ਗੰਨੇ ਦੇ ਖੇਤ ’ਚੋਂ ਅਣਪਛਾਤੀ ਔਰਤ ਤੇ ਬੱਚੀ ਦੀਅਾਂ ਲਾਸ਼ਾਂ ਮਿਲੀਅਾਂ

12/13/2018 6:04:09 AM

ਅਲਾਵਲਪੁਰ,    (ਬੰਗਡ਼)-   ਇਲਾਕੇ ਭਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਗੰਨੇ ਦੇ ਖੇਤ ’ਚੋਂ ਇਕ  ਅੌਰਤ  ਅਤੇ 2 ਸਾਲ ਦੀ ਮਾਸੂਮ ਬੱਚੀ ਦੀਅਾਂ ਲਾਸ਼ਾਂ ਮਿਲੀਅਾਂ। ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਕਾਰੀ ਮੌਕੇ ’ਤੇ ਪਹੁੰਚੇ। ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਪਿੰਡ ਸ਼ਾਹਪੁਰ ’ਚ ਇਕ  ਗੰਨੇ ਦੇ ਖੇਤ ’ਚੋਂ  ਇਕੋ ਸਮੇਂ 2 ਲਾਸ਼ਾਂ ਮਿਲੀਆਂ ਜਿਨ੍ਹਾਂ ’ਚੋਂ ਇਕ 35-40 ਸਾਲ ਦੀ ਪ੍ਰਵਾਸੀ ਔਰਤ ਦੀ ਲਾਸ਼ ਸੀ ਜਿਸ ਨੇ ਸਾੜ੍ਹੀ ਪਹਿਨੀ ਹੋਈ ਸੀ। ਜਦ ਕਿ ਇਕ 2 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਨਾਲ ਹੀ ਪਈ ਸੀ । ਔਰਤ ਦੀ ਲਾਸ਼ ਨੂੰ ਤਾਂ ਜਾਨਵਰਾਂ ਵਲੋਂ ਚਿਹਰੇ ਅਤੇ ਹੋਰ ਥਾਵਾਂ ਤੋਂ ਨੋਚ ਕੇ ਖਾ ਲਿਆ ਸੀ ਜਦਕਿ 2 ਸਾਲ ਦੀ ਮਾਸੂਮ ਬੱਚੀ ਸੁੱਤੀ  ਪਈ ਜਾਪਦੀ ਸੀ। 
ਦੋਵਾਂ ਲਾਸ਼ਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ। ਸ਼ਾਹਪੁਰ ਵਾਸੀ ਕਿਸਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਪਿੰਡ ਲੇਸਡ਼ੀਵਾਲ ਦੀਆਂ ਕੁਝ ਔਰਤਾਂ ਖੇਤਾਂ ’ਚੋਂ ਚਾਰਾ ਲੈਣ ਆਈਆਂ ਅਤੇ ਉਨ੍ਹਾਂ ਨੇ ਦੇਖਿਆ ਕਿ ਖੇਤ ’ਚ ਔਰਤ ਤੇ ਬੱਚੀ ਦੀ ਲਾਸ਼ ਪਈ ਸੀ। ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਖੇਤ ਦੇ ਮਾਲਕ  ਫ਼ਤਹਿਪੁਰ ਵਾਸੀ ਦਿਲਬਾਗ ਸਿੰਘ ਨੂੰ ਦਿੱਤੀ।
 ਦਿਲਬਾਗ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਸੂਚਨਾ ਮਿਲਦੇ ਹੀ ਸਭ ਤੋਂ ਪਹਿਲਾਂ ਜੰਡੂਸਿੰਘਾ ਪੁਲਸ ਚੌਕੀ ਇੰਚਾ. ਬਲਵਿੰਦਰ ਸਿੰਘ ਭਲਵਾਨ ਮੌਕੇ  ’ਤੇ ਪਹੁੰਚੇ। ਜਿਸ ਤੋਂ ਬਾਅਦ ਥਾਣਾ ਮੁਖੀ  ਆਦਮਪੁਰ ਸੁੱਖਾ ਸਿੰਘ, ਥਾਣਾ ਮੁਖੀ ਭੋਗਪੁਰ  ਨਰੇਸ਼ ਜੋਸ਼ੀ, ਸੀ. ਆਈ. ਏ. ਸਟਾਫ ਤੇ ਡੀ. ਐੱਸ. ਪੀ. ਆਦਮਪੁਰ ਸੁਰਿੰਦਰ ਕੁਮਾਰ ਵੀ ਮੌਕੇ ’ਤੇ ਪਹੁੰਚੇ। ਪੁਲਸ ਨੇ ਲਾਸ਼ਾਂ  ਦੀ ਪਛਾਣ ਲਈ ਬਹੁਤ ਕੋਸ਼ਿਸ਼  ਕੀਤੀ ਪਰ ਸਫਲਤਾ ਨਹੀਂ ਮਿਲੀ। ਪੁਲਸ ਨੇ ਨੇਡ਼ੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਨੂੰ ਮੌਕੇ ’ਤੇ ਬੁਲਾ ਕੇ ਲਾਸ਼ਾਂ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪਛਾਣ ਨਹੀਂ ਹੋ ਸਕੀ। ਇਕੋ ਸਮੇਂ 2 ਲਾਸ਼ਾਂ ਮਿਲਣ ਨਾਲ ਇਲਾਕੇ ’ਚ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਪੁਲਸ ਵਲੋਂ ਲਾਸ਼ਾਂ  ਆਪਣੇ ਕਬਜ਼ੇ ’ਚ ਲੈ ਕੇ ਸ਼ਨਾਖਤ ਲਈ  ਸਿਵਲ ਹਸਪਤਾਲ ਜਲੰਧਰ ਵਿਖੇ ਰਖਵਾ ਦਿੱਤੀਆਂ ਗਈਆਂ ਹਨ।