ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ

11/13/2018 3:44:22 AM

ਗਡ਼੍ਹਸ਼ੰਕਰ,   (ਸ਼ੋਰੀ)-  ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲਿਅਾਂ 'ਚ ਹਥਿਆਰਾਂ ਦੀ  ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 1 ਮੈਂਬਰ ਨੂੰ  ਸਥਾਨਕ ਪੁਲਸ ਨੇ ਸੀ.ਆਈ. ਏ. ਸਟਾਫ਼ ਦੇ ਸਾਂਝੇ ਉਪਰਾਲੇ ਨਾਲ ਕਾਬੂ ਕਰਨ 'ਚ ਸਫ਼ਲਤਾ ਹਾਸਲ  ਕੀਤੀ ਹੈ। ਪੁਲਸ ਨੂੰ ਇਹ ਸਫ਼ਲਤਾ ਪਿਛਲੇ ਦਿਨੀਂ ਫਡ਼ੇ ਇਕ ਹੋਰ ਲੁਟੇਰੇ ਤੋਂ ਕੀਤੀ  ਪੁੱਛਗਿੱਛ ਉਪਰੰਤ ਮਿਲੀ।   ਡੀ.ਐੱਸ.ਪੀ. (ਇਨਵੈਸਟੀਗੇਸ਼ਨ) ਰਾਕੇਸ਼ ਕੁਮਾਰ ਤੇ ਡੀ.ਐੱਸ.ਪੀ. ਗਡ਼੍ਹਸ਼ੰਕਰ  ਸੁਖਵਿੰਦਰ ਸਿੰਘ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਹੁਸ਼ਿਆਰਪੁਰ ਅਤੇ  ਨਵਾਂਸ਼ਹਿਰ  ਜ਼ਿਲਿਆਂ 'ਚ ਹਥਿਆਰਾਂ ਦੀ ਨੋਕ 'ਤੇ ਉਕਤ ਗਿਰੋਹ ਵੱਲੋਂ ਕੀਤੀਆਂ ਵਾਰਦਾਤਾਂ  ਦਾ ਪਰਦਾਫਾਸ਼ ਹੋਇਆ ਹੈ। ਪੁਲਸ ਨੇ ਲੁਟੇਰਾ ਗਿਰੋਹ ਦੇ ਮੈਂਬਰ ਅਜੈ ਕੁਮਾਰ ਉਰਫ਼ ਲੱਕੀ  ਪੁੱਤਰ ਪਿਆਰੇ ਲਾਲ ਵਾਸੀ ਮੰਨਣ ਨੂੰ ਪਿਛਲੇ ਦਿਨੀਂ ਇਕ ਨਾਕਾਬੰਦੀ ਦੌਰਾਨ ਕਾਬੂ ਕੀਤਾ  ਸੀ। ਪੁਲਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੇ ਆਧਾਰ 'ਤੇ ਪ੍ਰਵੀਨ ਕੁਮਾਰ ਉਰਫ਼ ਸ਼ਾਮਾ  ਪੁੱਤਰ ਸਰਵਣ ਲਾਲ ਵਾਸੀ ਕਾਣੇਵਾਲ ਗਡ਼੍ਹਸ਼ੰਕਰ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ।  ਡੀ.ਐੱਸ. ਪੀ. ਰਾਕੇਸ਼ ਕੁਮਾਰ ਨੇ ਦੱਸਿਆ ਕਿ  ਗਿਰੋਹ ਦੇ ਬਾਕੀ ਮੈਂਬਰਾਂ ਬਲਵਿੰਦਰ  ਸਿੰਘ ਉਰਫ਼ ਬਿੰਦਾ ਪੁੱਤਰ ਬਿਲਕੂ ਰਾਮ ਪਿੰਡ ਚੱਬੇਵਾਲ, ਮਨੀ ਪੁੱਤਰ ਮਨਮੋਹਣ ਸਿੰਘ ਵਾਸੀ  ਮੰਨਣ, ਮਨਜੀਤ ਸਿੰਘ ਉਰਫ਼ ਚੱਪੀ ਵਾਸੀ ਹੰਦੋਵਾਲ, ਜ਼ੋਰਾਵਰ ਸਿੰਘ ਪਿੰਡ ਤਾਜੇਵਾਲ ਨੂੰ  ਫਡ਼ਨ ਲਈ ਵੱਖ-ਵੱਖ ਪੁਲਸ ਪਾਰਟੀਆਂ ਲੱਗੀਆਂ ਹੋਈਅਾਂ ਹਨ। ਉਨ੍ਹਾਂ  ਕਿਹਾ  ਕਿ ਉਕਤ   ਗਿਰੋਹ  ਨੇ 24 ਅਪ੍ਰੈਲ 2018 ਨੂੰ ਬਾਜਵਾ ਪੈਟਰੋਲ ਪੰਪ ਹੁਸ਼ਿਆਰਪੁਰ ਤੋਂ ਕੈਸ਼ ਲੁੱਟਿਆ  ਸੀ  ਅਤੇ ਪੰਪ ਦੇ ਮਾਲਕ ਕੋਲੋਂ ਰਿਵਾਲਵਰ ਖੋਹ ਕੇ ਉਸ ਨੂੰ ਗੋਲੀ ਮਾਰ ਦਿੱਤੀ ਸੀ।  ਇਨ੍ਹਾਂ 3 ਅਗਸਤ 2018 ਨੂੰ ਗਡ਼੍ਹਸ਼ੰਕਰ ਦੇ ਇਕ ਮਨੀ ਚੇਂਜਰ 'ਤੇ ਜਾਨ-ਲੇਵਾ ਹਮਲਾ ਕਰ ਕੇ  ਉਸ ਕੋਲੋਂ ਲੱਖਾਂ ਦੀ ਨਕਦੀ ਖੋਹੀ ਸੀ। 29 ਜੂਨ 2018 ਨੂੰ ਇਸ ਗਿਰੋਹ  ਨੇ  ਜ਼ਿਲਾ  ਨਵਾਂਸ਼ਹਿਰ ਦੇ ਬੰਗਾ ਦੇ ਰਾਏ ਪੈਟਰੋਲ ਪੰਪ ਦੇ ਮੈਨੇਜਰ ਨੂੰ ਗੋਲੀ ਮਾਰ ਕੇ ਕੈਸ਼ ਲੁੱਟਣ  ਦੀ  ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕੱਲ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ  ਪੇਸ਼ ਕਰ ਕੇ ਰਿਮਾਂਡ ਮੰਗਿਆ ਜਾਵੇਗਾ ਤਾਂ ਕਿ ਹੋਰ ਵਾਰਦਾਤਾਂ ਦਾ ਪਰਦਾਫ਼ਾਸ਼ ਹੋ ਸਕੇ।