ਪਿੰਡ ਸੀਚੇਵਾਲ ਨੇ ਖੇਤੀਬਾੜੀ ਬਿੱਲਾਂ ਨੂੰ ਰੱਦ ਕਰਨ ਦਾ ਮਤਾ ਵਿਸ਼ੇਸ਼ ਇਜਲਾਸ ਰਾਹੀਂ ਪਾਸ ਕੀਤਾ

09/25/2020 6:11:36 PM

ਜਲੰਧਰ/ਲੋਹੀਆਂ-(ਹਰਨੇਕ ਸਿੰਘ ਸੀਚੇਵਾਲ) 25 ਸਤੰਬਰ 2020 ਨੂੰ ਪਿੰਡ ਸੀਚੇਵਾਲ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੇ ਕਿਸਾਨਾਂ ਅਤੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ। ਰਾਸ਼ਟਰਪਤੀ ਸਾਹਿਬ, ਖੇਤੀਬਾੜੀ ਮੰਤਰੀ ਭਾਰਤ ਸਰਕਾਰ, ਕਿਰਤੀ ਮੰਤਰੀ ਭਾਰਤ ਸਰਕਾਰ, ਮੁੱਖ ਮੰਤਰੀ ਪੰਜਾਬ, ਡੀ. ਸੀ. ਜਲੰਧਰ ਅਤੇ ਬੀ. ਡੀ. ਪੀ. ਓ. ਲੋਹੀਆਂ ਖਾਸ ਨੂੰ ਇਸ ਵਿਸ਼ੇਸ਼ ਇਜਲਾਸ 'ਚ ਹੋਏ ਫ਼ੈਸਲੇ ਦੀ ਨਕਲ ਭੇਜੀ ਗਈ ਜਿਸ 'ਚ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਗੱਲ ਦਰਜ ਹੈ। ਪਿੰਡ ਵਾਸੀਆਂ ਨੇ ਇਹ ਅਪੀਲ ਕੀਤੀ ਕਿ ਸਰਕਾਰਾਂ ਨੂੰ ਕਿਸਾਨਾਂ ਦੇ ਨਾਲ ਖੜ੍ਹਨ ਦੀ ਲੋੜ ਹੈ। ਸਮੂਹ ਨਗਰ ਨਿਵਾਸੀਆਂ ਨੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਉੱਪਰ ਸਹਿਮਤੀ ਪ੍ਰਗਟ ਕੀਤੀ ਅਤੇ ਹਸਤਾਖ਼ਰ ਕੀਤੇ।

ਇਸ ਵਿਸ਼ੇਸ਼ ਇਜਲਾਸ 'ਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਹ ਪ੍ਰਣ ਕੀਤਾ ਕਿ ਕਰਜ਼ੇ 'ਚ ਡੁੱਬੀ ਪੰਜਾਬ ਦੀ ਕਿਸਾਨੀ ਖ਼ਿਲਾਫ਼ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ। ਸਮੂਹ ਨੌਜਵਾਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਏਕਤਾ ਵਿਖਾਉਂਦੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ।

ਜ਼ਿਕਰਯੋਗ ਹੈ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀ ਕਿਸਾਨਾਂ ਨਾਲ ਹੋ ਰਹੇ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਉਨ੍ਹਾਂ ਦੇ ਹੱਕ 'ਚ ਖੜ੍ਹਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਕਿਸਾਨਾਂ ਨੂੰ ਆਪਣੇ ਹੱਕ ਮੰਗਣੇ ਚਾਹੀਦੇ ਹਨ ਬੇਸ਼ਰਤੇ ਕਿ ਇਹ ਹੱਕ ਮੰਗਣ ਲਈ ਆਮ ਲੋਕਾਂ ਦੀ ਖੱਜਲ-ਖੁਆਰੀ ਨਾ ਕੀਤੀ ਜਾਵੇ ਸਗੋਂ ਉਨ੍ਹਾਂ ਜ਼ਿੰਮੇਵਾਰ ਧਿਰਾਂ ਵਿਰੁੱਧ ਧਰਨੇ ਲਾਏ ਜਾ ਸਕਦੇ ਹਨ, ਜਿਨ੍ਹਾਂ ਨੇ ਪੰਜਾਬ ਦੀ ਡੁੱਬ ਰਹੀ ਕਿਸਾਨੀ ਨੂੰ ਨਜ਼ਰ ਅੰਦਾਜ਼ ਕਰਕੇ ਇਹ ਬਿੱਲ ਪਾਸ ਕਰਾਉਣ 'ਚ ਯੋਗਦਾਨ ਪਾਇਆ ਹੈ।

shivani attri

This news is Content Editor shivani attri