਪ੍ਰੈਲ ਨੂੰ ਦਾਣਾ ਮੰਡੀ ਸੁਲਤਾਨਪੁਰ ਲੋਧੀ ’ਚ ਵੱਖ-ਵੱਖ ਆੜ੍ਹਤੀਆਂ ਦੇ ਫੜ੍ਹਾਂ ’ਚ ਕਣਕ ਦੀਆਂ ਢੇਰੀਆਂ ਦੇਖੀਆਂ ਗਈਆਂ, ਜੋ ਨਾਲੋ-ਨਾਲ ਹੀ ਪੱਖਾ ਲਗਾ ਕੇ ਸਫ਼ਾਈ ਕਰਨ ਉਪਰੰਤ ਤੋਲ ਲਗਾ ਕੇ ਕਿਸਾਨਾਂ ਨੂੰ ਪਰਚੀ ਦੇ ਕੇ ਘਰ ਭੇਜਿਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ ਤੇ ਹੋਰ ਦਾਣਾ ਮੰਡੀਆਂ ਦਾ ਦੌਰਾ ਕਰਨ ’ਤੇ ਦੇਖਿਆ ਗਿਆ ਕਿ ਜਿਹੜੇ ਕਿਸਾਨ 9 ਅਪ੍ਰੈਲ ਸ਼ਾਮ ਨੂੰ ਕਣਕ ਦੀ ਫਸਲ ਕਟਾ ਕੇ ਟਰਾਲੀਆਂ ਲੈ ਕੇ ਮੰਡੀ ਆਏ ਸਨ, ਉਹ ਰਾਤੋ-ਰਾਤ ਹੀ ਕਣਕ ਨੂੰ ਤੋਲ ਲਗਵਾ ਕੇ ਘਰਾਂ ਨੂੰ ਪਰਤ ਗਏ। ਇਲਾਕੇ ਦੇ ਕਿਸਾਨਾਂ ਤੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਇਸ ਵਾਰ ‘ਆਪ’ ਦੀ ਸਰਕਾਰ ਸਮੇਂ ਮੰਡੀਆਂ ’ਚ ਵੀ ਵਿਸ਼ੇਸ਼ ਬਦਲਾਅ ਵੇਖਣ ਨੂੰ ਮਿਲ ਰਹੇ ਹਨ।

ਇਹ ਵੀ ਪੜ੍ਹੋ : ਮਾਮਲਾ ਪੰਜਾਬ ਪ੍ਰਧਾਨ ਦੀ ਨਿਯੁਕਤੀ ਦਾ, ਕੀ ਮੋਦੀ ਨਾਲ ਮੁਲਾਕਾਤ ਕਾਰਨ ਬਿੱਟੂ ਨੂੰ ਦਿੱਤਾ ਗਿਆ ਝਟਕਾ

ਉਧਰ ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਦੇ ਸਿੱਟੇ ਨਿਕਲਣ ਸਮੇਂ ਹੀ ਜਦੋਂ ਦਾਣਾ ਪੈ ਰਿਹਾ ਸੀ ਤਾਂ ਇਕਦਮ ਤੇਜ਼ ਧੁੱਪਾਂ ਤੇ ਤਿੱਖੀ ਗਰਮੀ ਸ਼ੁਰੂ ਹੋ ਗਈ ਸੀ, ਜਿਸ ਕਾਰਨ ਕਣਕ ਦਾ ਦਾਣਾ ਬਾਰੀਕ ਰਹਿ ਗਿਆ ਤੇ ਕਣਕ ਦਾ ਪ੍ਰਤੀ ਏਕੜ ਝਾੜ ਪਿਛਲੇ ਸਾਲਾਂ ਨਾਲੋਂ 4 ਤੋਂ 6 ਕੁਇੰਟਲ ਘੱਟ ਮਿਲ ਰਿਹਾ ਹੈ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਕੀ ਕਹਿਣੈ ਕਿਸਾਨਾਂ ਅਤੇ ਆੜ੍ਹਤੀਆਂ ਦਾ
ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ ਅਨੁਸਾਰ ਉਨ੍ਹਾਂ ਨੂੰ ਕਣਕ ਦਾ ਸਵਾ 19 ਕੁਇੰਟਲ ਪ੍ਰਤੀ ਏਕੜ ਦੀ ਔਸਤ ਆਈ ਹੈ, ਜਦਕਿ ਪਹਿਲਾਂ 22 ਤੋਂ 24 ਕੁਇੰਟਲ ਤੱਕ ਵੀ ਝਾੜ ਮਿਲਦਾ ਸੀ। ਇਸੇ ਤਰ੍ਹਾਂ ਆੜ੍ਹਤੀ ਰਾਮ ਸਿੰਘ ਪਰਮਜੀਤਪੁਰ ਨੇ ਦੱਸਿਆ ਕਿ ਗਰਮੀ ਜ਼ਿਆਦਾ ਪੈਣ ਕਾਰਨ ਕੁਝ ਕਿਸਾਨਾਂ ਨੂੰ ਸਿਰਫ 14 ਤੋਂ 16 ਕੁਇੰਟਲ ਹੀ ਝਾੜ ਮਿਲ ਰਿਹਾ, ਜੋ ਬਹੁਤ ਘੱਟ ਹੈ। ਆੜ੍ਹਤੀ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਆੜ੍ਹਤੀ ਬਲਦੇਵ ਸਿੰਘ ਮੰਗਾ ਤੇ ਆੜ੍ਹਤੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਮੰਡੀਆਂ ’ਚ ਕਣਕ ਦੀ ਖਰੀਦ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੈ ਤੇ ਲਿਫਟਿੰਗ ਵੀ ਨਾਲੋ-ਨਾਲ ਹੋ ਰਹੀ ਹੈ, ਜੋ ਸੁਧਾਰ ਲਈ ਚੰਗੀ ਪਹਿਲ ਹੈ। ਆੜ੍ਹਤੀ ਸੋਨੂੰ ਰਾਮੇ ਨੇ ਦੱਸਿਆ ਕਿ ਕਿਸਾਨਾਂ ਨੂੰ ਪਹਿਲਾਂ ਨਾਲੋਂ ਕੁਝ ਘੱਟ ਝਾੜ ਮਿਲ ਰਿਹਾ ਹੈ। ਆੜ੍ਹਤੀ ਸਤਪਾਲ ਮਦਾਨ ਨੇ ਦੱਸਿਆ ਕਿ ਕੁਝ ਕਿਸਾਨਾਂ ਨੂੰ ਹੁਣ ਵੀ ਕਣਕ ਦਾ ਝਾੜ 20 ਤੋਂ 22 ਕੁਇੰਟਲ ਨਿਕਲ ਰਿਹਾ ਹੈ।

ਹੈਬਤਪੁਰ ਦੇ ਸਰਪੰਚ ਜਸਵਿੰਦਰ ਸਿੰਘ ਨੰਡਾ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਭਾਰੀ ਬਾਰਿਸ਼ ਹੋ ਗਈ ਸੀ ਤੇ ਖੇਤਾਂ ’ਚ ਜ਼ਿਆਦਾ ਪਾਣੀ ਭਰ ਗਿਆ ਸੀ, ਜਿਸ ਨੂੰ ਕੱਢਣ ਲਈ ਕਿਸਾਨਾਂ ਨੂੰ ਕਈ ਪਾਪੜ ਵੇਲਣੇ ਪਏ ਤੇ ਹੁਣ ਜਦ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਝਾੜ ’ਤੇ ਅਸਰ ਪੈਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)

Manoj

This news is Content Editor Manoj