ਚੌਕੀਦਾਰਾਂ ਨੂੰ ਬੰਨ੍ਹ ਕੇ ਲੁਟੇਰਿਆਂ ਨੇ ਪੰਜਾਬ ਐਗਰੋ ਦਾ ਗੋਦਾਮ ਲੁੱਟਿਆ

08/26/2019 6:44:32 PM

ਗੁਰਾਇਆ (ਹੇਮੰਤ)— ਚੋਰਾਂ ਨੇ ਪੰਜਾਬ ਐਗਰੋ ਦੇ ਗੋਦਾਮ 'ਚ ਬੀਤੀ ਰਾਤ 1.30 ਵਜੇ ਮੌਜੂਦ ਚੌਕੀਦਾਰ ਅਤੇ ਹੋਰ ਲੋਕਾਂ ਨੂੰ ਕਮਰਿਆਂ 'ਚ ਬੰਦੀ ਬਣਾ ਕੇ 466 ਬੋਰੀਆਂ ਕਣਕ ਦੀਆਂ ਚੋਰੀ ਕਰ ਲਈਆਂ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਅੱਧੀ ਰਾਤ ਤੋਂ ਬਾਅਦ ਗੋਦਾਮ 'ਤੇ ਧਾਵਾ ਬੋਲ ਕੇ ਉਥੇ ਮੌਜੂਦ 3 ਚੌਕੀਦਾਰਾਂ ਦਿਨੇਸ਼ ਕੁਮਾਰ , ਜਗਦੀਸ਼ ਲਾਲ ਦੋਵੇਂ ਵਾਸੀ ਮਿੱਠੜਾ ਅਤੇ ਰਾਜੇਸ਼ ਕੁਮਾਰ ਵਾਸੀ ਰਾਮਗੜ੍ਹੀਆ ਮੁਹੱਲਾ ਗੁਰਾਇਆ ਅਤੇ ਹੋਰ ਰਹਿੰਦੇ ਲੋਕਾਂ ਨੂੰ ਰਿਵਾਲਵਰ ਅਤੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਪਹਿਲਾਂ ਉਨ੍ਹਾਂ ਤੋਂ ਮੋਬਾਇਲ ਤੇ 21,000 ਰੁਪਏ ਦੀ ਨਕਦੀ ਖੋਹ ਲਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਕਮਰਿਆਂ ਵਿਚ ਬੰਦ ਕਰਕੇ ਉਥੋਂ ਕਣਕ ਦੀਆਂ ਬੋਰੀਆਂ ਵਾਹਨ 'ਚ ਲੱਦ ਕੇ ਫਰਾਰ ਹੋ ਗਏ।

ਲੁਟੇਰਿਆਂ ਦੇ ਜਾਣ ਤੋਂ ਬਾਅਦ ਚੌਕੀਦਾਰਾਂ ਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਖੋਲ੍ਹ ਕੇ ਪੁਲਸ ਨੂੰ ਫੋਨ ਕੀਤਾ। ਮੌਕੇ 'ਤੇ ਰਾਜਵੀਰ ਸਿੰਘ ਐੱਸ. ਪੀ. ਡੀ., ਦਵਿੰਦਰ ਅਤਰੀ ਡੀ. ਐੱਸ. ਪੀ. ਫਿਲੌਰ ਅਤੇ ਕੇਵਲ ਸਿੰਘ ਐੱਸ. ਐੱਚ. ਓ. ਗੁਰਾਇਆ ਵੱਡੀ ਗਿਣਤੀ 'ਚ ਪੁਲਸ ਫੋਰਸ ਸਮੇਤ ਪੁੱਜੇ ਹੋਏ ਸਨ। ਪੁਲਸ ਨੇ ਇਸ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਖ਼ਬਰ ਲਿਖੇ ਜਾਣ ਤਕ ਪੁਲਸ ਹਾਈਵੇ 'ਤੇ ਲੱਗੇ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਘਾਲ ਰਹੀ ਸੀ ਪਰ ਅਜੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪੰਜਾਬ ਐਗਰੋ ਦੇ ਡੀ. ਐੱਮ. ਸੁਖਜਿੰਦਰ ਸਿੰਘ ਨੇ ਵੀ ਮੌਕੇ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ।

shivani attri

This news is Content Editor shivani attri