ਵਾਹਨ ਚਲਾਉਂਦੇ ਸਮੇਂ ਹੁਣ ਸਾਰੇ ਕਾਗਜ਼ਾਤ ਰੱਖੋ ਨਾਲ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

02/17/2020 12:15:28 PM

ਹੁਸ਼ਿਆਰਪੁਰ (ਅਮਰਿੰਦਰ)— ਜੇਕਰ ਤੁਸੀਂ ਕਿਸੇ ਵਾਹਨ 'ਤੇ ਘਰੋਂ ਨਿਕਲ ਰਹੇ ਹੋ ਤਾਂ ਆਪਣੇ ਵਾਹਨ ਦੇ ਸਾਰੇ ਕਾਗਜ਼ਾਤ ਅਤੇ ਲਾਇਸੈਂਸ ਨਾਲ ਰੱਖੋ। ਹੁਣ ਜੇਕਰ ਤੁਸੀਂ ਅਜਿਹਾ ਨਹੀਂ ਕੀਤਾ ਤਾਂ ਤੁਹਾਨੂੰ ਭਾਰੀ ਜੁਰਮਾਨਾ ਹੋ ਸਕਦਾ ਹੈ। ਅਜਿਹੇ 'ਚ ਹੁਣ ਗੱਡੀ ਚਲਾਉਂਦੇ ਹੋਏ ਆਰ. ਸੀ., ਡਰਾਈਵਿੰਗ ਲਾਇਸੈਂਸ, ਪਾਲਿਊਸ਼ਨ ਸਰਟੀਫਿਕੇਟ ਆਦਿ ਦਸਤਾਵੇਜ਼ ਘਰ ਜਾਂ ਕਿਤੇ ਵੀ ਭੁੱਲਣ ਦੀ ਆਦਤ ਛੱਡਣ 'ਚ ਹੀ ਤੁਹਾਡੀ ਭਲਾਈ ਹੈ, ਨਹੀਂ ਤਾਂ ਬਾਅਦ 'ਚ ਤੁਹਾਨੂੰ ਜੇਬ ਜ਼ਿਆਦਾ ਢਿੱਲੀ ਕਰਨ ਨੂੰ ਮਜਬੂਰ ਹੋਣਾ ਪਵੇਗਾ। ਹੁਣ ਜੇਕਰ ਤੁਹਾਡਾ ਚਲਾਨ ਕੱਟਿਆ ਤਾਂ ਫਿਰ ਇਨ੍ਹਾਂ ਦਾ ਪੂਰਾ ਜੁਰਮਾਨਾ ਭਰਨਾ ਹੀ ਪਵੇਗਾ। ਹੁਣ ਪਹਿਲਾਂ ਦੀ ਤਰ੍ਹਾਂ ਚਲਾਨ ਕੱਟਣ ਤੋਂ ਬਾਅਦ ਦਸਤਾਵੇਜ਼ ਵਿਖਾਉਣ 'ਤੇ ਚਲਾਨ 'ਤੇ ਵੇਖ (ਸੀਨ) ਲਿਖ ਕੇ ਜੁਰਮਾਨਾ ਮੁਆਫ ਨਹੀਂ ਹੋਵੇਗਾ। ਪੰਜਾਬ 'ਚ ਸੋਧ ਕੇ ਮੋਟਰ ਵ੍ਹੀਕਲ ਐਕਟ ਲਾਗੂ ਹੋਣ ਦੇ ਬਾਅਦ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ। ਚਲਾਨ ਦਾ ਜੁਰਮਾਨਾ ਭਰਦੇ ਸਮੇਂ ਤੁਸੀਂ ਭਾਵੇਂ ਦਸਤਾਵੇਜ਼ ਵਿਖਾਓ ਜਾਂ ਨਾ ਵਿਖਾਓ ਪਰ ਜੁਰਮਾਨਾ ਤਾਂ ਭਰਨਾ ਹੀ ਪਏਗਾ।

ਪਹਿਲਾਂ ਮੁਆਫ ਹੋ ਜਾਂਦਾ ਸੀ ਜੁਰਮਾਨਾ
ਪਹਿਲਾਂ ਜੇਕਰ ਕਿਸੇ ਕੋਲ ਮੌਕੇ 'ਤੇ ਡਰਾਈਵਿੰਗ ਲਾਇਸੈਂਸ, ਗੱਡੀ ਦਾ ਰਜਿਸਟਰੇਸ਼ਨ ਸਰਟੀਫਿਕੇਟ, ਪਾਲਿਊਸ਼ਨ ਸਰਟੀਫਿਕੇਟ, ਇੰਸ਼ੋਰੈਂਸ ਨਹੀਂ ਹੁੰਦੇ ਸਨ ਤਾਂ ਪੁਲਸ ਉਨ੍ਹਾਂ ਦਾ ਚਲਾਨ ਕੱਟ ਦਿੰਦੀ ਸੀ। ਜਦੋਂ ਉਹ ਜੁਰਮਾਨਾ ਭਰਨ ਲਈ ਆਰ. ਟੀ. ਏ. ਦਫਤਰ ਜਾਂਦੇ ਤਾਂ ਇਨ੍ਹਾਂ ਦਸਤਾਵੇਜ਼ਾਂ ਨੂੰ ਨਾਲ ਲੈ ਜਾਂਦੇ ਸੀ। ਜੋ ਦਸਤਾਵੇਜ਼ ਠੀਕ ਹੁੰਦਾ ਆਰ. ਟੀ. ਏ. ਦਫਤਰ ਉਸਦਾ ਜੁਰਮਾਨਾ ਮੁਆਫ ਕਰ ਦਿੰਦਾ ਸੀ। ਉਦਾਹਰਣ ਦੇ ਤੌਰ 'ਤੇ ਜੇਕਰ ਬਿਨਾਂ ਡਰਾਈਵਿੰਗ ਲਾਇਸੈਂਸ ਗੱਡੀ ਚਲਾਉਂਦੇ ਫੜੇ ਗਏ ਤਾਂ ਪੁਲਸ ਉਸ ਵਕਤ ਤਾਂ ਚਲਾਨ ਕੱਟ ਦਿੰਦੀ ਪਰ ਬਾਅਦ ਵਿਚ ਡੀ. ਐੱਲ. ਵੇਖ ਕੇ ਜੁਰਮਾਨਾ ਛੱਡ ਦਿੰਦੀ। ਤਦ ਸਿਰਫ ਜੁਰਮਾਨਾ 100 ਰੁਪਏ ਹੀ ਲਿਆ ਜਾਂਦਾ ਸੀ। ਇਹੀ ਰਾਹਤ ਬਾਕੀ ਦਸਤਾਵੇਜ਼ਾਂ ਦੇ ਨਾਲ ਵੀ ਸੀ।

ਹੁਣ ਕਰਨੀ ਪੈ ਰਹੀ ਹੈ ਜ਼ਿਆਦਾ ਜੇਬ ਢਿੱਲੀ
ਵਰਨਣਯੋਗ ਹੈ ਕਿ ਹੁਣ ਚਲਾਨਾਂ ਦੇ ਵਧੇ ਰੇਟ ਵਾਲੇ ਜੁਰਮਾਨੇ ਲਾਗੂ ਕੀਤੇ ਗਏ। ਬਿਨਾਂ ਡਰਾਈਵਿੰਗ ਲਾਇਸੈਂਸ ਦੇ ਹੁਣ ਜੁਰਮਾਨਾ 500 ਦੀ ਜਗ੍ਹਾ ਪੰਜ ਹਜ਼ਾਰ ਹੈ। ਬਿਨਾਂ ਆਰ. ਸੀ. ਦਾ ਜੁਰਮਾਨਾ ਵੀ ਪੰਜ ਸੌ ਤੋਂ ਵਧ ਕੇ ਪੰਜ ਹਜ਼ਾਰ ਹੋ ਗਿਆ ਹੈ। ਬਿਨਾਂ ਇੰਸ਼ੋਰੈਂਸ ਦਾ ਜੁਰਮਾਨਾ ਪਹਿਲਾਂ 500 ਤੋਂ ਇਕ ਹਜ਼ਾਰ ਸੀ, ਜੋ ਹੁਣ ਵਧ ਕੇ ਪਹਿਲੀ ਵਾਰ ਦੋ ਹਜ਼ਾਰ ਅਤੇ ਦੂਜੀ ਵਾਰ ਚਾਰ ਹਜ਼ਾਰ ਕੀਤਾ ਜਾ ਚੁੱਕਿਆ ਹੈ। ਪਾਲਿਊਸ਼ਨ ਸਰਟੀਫਿਕੇਟ ਦਾ ਇਕ ਹਜ਼ਾਰ ਦਾ ਚਲਾਨ ਸੀ, ਜਿਸਨੂੰ ਹੁਣ ਵਧਾ ਕੇ ਪੰਜ ਹਜ਼ਾਰ ਕਰ ਦਿੱਤਾ ਗਿਆ ਹੈ। ਸਾਫ਼ ਹੈ ਜੇਕਰ ਤੁਸੀਂ ਦਸਤਾਵੇਜ਼ ਨਾਲ ਨਹੀਂ ਰੱਖੇ ਤਾਂ ਇਹ ਭਾਰੀ ਜੁਰਮਾਨੇ ਭਰਨੇ ਪੈਣਗੇ।

ਡੀਜੀ ਲਾਕਰ, ਐੱਮ ਟ੍ਰਾਂਸਪੋਰਟ ਐਪ ਹੈ ਬਚਣ ਦਾ ਤਰੀਕਾ
ਜੇਕਰ ਤੁਹਾਨੂੰ ਦਸਤਾਵੇਜ਼ ਭੁੱਲ ਜਾਣ ਦੀ ਆਦਤ ਹੈ ਤਾਂ ਇਸ ਲਈ ਕੇਂਦਰ ਸਰਕਾਰ ਦੇ ਡੀਜੀ ਲਾਕਰ ਦਾ ਇਸਤੇਮਾਲ ਕਰੋ। ਐਪ ਸਟੋਰ ਵੱਲੋਂ ਇਸਨੂੰ ਡਾਊਨਲੋਡ ਕਰਨ ਦੇ ਬਾਅਦ ਤੁਸੀਂ ਡੀ. ਐੱਲ. ਤੇ ਆਰ. ਸੀ. ਇਸ ਵਿਚ ਰੱਖ ਸੱਕਦੇ ਹੋ। ਹਾਲਾਂਕਿ ਸ਼ਰਤ ਇਹ ਹੈ ਕਿ ਡੀ. ਐੱਲ. ਅਤੇ ਆਰ. ਸੀ. ਫੋਟੋ ਖਿੱਚ ਕੇ ਜਾਂ ਸਕੈਨ ਕਰ ਕੇ ਨਹੀਂ ਰੱਖਣੇ ਹੋਣਗੇ ਸਗੋਂ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਤੋਂ ਸਿੱਧੇ ਡਾਊਨਲੋਡ ਕਰਨੇ ਹੋਣਗੇ। ਪੁਲਸ ਚੈਕਿੰਗ ਦੇ ਦੌਰਾਨ ਪੁੱਛਦੀ ਹੈ ਤਾਂ ਤੁਸੀਂ ਇਸਨੂੰ ਵਿਖਾ ਸਕਦੇ ਹੋ, ਪੁਲਸ ਚਲਾਨ ਨਹੀਂ ਕੱਟ ਸਕਦੀ। ਇਸ ਦੇ ਇਲਾਵਾ ਲੋਕ ਐੱਮ ਟ੍ਰਾਂਸਪੋਰਟ ਮੋਬਾਇਲ ਐਪ ਵਿਚ ਵੀ ਦਸਤਾਵੇਜ਼ ਡਾਊਨਲੋਡ ਕਰਕੇ ਪੁਲਸ ਨੂੰ ਵਿਖਾ ਸਕਦੇ ਹਨ।

ਕੀ ਕਹਿੰਦੇ ਹਨ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ
ਜਦੋਂ ਇਸ ਸਬੰਧ ਵਿਚ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਵੀ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਆਰ. ਟੀ. ਏ. ਦੇ ਕੋਲ ਜੁਰਮਾਨਾ ਘੱਟ ਕਰਨ ਦੇ ਅਧਿਕਾਰ ਨਹੀਂ ਹਨ। ਇਸ ਲਈ ਲੋਕਾਂ ਨੂੰ ਹੁਣ ਦਸਤਾਵੇਜ਼ ਨਾਲ ਨਾ ਰੱਖਣ 'ਤੇ ਜੇਬ ਜ਼ਿਆਦਾ ਢਿੱਲੀ ਕਰਨ ਲਈ ਮਜਬੂਰ ਹੋਣਾ ਪਵੇਗਾ। ਹਾਲਾਂਕਿ ਜੇਕਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਕੋਰਟ ਦੇ ਜ਼ਰੀਏ ਅਪੀਲ ਕਰ ਸਕਦਾ ਹੈ। ਪਹਿਲਾਂ ਇਸ ਲਈ ਮੋਟਰ ਵ੍ਹੀਕਲ ਐਕਟ 'ਚ ਪ੍ਰਬੰਧ ਸੀ ਪਰ ਸੋਧੇ ਐਕਟ ਵਿਚ ਅਜਿਹਾ ਨਹੀਂ ਹੈ। ਹੁਣ ਆਰ. ਟੀ. ਏ. ਸੈਕਟਰੀ ਦਸਤਾਵੇਜ਼ ਵੇਖ ਕੇ ਜੁਰਮਾਨਾ ਮੁਆਫ ਨਹੀਂ ਕਰ ਸਕਦੇ। ਹੁਣ ਜੁਰਮਾਨੇ ਫਿਕਸ ਕੀਤੇ ਜਾ ਚੁੱਕੇ ਹਨ, ਉਨ੍ਹਾਂ ਨੂੰ ਘੱਟ ਕਰਨ ਦਾ ਕੋਈ ਪ੍ਰਬੰਧ ਸੋਧੇ ਐਕਟ 'ਚ ਨਹੀਂ ਹੈ।

shivani attri

This news is Content Editor shivani attri