ਸੁਰੇਸ਼ ਸਹਿਗਲ ਦੀ ਭਾਲ ’ਚ ਪੰਚਕੂਲਾ ’ਚ ਵੀ ਹੋਈ ਛਾਪੇਮਾਰੀ

11/13/2018 5:21:02 AM

ਜਲੰਧਰ,    (ਖੁਰਾਣਾ)—  ਸਥਾਨਕ ਫਗਵਾੜਾ ਗੇਟ ’ਚ ਹੋ ਰਹੀ ਨਾਜਾਇਜ਼ ਉਸਾਰੀ ਨੂੰ ਰੁਕਵਾਉਣ  ਗਏ ਬਿਲਡਿੰਗ ਇੰਸੈਪਕਟਰ ਨੂੰ ਸਾਬਕਾ ਮੇਅਰ ਸੁਰੇਸ਼ ਸਹਿਗਲ ਅਤੇ ਹੋਰਾਂ ਵਲੋਂ  ਕੁੱਟੇ  ਜਾਣ ਦੀ ਘਟਨਾ ਨੂੰ 2 ਹਫਤੇ ਬੀਤ ਚੁੱਕੇ ਹਨ, ਜਿਸ ਕਾਰਨ ਸਾਬਕਾ ਮੇਅਰ ’ਤੇ ਐੱਫ. ਆਈ.  ਆਰ. ਵੀ ਦਰਜ ਹੈ। ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਜ਼ਮਾਨਤ ਰਿੱਟ ਵੀ ਖਾਰਜ  ਹੋ ਚੁੱਕੀ ਹੈ  ਅਤੇ ਹਾਈ ਕੋਰਟ ਨੇ ਅਜੇ ਤੱਕ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ। ਅਜਿਹੇ ਵਿਚ ਜਲੰਧਰ ਪੁਲਸ  ਨੇ ਸਾਬਕਾ ਮੇਅਰ ਸਹਿਗਲ ਦੀ ਭਾਲ ਵਿਚ ਛਾਪੇਮਾਰੀ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ  ਕਿਉਂਕਿ ਨਗਰ ਨਿਗਮ ਦੇ ਸਾਰੇ ਕਰਮਚਾਰੀ ਇਸ ਕਾਂਡ ਦੇ ਵਿਰੋਧ ਵਿਚ ਹੜਤਾਲ ’ਤੇ ਚੱਲ ਰਹੇ  ਹਨ। ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੁੰਦਾ ਵੇਖ ਹੁਣ ਕਾਂਗਰਸੀ ਆਗੂਆਂ ਨੇ ਵੀ ਸਾਬਕਾ ਮੇਅਰ  ਦੀ ਗ੍ਰਿਫਤਾਰੀ ਲਈ ਪੁਲਸ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ।  ਪੁਲਸ ਸੂਤਰਾਂ ਦਾ  ਕਹਿਣਾ ਹੈ ਕਿ ਸਾਬਕਾ ਮੇਅਰ ਸਹਿਗਲ ਦੀ ਭਾਲ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ ਜਾ ਚੁੱਕੇ  ਹਨ ਅਤੇ ਬੀਤੇ ਦਿਨ ਪੁਲਸ ਉਨ੍ਹਾਂ ਨੂੰ ਲੱਭਣ ਲਈ ਉਨ੍ਹਾਂ ਦੇ ਭੈਣ-ਭਣਵੱਈਏ ਦੇ ਘਰ  ਪੰਚਕੂਲਾ ਤੱਕ ਗਈ ਪਰ ਸ਼੍ਰੀ ਸਹਿਗਲ ਦਾ ਕੋਈ ਪਤਾ ਨਹੀਂ ਲੱਗ ਰਿਹਾ। ਉਹ ਕਿਸੇ ਨਾਲ ਫੋਨ ’ਤੇ ਸੰਪਰਕ ਵਿਚ ਨਹੀਂ ਹਨ। ਅੱਜ ਵੀ ਨਿਗਮ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨਾਲ ਇਸ ਬਾਰੇ ਗੱਲ  ਕੀਤੀ। 
ਨਿਗਮ ਦੇ ਸਾਰੇ ਵਿਭਾਗਾਂ ਦਾ ਕੰਮ ਠੱਪ ਰਿਹਾ
ਬਿਲਡਿੰਗ  ਇੰਸਪੈਕਟਰ ਨੂੰ ਕੁੱਟਣ ਦੇ ਦੋਸ਼ੀ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਦੀ ਮੰਗ ’ਤੇ ਅੜੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਜ ਨਿਗਮ ਵਿਚ  ਸਾਰਾ ਦਿਨ ਹੜਤਾਲ ਰੱਖੀ ਅਤੇ  ਮੇਨ ਗੇਟ ਦੇ ਸਾਹਮਣੇ ਦਰੀ ਵਿਛਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਟੇਟ ਕੇਡਰ  ਦੇ ਸਾਰੇ ਅਧਿਕਾਰੀਆਂ ਨੇ ਇਕ ਬੈਠਕ ਕਰ ਕੇ ਨਵੀਂ ਯੂਨੀਅਨ ਦਾ ਗਠਨ ਕੀਤਾ, ਜਿਸ ਦਾ  ਪ੍ਰਧਾਨ ਮਨਦੀਪ ਸਿੰਘ ਨੂੰ ਬਣਾਇਆ ਗਿਆ। ਇਸ ਮਾਮਲੇ ਲਈ ਇਕ 11 ਮੈਂਬਰੀ ਕਮੇਟੀ ਵੀ ਬਣਾਈ  ਗਈ ਹੈ ਜੋ ਅਗਲੇ ਫੈਸਲੇ ਲਵੇਗੀ।
ਡਿਪਟੀ ਮੇਅਰ ਨੇ ਹੜਤਾਲ ਖੁੱਲ੍ਹਵਾਉਣ ਲਈ ਕੀਤੀ ਕੋਸ਼ਿਸ਼
ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਨੇ ਅੱਜ ਪਿਛਲੇ 2 ਹਫਤੇ ਤੋਂ ਚੱਲ ਰਹੀ ਹੜਤਾਲ ਨੂੰ  ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹੜਤਾਲੀ ਕਰਮਚਾਰੀਆਂ ਦੇ ਵਫਦ ਦੀ ਇਕ ਬੈਠਕ  ਮੇਅਰ ਜਗਦੀਸ਼ ਰਾਜਾ, ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਡਿਪਟੀ ਮੇਅਰ ਬੰਟੀ ਨਾਲ ਹੋਈ।  ਨਿਗਮ  ਅਧਿਕਾਰੀਆਂ ਦੀ ਦਲੀਲ ਸੀ ਕਿ ਉਨ੍ਹਾਂ ਨੇ ਮੰਗਲਵਾਰ ਪੰਜਾਬ ਦੇ ਬਾਕੀ ਨਿਗਮਾਂ ਦੇ  ਨੁਮਾਇੰਦੇ ਜਲੰਧਰ ਸੱਦੇ ਹੋਏ ਹਨ। ਉਨ੍ਹਾਂ ਨਾਲ ਬੈਠਕ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ  ਜਾਵੇਗਾ। ਇਸ ਲਈ ਨਿਗਮ ਪ੍ਰਸ਼ਾਸਨ ਅਤੇ ਹੜਤਾਲੀ ਅਧਿਕਾਰੀਆਂ ਦਰਮਿਆਨ  ਗੱਲਬਾਤ ਇਕ ਦਿਨ ਲਈ  ਟਾਲ ਦਿੱਤੀ ਗਈ ਹੈ।