ਬੰਟੀ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ : ਨਿਮਿਸ਼ਾ ਮਹਿਤਾ

12/15/2019 6:51:34 PM

ਗੜ੍ਹਸ਼ੰਕਰ, (ਜ. ਬ.)—ਬੀਤੇ ਦਿਨੀਂ ਪਿੰਡ ਸੇਖੋਵਾਲ ਵਿਖੇ ਕਤਲ ਕੀਤੇ ਗਏ ਨੌਜਵਾਨ ਦਵਿੰਦਰ ਪ੍ਰਕਾਸ਼ ਸਿੰਘ ਉਰਫ ਬੰਟੀ ਦੇ ਕੇਸ ’ਚ ਪੁਲਸ ਵੱਲੋਂ ਪੂਰੀਆਂ ਗ੍ਰਿਫ਼ਤਾਰੀਆਂ ਨਾ ਹੋਣ ’ਤੇ ਬੰਗਾ ਚੌਕ ’ਚ ਲਾਏ ਧਰਨੇ ਵਿਚ ਪਹੁੰਚੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਪਰਿਵਾਰ ਨਾਲ ਹੋਏ ਇਸ ਮੰਦਭਾਗੇ ਅਪਰਾਧ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ।

ਧਰਨੇ ਤੋਂ ਬਾਅਦ ਦਵਿੰਦਰ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਧਰਨਾਕਾਰੀਆਂ ਨੇ ਨਿਮਿਸ਼ਾ ਮਹਿਤਾ ਨੂੰ ਮਿਲ ਕੇ ਆਪਣੇ ਨਾਲ ਹੋ ਰਹੀ ਧੱਕੇਸ਼ਾਹੀ ਬਾਰੇ ਦੱਸਿਆ। ਇਸ ਦੌਰਾਨ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੁਲਸ ਨੂੰ ਇਸ ਕੇਸ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣ ਦਿੱਤੀ ਜਾਵੇਗੀ। ਜੇਕਰ ਕਿਸੇ ਵੀ ਪੁਲਸ ਮੁਲਾਜ਼ਮ ਨੇ ਕਾਤਲ ਧਿਰ ਦਾ ਸਾਥ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਖਤਰਨਾਕ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਬੰਟੀ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਪੁਲਸ ਨੇ ਕਾਤਲਾਂ ਨੂੰ ਮਿੱਥੇ ਸਮੇਂ ਦੌਰਾਨ ਗ੍ਰਿਫਤਾਰ ਨਾ ਕੀਤਾ ਤਾਂ ਉਹ ਆਪਣੇ ਸਾਥੀਆਂ ਸਮੇਤ ਸਖਤ ਸੰਘਰਸ਼ ਕਰਨਗੇ ਅਤੇ ਬੰਟੀ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਰਹਾਂਗੇ। ਇਥੇ ਦੱਸ ਦੇਈਏ ਕਿ ਪੁਲਸ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪਰਿਵਾਰ ਤੋਂ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ ਅਤੇ ਸੋਮਵਾਰ ਤੋਂ ਬਾਅਦ ਹੀ ਉਕਤ ਨੌਜਵਾਨ ਦਾ ਸਸਕਾਰ ਕੀਤਾ ਜਾਵੇਗਾ।

Bharat Thapa

This news is Content Editor Bharat Thapa