ਬੇਕਾਬੂ ਕਾਰ ਨੇ ਅਪਾਹਿਜ ਵਿਅਕਤੀ ਦੇ ਵਾਹਨ ਨੂੰ ਮਾਰੀ ਟੱਕਰ, ਮੌਤ

02/22/2019 6:41:55 PM

ਹੁਸ਼ਿਆਰਪੁਰ,(ਅਮਰਿੰਦਰ) : ਥਾਣਾ ਸਿਟੀ ਅਧੀਨ ਆਉਂਦੇ ਜ਼ਿਲਾ ਪ੍ਰੀਸ਼ਦ ਚੌਕ 'ਤੇ ਵੀਰਵਾਰ ਦੇਰ ਰਾਤ 11 ਵਜੇ ਬੇਕਾਬੂ ਕਾਰ ਦੀ ਚਪੇਟ 'ਚ ਆਉਣ ਕਾਰਨ ਤਿੰਨ ਪਹੀਆ ਸਕੂਟਰ ਸਵਾਰ ਦਿਵਿਆਂਗ 33 ਸਾਲਾ ਦੀਪਕ ਸੈਣੀ ਨਿਵਾਸੀ ਚੰਦ ਨਗਰ ਬਹਾਦਰਪੁਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਨੇੜਲੇ ਲੋਕਾਂ ਨੇ ਐਂਬੂਲੈਂਸ ਦੀ ਸਹਾਇਤਾ ਨਾਲ ਦੀਪਕ ਸੈਣੀ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਦੀਪਕ ਸੈਣੀ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁੱਕਰਵਾਰ ਨੂੰ ਮ੍ਰਿਤਕ ਦੀਪਕ ਸੈਣੀ ਦੇ ਭਰਾ ਗੌਰਵ ਸੈਣੀ ਦੇ ਬਿਆਨ 'ਤੇ ਥਾਣਾ ਸਿਟੀ ਪੁਲਸ ਨੇ ਕਾਰ ਚਲਾ ਰਹੀ ਪਠਾਨਕੋਟ ਦੀ ਰਹਿਣ ਵਾਲੀ ਸੀਨੀਅਰ ਕਾਂਗਰਸ ਆਗੂ ਦੋਸ਼ੀ ਹਰਸਿਮਰਨ ਕੌਰ ਬਾਜਵਾ ਖਿਲਾਫ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ 33 ਸਾਲਾ ਦੀਪਕ ਸੈਣੀ ਪੁੱਤਰ ਕਮਲ ਸੈਣੀ ਮਾਹਿਲਪੁਰ ਬੱਸ ਅੱਡਾ ਨੇੜੇ ਫੋਟੋਗ੍ਰਾਫੀ ਤੇ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਸੀ। ਬਚਪਨ ਤੋਂ ਹੀ ਉਸ ਦੇ ਦੋਵੇਂ ਪੈਰ ਪੋਲਿਓਗ੍ਰਸਤ ਹੋਣ ਕਾਰਨ ਉਹ ਰੋਜ਼ਾਨਾ ਹੀ ਆਪਣੀ ਤਿੰਨ ਪਹੀਆ ਵਾਹਨ 'ਤੇ ਸਵਾਰ ਹੋ ਕੇ ਕੰਮ 'ਤੇ ਜਾਂਦਾ ਸੀ। ਵੀਰਵਾਰ ਨੂੰ ਕੰਮ ਖਤਮ ਕਰ ਕੇ ਵਾਪਸ ਘਰ ਪਰਤਦੇ ਸਮੇਂ ਉਹ ਆਪਣੇ ਇਕਲੌਤੇ ਪੁੱਤਰ ਲਈ ਵਿਰਾਜ ਸੈਣੀ ਦੇ ਕਹਿਣ 'ਤੇ ਉਸ ਲਈ ਹੰਗਰੀ ਪੁਆਇੰਟ ਤੋਂ ਪੀਜਾ ਖਰੀਦ ਕੇ 11 ਵਜੇ ਘਰ ਪਰਤ ਰਿਹਾ ਸੀ। ਇਸ ਵਿਚਾਲੇ ਜ਼ਿਲਾ ਪ੍ਰੀਸ਼ਦ ਚੌਕ ਨੇੜੇ ਬੇਕਾਬੂ ਕਾਰ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਅਤੇ ਬਿਜਲੀ ਦੇ ਪੋਲ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।

ਸੰਪਰਕ ਕਰਨ 'ਤੇ ਥਾਣਾ ਸਿਟੀ 'ਚ ਤਾਇਨਾਤ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ 11 ਵਜੇ ਘਟਨਾ ਸਮੇਂ ਕਾਰ ਹਰਸਿਮਰਨ ਕੌਰ ਬਾਜਵਾ ਚਲਾ ਰਹੀ ਸੀ। ਉਹ ਚੰਡੀਗੜ੍ਹ ਤੋਂ ਪਠਾਨਕੋਟ ਆ ਰਹੀ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਹਰਸਿਮਰਨ ਕੌਰ ਬਾਜਵਾ ਪਤਨੀ ਬਲਵੀਰ ਸਿੰਘ ਬਾਜਵਾ ਖਿਲਾਫ ਧਾਰਾ 279,304 ਏ ਅਤੇ 427 ਅਧੀਨ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।