ਮੌਸਮ ਸਾਫ ਹੋਣ ''ਤੇ ਮੰਡੀਆਂ ''ਚ ਲੱਗੀਆਂ ਰੌਣਕਾਂ, ਕਣਕ ਦੀ ਆਮਦ ਤੇਜ਼ੀ ਨਾਲ ਸ਼ੁਰੂ

04/21/2019 1:26:39 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ 2 ਦਿਨਾਂ ਤੋਂ ਦੋਬਾਰਾ ਮੌਸਮ ਸਾਫ ਹੋਣ 'ਤੇ ਕਣਕ ਦੀ ਵਾਢੀ ਨੇ ਇਕਦਮ ਜ਼ੋਰ ਫੜ ਲਿਆ ਹੈ ਅਤੇ ਕਿਸਾਨ ਮੌਸਮ ਦੇ ਡਰ ਵਜੋਂ ਕਣਕ ਦੀ ਕਟਾਈ ਤੇਜ਼ੀ ਨਾਲ ਕਰਾਉਣ 'ਚ ਜੁੱਟ ਗਏ ਹਨ। ਹਾਲਾਂਕਿ ਹਾਲੇ ਵੀ ਮੌਸਮ 'ਚ ਰਾਤ ਤੇ ਸਵੇਰ ਨੂੰ ਮੌਸਮ ਠੰਡਾ ਹੋਣ ਕਾਰਨ ਹਵਾ 'ਚ ਨਮੀ ਦੀ ਮਾਤਰਾ ਜ਼ਿਆਦਾ ਆ ਰਹੀ ਹੈ ਪਰ ਕਿਸਾਨ ਕਣਕ ਦੀ ਕਟਾਈ ਲਈ ਕਾਹਲੇ ਬੈਠੇ ਹਨ। ਜਲਦਬਾਜ਼ੀ 'ਚ ਕਣਕ ਦੀ ਕਟਾਈ ਕਰ ਕੇ ਫਸਲ ਨੂੰ ਮੰਡੀ 'ਚ ਖਿਲਾਰ ਕੇ ਸੁਕਾਉਣਾ ਪੈ ਰਿਹਾ ਹੈ, ਜਿਸ ਕਾਰਨ ਮਜ਼ਦੂਰੀ ਵੀ ਦੁੱਗਣੀ ਕਿਸਾਨ ਨੂੰ ਦੇਣੀ ਪੈ ਰਹੀ ਹੈ।
ਕਣਕ ਦੀ ਆਮਦ ਸਿਰਫ 267 ਮੀਟ੍ਰਿਕ ਟਨ ਹੀ ਹੋ ਸਕੀ
ਸੁਲਤਾਨਪੁਰ ਲੋਧੀ 'ਚ ਪੈਂਦੀ ਮੰਡੀਆਂ ਤੇ ਫੋਕਲ ਪੁਆਇੰਟਾਂ 'ਚ ਹਾਲੇ ਤਕ ਸਿਰਫ ਸੁਲਤਾਨਪੁਰ ਲੋਧੀ ਦੀ ਮੁੱਖ ਦਾਣਾ ਮੰਡੀ ਸਮੇਤ ਟਿੱਬਾ, ਡੱਲਾ ਅਤੇ ਮੈਰੀਪੁਰ, ਕਬੀਰਪੁਰ 'ਚ ਕਣਕ ਦੀ ਆਮਦ ਸ਼ੁਰੂ ਹੋਣ ਕਾਰਨ ਖਰੀਦ ਸ਼ੁਰੂ ਹੋਈ ਹੈ ਪਰ ਬਾਕੀ ਹੋਰ ਮੰਡੀਆਂ 'ਚ ਕਣਕ ਦੀ ਆਮਦ ਨਾ ਹੋਣ ਕਾਰਨ ਹਾਲੇ ਤੱਕ ਜਿੱਥੇ ਮੰਡੀਆਂ ਖਾਲੀ ਪਈਆਂ ਹਨ ਉੱਥੇ ਖਰੀਦ ਵੀ ਨਹੀਂ ਹੋ ਰਹੀ ਹੈ। ਗੌਰਤਲਬ ਹੈ ਕਿ ਹਲਕਾ ਸੁਲਤਾਨਪੁਰ ਲੋਧੀ 'ਚ ਮੁੱਖ ਦਾਣਾ ਮੰਡੀ ਸੁਲਤਾਨਪੁਰ ਲੋਧੀ ਸਮੇਤ ਪਿੰਡ ਟਿੱਬਾ, ਤਲਵੰਡੀ ਚੌਧਰੀਆਂ, ਕਬੀਰਪੁਰ, ਡੱਲਾ, ਪਰਮਜੀਤਪੁਰ, ਡਡਵਿੰਡੀ, ਕਮਾਲਪੁਰ, ਮੈਰੀਪੁਰ, ਭਰੋਆਣਾ ਸਹਿਤ ਮੰਡੀਆਂ ਤੇ ਕੁਝ ਫੋਕਲ ਪੁਆਇੰਟ ਹਨ, ਜਿਨ੍ਹਾਂ 'ਤੇ ਹਰ ਸਾਲ ਕਣਕ ਦੀ ਆਮਦ ਹੁੰਦੀ ਹੈ ਪਰ ਇਸ ਵਾਰ ਹੁਣ ਤਕ ਸਿਰਫ ਸੁਲਤਾਨਪੁਰ ਟਿੱਬਾ, ਮੈਰੀਪੁਰ, ਭਰੋਆਣਾ 'ਚ ਕਣਕ ਦੀ ਆਮਦ ਸਿਰਫ 267 ਮੀਟ੍ਰਿਕ ਟਨ ਹੀ ਹੋ ਸਕੀ ਹੈ, ਜਿਸ 'ਚੋਂ ਖਰੀਦ ਸਿਰਫ 22 ਮੀਟ੍ਰਿਕ ਟਨ ਦੀ ਹੀ ਸੰਭਵ ਹੋ ਈ ਹੈ ਜਦਕਿ ਪਿਛਲੇ ਸਾਲ ਹੁਣ ਤੱਕ 56 ਹਜ਼ਾਰ 839 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਸੀ।
ਅਗਲੇ ਹਫਤੇ ਤਕ ਹੋਰ ਜ਼ੋਰ ਫੜ ਲਵੇਗੀ ਕਣਕ ਦੀ ਆਮਦ ਅਤੇ ਖਰੀਦ
ਕਣਕ ਦੀ ਆਮਦ ਅਤੇ ਖਰੀਦ ਸਬੰਧੀ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਸੈਕਟਰੀ ਜਥੇ. ਜੁਗਰਾਜ ਪਾਲ ਸਿੰਘ ਸਾਹੀ ਨੇ ਦੱਸਿਆ ਕਿ ਕਣਕ ਦੀ ਆਮਦ ਅਤੇ ਖਰੀਦ ਦਾ ਮੁੱਖ ਕਾਰਨ ਬੇਮੌਸਮੀ ਪਈ ਬਾਰਿਸ਼ ਤੇ ਹਨੇਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਿਛਲੇ ਸਾਲ ਨਾਲੋਂ ਕਣਕ ਦੀ ਕਟਾਈ ਲੇਟ ਸੀ ਪਰ ਮੌਸਮ ਦੀ ਖਰਾਬੀ ਨੇ ਹੋਰ ਫਸਲ ਨੂੰ ਲੇਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਸਮ ਦੇ ਡਰੋਂ ਕਿਸਾਨ ਕਟਾਈ ਲਈ ਕਾਹਲੀ ਤਾਂ ਕਰ ਰਹੇ ਹਨ ਪਰ ਕੀ ਫਾਇਦਾ ਕਿਉਂਕਿ ਮੁੜ ਮੰਡੀ 'ਚ ਲਿਆ ਕੇ ਉਸ ਦੀ ਨਮੀ ਦੀ ਮਾਤਰਾ ਨੂੰ ਘੱਟ ਕਰਨ ਲਈ ਸੁਕਾਉਣਾ ਪੈ ਰਿਹਾ ਹੈ ਤੇ ਮਜ਼ਦੂਰੀ ਵੀ ਦੁਗਣੀ ਦੇਣੀ ਪੈ ਰਹੀ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੀ ਫਸਲ ਦਾ ਇਕ-ਇਕ ਦਾਣਾ ਖਰੀਦੇਗੀ ਇਸ ਲਈ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਮੌਸਮ ਸਾਫ ਹੋ ਗਿਆ ਹੈ ਅਤੇ ਦੋ-ਚਾਰ ਦਿਨ ਲੇਟ ਵੀ ਕਟਾਈ ਸ਼ੁਰੂ ਕਰਨ ਤਾਂ ਜੋ ਮੰਡੀ 'ਚ ਫਸਲ ਲਿਆਉਣ ਉਪਰੰਤ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

shivani attri

This news is Content Editor shivani attri