ਇਹ ਕਿਹੋ ਜਿਹਾ ਹਾਈ ਅਲਰਟ ! ਸਵੇਰੇ ਪੁਲਸ ਚੈਕਿੰਗ, ਸ਼ਾਮ ਨੂੰ ਇਕ ਵੀ ਮੁਲਾਜ਼ਮ ਨਹੀਂ

11/17/2018 6:59:45 AM

ਜਲੰਧਰ, (ਵਰੁਣ)— ਇਕ ਪਾਸੇ ਪੰਜਾਬ ਵਿਚ ਅੱਤਵਾਦੀ ਲੁਕੇ ਹੋਣ ਦੇ ਇਨਪੁਟ ਕਾਰਨ ਪੰਜਾਬ  ਦੇ ਸਾਰੇ ਜ਼ਿਲੇ ਹਾਈ ਅਲਰਟ ਹਨ ਤਾਂ ਦੂਜੇ ਪਾਸੇ ਹਾਈ ਅਲਰਟ ਨੂੰ ਸਿਰਫ ਫੋਟੋ ਸੈਸ਼ਨ ਬਣਾ  ਕੇ ਰੱਖ ਦਿੱਤਾ ਹੈ। ਕੁਝ ਅਜਿਹਾ ਹੀ ਸ਼ੁੱਕਰਵਾਰ ਦੀ ਸਵੇਰ ਬੱਸ ਸਟੈਂਡ ਵਿਚ ਹੋਈ ਚੈਕਿੰਗ  ਤੋਂ ਬਾਅਦ ਵੇਖਣ ਨੂੰ ਮਿਲਿਆ। ਪੁਲਸ ਫੋਰਸ ਡਾਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਨੂੰ ਨਾਲ  ਲੈ ਕੇ ਬੱਸ ਸਟੈਂਡ ਵਿਚ ਬੱਸਾਂ ਤੋਂ ਲੈ ਕੇ ਪਾਰਕਿੰਗ ਥਾਵਾਂ ਦੀ ਸਰਚ ਕਰਨ ਨੂੰ ਪਹੁੰਚੀ   ਪਰ ਸ਼ਾਮ ਦੇ ਸਮੇਂ ਬੱਸ ਸਟੈਂਡ ਵਿਚ ਸੁਰੱਖਿਆ ਦਾ ਇਕ ਵੀ ਇੰਤਜ਼ਾਮ ਨਹੀਂ ਸੀ। 
‘ਜਗ  ਬਾਣੀ’ ਨੇ ਸ਼ੁੱਕਰਵਾਰ ਦੇ ਅੰਕ ਵਿਚ ਸ਼ਹਿਰ ਨੂੰ ਪੁਲਸ ਨਾਕਿਆਂ ’ਤੇ ਗਾਇਬ ਪੁਲਸ ਕਰਮਚਾਰੀਆਂ  ਦੀ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਸੀ। ਰਾਤ ਨੂੰ ਵੀ ਸਿਟੀ ਦੀ ਸੁਰੱਖਿਆ ਦਾ ਕੋਈ  ਇੰਤਜ਼ਾਮ ਨਹੀਂ ਸੀ ਪਰ ਸਵੇਰੇ ਜਦੋਂ ਬੱਸ ਸਟੈਂਡ ਵਿਚ ਚੈਕਿੰਗ ਦੇ ਨਾਂ ’ਤੇ ਫੋਟੋ ਸੈਸ਼ਨ  ਖਤਮ ਹੋਇਆ ਤਾਂ ਉਸਦੇ ਬਾਅਦ ਬੱਸ ਸਟੈਂਡ ਵੀ  ਭਗਵਾਨ ਭਰੋਸੇ ਛੱਡ ਦਿੱਤਾ ਗਿਆ। ਚੈਕਿੰਗ  ਵਿਚ ਪੁਲਸ ਨੇ ਬੱਸਾਂ ਨੂੰ ਚੈੱਕ ਕੀਤਾ। ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਪਰ ਪੁਲਸ  ਫੋਰਸਿਜ਼ ਦੇ ਜਾਂਦੇ ਹੀ ਬੱਸ ਸਟੈਂਡ ਵਿਚ ਇਕ ਵੀ ਮੁਲਾਜ਼ਮ ਨਹੀਂ ਦਿਸਿਆ। ਯਾਤਰੀਆਂ ਦੀ  ਭੀੜ ਜ਼ਰੂਰ ਸੀ ਪਰ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵੀ ਪੁਲਸ ਮੁਲਾਜ਼ਮ ਨਹੀਂ ਸੀ। ਦੱਸ ਦੇਈਏ  ਕਿ ਥਾਣਾ ਮਕਸੂਦਾਂ ਵਿਚ ਬੰਬ ਧਮਾਕੇ, ਸੀ. ਟੀ. ਇੰਸਟੀਚਿਊਟ ਤੋਂ ਫੜੇ ਗਏ ਅੱਤਵਾਦੀਆਂ  ਦੇ ਬਾਅਦ ਅਜੇ ਹੋਰ ਵੀ ਅੱਤਵਾਦੀ ਪੰਜਾਬ ਵਿਚ ਲੁਕੇ ਹੋਣ ਦੇ ਇਨਪੁਟ ਹਨ। ਜਦਕਿ  ਜੈਸ਼-ਏ-ਮੁਹੰਮਦ ਦਾ ਅੱਤਵਾਦੀ ਤੇ ਆਨੰਦ ਗਜਾਵਤ ਉਲ ਹਿੰਦ ਦਾ ਚੀਫ ਜ਼ਾਕਿਰ ਮੂਸਾ ਨੂੰ  ਅੰਮ੍ਰਿਤਸਰ ਵੇਖੇ ਜਾਣ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਕੀਤਾ ਹੋਇਆ ਹੈ।

ਰੇਲਵੇ ਸਟੇਸ਼ਨ  ’ਤੇ ਚਲਾਈ ਚੈਕਿੰਗ ਮੁਹਿੰਮ
ਰੇਲਵੇ  ਸਟੇਸ਼ਨ ’ਤੇ ਵੀ ਥਾਣਾ ਨੰਬਰ 3 ਦੀ ਪੁਲਸ ਨੇ ਚੈਕਿੰਗ ਮੁਹਿੰਮ ਚਲਾਈ ਹੈ। ਡਾਗ ਸਕੁਐਡ  ਨੂੰ ਲੈ ਕੇ ਪਹੁੰਚੀ ਪੁਲਸ ਟੀਮ ਨੇ ਯਾਤਰੀਆਂ ਦੇ ਸਾਮਾਨ ਨੂੰ ਚੈੱਕ ਕੀਤਾ ਅਤੇ ਪਛਾਣ  ਪੱਤਰ ਵੀ ਵੇਖੇ। ਥਾਣਾ ਨੰਬਰ 3 ਦੇ ਮੁਖੀ ਵਿਜੇ ਕੰਵਰਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ  ਦੇ ਅੰਦਰ ਦੁਕਾਨਦਾਰਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ ਅਤੇ ਕਿਸੇ ਵੀ ਸ਼ੱਕੀ ਵਿਅਕਤੀ  ਦੇ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ ਹੈ।