ਟਰੇਨਾਂ ਬੰਦ ਹੋਣ ਦਾ ਫ਼ਾਇਦਾ ਉਠਾ ਰਹੀਆਂ ਟਰਾਂਸਪੋਰਟ ਕੰਪਨੀਆਂ, ਵੱਡੇ ਪੱਧਰ ''ਤੇ ਹੋ ਰਿਹੈ ਟੈਕਸ ਚੋਰੀ ਦਾ ਧੰਦਾ

12/11/2020 3:28:45 PM

ਜਲੰਧਰ (ਗੁਲਸ਼ਨ): ਕਿਸਾਨ ਅੰਦੋਲਨ ਕਾਰਨ ਦਰਜਨਾਂ ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਜਿਸ ਦਾ ਫ਼ਾਇਦਾ ਵੱਡੀਆਂ ਟਰਾਂਸਪੋਰਟ ਕੰਪਨੀਆਂ ਉਠਾ ਰਹੀਆਂ ਹਨ। ਪ੍ਰਮੁੱਖ ਟਰਾਂਸਪੋਰਟ ਕੰਪਨੀਆਂ ਜ਼ਰੀਏ ਸ਼ਹਿਰ 'ਚ ਰੋਜ਼ਾਨਾ ਭਾਰੀ ਗਿਣਤੀ 'ਚ ਮਾਲ ਦੂਜੇ ਸੂਬਿਆਂ ਤੋਂ ਪ੍ਰਵੇਸ਼ ਕਰ ਰਿਹਾ ਹੈ। ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਚੱਲ ਰਹੇ ਟੈਕਸ ਚੋਰੀ ਦੇ ਧੰਦਾ ਦਾ ਪਰਦਾਫਾਸ਼ ਕਰਦਿਆਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਕੁਝ ਟਰਾਂਸਪੋਰਟ ਕੰਪਨੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੁਝ ਸਮੇਂ ਲਈ ਟੈਕਸ ਚੋਰੀ ਦੇ ਧੰਦੇ 'ਤੇ ਰੋਕ ਲੱਗ ਗਈ ਸੀ ਪਰ ਕਾਰਵਾਈ ਢਿੱਲੀ ਪੈਣ ਤੋਂ ਬਾਅਦ ਇਹ ਧੰਦਾ ਫਿਰ ਵੱਡੇ ਪੱਧਰ 'ਤੇ ਸ਼ੁਰੂ ਹੋ ਗਿਆ ਹੈ। ਰੇਲ ਆਵਾਜਾਈ ਠੱਪ ਹੋਣ ਕਾਰਨ ਸਟੇਸ਼ਨ 'ਤੇ ਪਾਰਸਲ ਦਾ ਕੰਮ ਕਰਨ ਵਾਲੇ ਵਧੇਰੇ ਏਜੰਟ ਵੀ ਟਰਾਂਸਪੋਰਟ 'ਤੇ ਸ਼ਿਫਟ ਹੋ ਗਏ ਹਨ, ਜਿਸ ਕਾਰਨ ਟਰਾਂਸਪੋਰਟ ਕੰਪਨੀਆਂ ਦਾ ਕੰਮ ਵੱਧ ਗਿਆ ਹੈ। ਕੰਮ ਵਧਣ ਕਾਰਨ ਜਲੰਧਰ ਅਤੇ ਲੁਧਿਆਣਾ ਦੀਆਂ ਟਰਾਂਸਪੋਰਟ ਕੰਪਨੀਆਂ ਦੇ ਹੌਸਲੇ ਵੀ ਬੁਲੰਦ ਹੋ ਗਏ ਹਨ ਅਤੇ ਉਹ ਨਿਧੱੜਕ ਹੋ ਕੇ ਕੰਮ ਕਰ ਰਹੇ ਹਨ। ਇਨ੍ਹਾਂ ਲੋਕਾਂ 'ਤੇ ਕਿਹੜੇ ਅਧਿਕਾਰੀਆਂ ਦੀ ਛਤਰਛਾਇਆ ਹੈ, ਜਿਨ੍ਹਾਂ ਦੀ ਆੜ 'ਚ ਇਹ ਧੜੱਲੇ ਨਾਲ ਕੰਮ ਕਰ ਰਹੇ ਹਨ, ਇਹ ਸੋਚਣ ਵਾਲੀ ਗੱਲ ਹੈ। ਸੂਚਨਾ ਮੁਤਾਬਕ ਟਰਾਂਸਪੋਰਟਰਾਂ ਦੀ ਇੰਨੀ ਸੈਟਿੰਗ ਹੈ ਕਿ ਪਹਿਲਾਂ ਤਾਂ ਇਨ੍ਹਾਂ ਦੀ ਗੱਡੀ ਚੈੱਕ ਨਹੀਂ ਹੁੰਦੀ। ਜੇਕਰ ਚੈੱਕ ਹੋ ਜਾਵੇ ਤਾਂ ਚੈਕਿੰਗ ਦੇ ਨਾਂ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾਂਦੀ ਹੈ, ਜਿਸ ਦੀ ਜਾਣਕਾਰੀ ਹੀ ਕਿਸੇ ਨੂੰ ਨਹੀਂ ਦਿੱਤੀ ਜਾਂਦੀ ਹੈ ਕਿ ਇਸ 'ਚ ਕਿੰਨਾ ਮਾਲ ਸੀ ਤੇ ਕਿੰਨਾ ਜ਼ੁਰਮਾਨਾ ਲਾਇਆ ਗਿਆ ਹੈ।
ਵਿਆਹਾਂ ਦੇ ਸੀਜ਼ਨ 'ਚ ਟਰਾਂਸਪੋਰਟਰ ਖ਼ੁਦ ਕੁੱਟ ਰਹੇ ਚਾਂਦੀ
ਇਨ੍ਹੀਂ ਦਿਨੀਂ ਵਿਆਹ-ਸ਼ਾਦੀਆਂ ਦਾ ਸੀਜ਼ਨ ਹੋਣ ਕਾਰਨ ਸ਼ਹਿਰ 'ਚ ਲਹਿੰਗੇ, ਸੂਟ, ਸਾੜੀਆਂ, ਇਲੈਕਟ੍ਰੋਨਿਕ ਦਾ ਸਾਮਾਨ, ਜੁੱਤੀਆਂ ਅਤੇ ਹੈਂਡਲੂਮ ਦੀਆਂ ਆਈਟਮਾਂ ਦੀ ਮੰਗ ਕਾਫ਼ੀ ਵੱਧ ਗਈ ਹੈ। ਰੇਲ ਆਵਾਜਾਈ ਠੱਪ ਹੋਣ ਕਾਰਨ ਵਧੇਰੇ ਵਪਾਰੀ ਟਰਾਂਸਪੋਰਟ ਜ਼ਰੀਏ ਹੀ ਮਾਲ ਮੰਗਵਾ ਰਹੇ ਹਨ। ਤਿਉਹਾਰੀ ਸੀਜ਼ਨ 'ਚ ਸ਼ਹਿਰ 'ਚ ਮਾਲ ਦੀ ਆਮਦ ਵੀ ਕਾਫ਼ੀ ਵਧ ਗਈ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਟਰਾਂਸਪੋਰਟ ਖੂਬ ਚਾਂਦੀ ਕੁੱਟ ਰਹੇ ਹਨ ਅਤੇ ਸਰਕਾਰੀ ਮਾਲੀਏ ਨੂੰ ਚੂਨਾ ਲਾ ਕੇ ਆਪਣੇ ਘਰ ਭਰ ਰਹੇ ਹਨ।
ਸਾਰਾ ਦਿਨ ਸ਼ਹਿਰ 'ਚ ਘੁੰਮਦੇ ਹਨ ਮਾਲ ਦੇ ਲੋਡ ਰੇਹੜੇ-ਰਿਕਸ਼ੇ
ਦੂਜੇ ਪਾਸੇ ਸਾਰਾ ਦਿਨ ਸ਼ਹਿਰ ਦੀਆਂ ਸੜਕਾਂ 'ਤੇ ਮਾਲ ਦੇ ਲੋਡ ਰੇਹੜੇ ਅਤੇ ਰਿਕਸ਼ੇ ਘੁੰਮਦੇ ਨਜ਼ਰ ਆਉਂਦੇ ਹਨ, ਜਿਹੜੇ ਕਿ ਵਿਭਾਗ ਦੇ ਅਧਿਕਾਰੀਆਂ ਦੀਆਂ ਅੱਖਾਂ ਤੋਂ ਬਚ ਕੇ ਅਟਾਰੀ ਬਾਜ਼ਾਰ, ਪੀਰ ਬੋਦਲਾਂ ਬਾਜ਼ਾਰ, ਰੈਣਕ ਬਾਜ਼ਾਰ ਸਮੇਤ ਕਈ ਅੰਦਰੂਨੀ ਬਾਜ਼ਾਰਾਂ 'ਚ ਮਾਲ ਦੀ ਡਲਿਵਰੀ ਦਿੰਦੇ ਹਨ। ਸਵੇਰੇ ਦਿਨ ਚੜ੍ਹਦੇ ਹੀ ਇੰਡਸਟਰੀਅਲ ਏਰੀਆ, ਨਵੀਂ ਦਾਣਾ ਮੰਡੀ, ਪਟੇਲ ਚੌਕ ਆਦਿ ਇਲਾਕਿਆਂ 'ਚ ਟਰਾਂਸਪੋਰਟ ਕੰਪਨੀਆਂ ਦੇ ਬਾਹਰ ਮਾਲ ਲੋਡ ਕਰਨ ਲਈ ਰਿਕਸ਼ੇ, ਰੇਹੜੇ ਅਤੇ ਆਟੋਆਂ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।
ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਫੜਿਆ ਮਾਲ ਨਾਲ ਭਰਿਆ ਟਰੱਕ
ਜੀ. ਐੱਸ.ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ ਵੀਰਵਾਰ ਨੂੰ ਲੁਧਿਆਣਾ ਤੋਂ ਇਕ ਮਾਲ ਨਾਲ ਭਰਿਆ ਟਰੱਕ ਫੜਿਆ ਹੈ। ਜਾਣਕਾਰੀ ਦਿੰਦਿਆ ਮੋਬਾਇਲ ਵਿੰਗ ਦੇ ਅਸਿਸਟੈਂਟ ਕਮਿਸ਼ਨਰ ਬੀ. ਐੱਸ. ਗਰਚਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਲੁਧਿਆਣਾ ਦੀ ਸ਼ੇਰਪੁਰ ਰੋਡ 'ਤੇ ਸਟੇਟ ਟੈਕਸ ਆਫਿਸਰਜ਼ ਦਵਿੰਦਰ ਪੰਨੂ ਅਤੇ ਪਵਨ ਕੁਮਾਰ ਵੱਲੋਂ ਨਾਕਾ ਲਾਇਆ ਗਿਆ ਸੀ। ਇਸ ਦੌਰਾਨ ਇਕ ਟਰੱਕ ਨੂੰ ਰੋਕਿਆ ਗਿਆ, ਜਿਸ 'ਚ ਕਾਫ਼ੀ ਮਾਲ ਲੋਡ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲ ਦੀ ਜਾਂਚ ਲਈ ਗੱਡੀ ਨੂੰ ਜਲੰਧਰ ਲਿਆਂਦਾ ਗਿਆ ਹੈ। ਇਸ 'ਚ 3 ਟਰਾਂਸਪੋਰਟ ਕੰਪਨੀਆਂ ਐੱਮ. ਵੀ. ਐੱਨ., ਨਿਊ ਇੰਡੀਆ ਅਤੇ ਸ਼ਿਵ ਸ਼ਕਤੀ ਟਰਾਂਸਪੋਰਟ ਕੰਪਨੀ ਦੀਆਂ ਬਿਲਟੀਆਂ ਹਨ। ਫਿਲਹਾਲ ਇਸ ਨੂੰ ਲੈਣ ਲਈ ਕੋਈ ਵੀ ਵਿਅਕਤੀ ਨਹੀਂ ਆਇਆ। ਟਰੱਕ 'ਚ ਲੋਡ ਮਾਲ ਦੀ ਵੈਰੀਫਿਕੇਸ਼ਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸੂਚਨਾ ਮੁਤਾਬਕ ਜਲੰਧਰ ਦੇ ਕੁਝ ਲੋਕਾਂ ਦਾ ਵੀ ਮਾਲ ਹੈ।
ਫੁੱਟਬਾਲ ਚੌਕ ਨੇੜੇ ਸਪੋਰਟਸ ਸ਼ੂਜ਼ ਦੇ 20 ਨਗ ਲਏ ਕਬਜ਼ੇ 'ਚ
ਜੀ. ਐੱਸ. ਟੀ.ਮੋਬਾਇਲ ਵਿੰਗ ਨੇ ਫੁੱਟਬਾਲ ਚੌਕ ਨੇੜੇ ਰਿਕਸ਼ਾ 'ਤੇ ਜਾ ਰਹੇ 20 ਨਗਾਂ ਨੂੰ ਫੜਿਆ ਹੈ। ਇਨ੍ਹਾਂ 'ਚ ਸਪੋਰਟਸ ਸ਼ੂਜ਼ ਦੱਸੇ ਜਾ ਰਹੇ ਹਨ। ਜੀ. ਐੱਸ. ਟੀ. ਵਿਭਾਗ ਦੇ ਸੇਲ ਟੈਕਸ ਆਫਿਸਰਜ਼ ਪਵਨ ਕੁਮਾਰ ਨੇ ਦੱਸਿਆ ਕਿ ਲਗਭਗ 20 ਨਗਾਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਫੜੇ ਮਾਲ ਦੇ ਬਿੱਲ ਮੰਗੇ ਗਏ ਹਨ। ਜੇਕਰ ਬਿੱਲ ਨਾ ਮਿਲੇ ਤਾਂ ਬਣਦੀ ਕਾਰਵਾਈ ਕਰ ਕੇ ਜ਼ੁਰਮਾਨਾ ਵਸੂਲਿਆ ਜਾਵੇਗਾ।

Aarti dhillon

This news is Content Editor Aarti dhillon