ਦਰੱਖ਼ਤ ਡਿੱਗਣ ਨਾਲ 200 ਕੇ. ਵੀ. ਏ. ਦੇ ਟਰਾਂਸਫ਼ਾਰਮਰ ’ਚ ਬਲਾਸਟ, 19 ਘੰਟੇ ਰਿਹਾ ਬਲੈਕਆਊਟ

05/20/2023 12:27:10 PM

ਜਲੰਧਰ (ਪੁਨੀਤ)–ਐੱਸ. ਡੀ. ਕਾਲਜ ਰੋਡ ’ਤੇ ਪੈਂਦੇ ਅਰਜੁਨ ਨਗਰ ਵਿਚ ਦੇਰ ਰਾਤ 11 ਵਜੇ ਹਨੇਰੀ ਆਉਣ ਕਾਰਨ ਸਦੀਆਂ ਪੁਰਾਣਾ ਟਾਹਲੀ ਦਾ ਦਰੱਖਤ ਟਰਾਂਸਫਾਰਮਰ ’ਤੇ ਜਾ ਡਿੱਗਾ, ਜਿਸ ਕਾਰਨ ਟਰਾਂਸਫ਼ਾਰਮਰ ਵਿਚ ਜ਼ੋਰਦਾਰ ਬਲਾਸਟ ਹੋਇਆ ਅਤੇ ਇਲਾਕੇ ਵਿਚ ਬਲੈਕਆਊਟ ਹੋ ਗਿਆ। ਦਰੱਖ਼ਤ ਡਿੱਗਣ ਨਾਲ ਹੋਏ ਨੁਕਸਾਨ ਕਾਰਨ ਅਸਤ-ਵਿਅਸਤ ਹੋਏ ਬਿਜਲੀ ਸਿਸਟਮ ਨੂੰ ਠੀਕ ਕਰਨ ਵਿਚ ਸਿਵਲ ਲਾਈਨ ਡਿਵੀਜ਼ਨ ਦੇ ਅਧਿਕਾਰੀਆਂ ਅਤੇ ਸਟਾਫ਼ ਨੂੰ ਸਖ਼ਤ ਮੁਸ਼ੱਕਤ ਕਰਨੀ ਪਈ। 19 ਘੰਟਿਆਂ ਬਾਅਦ ਬਿਜਲੀ ਦੀ ਸਪਲਾਈ ਸ਼ੁਰੂ ਹੋ ਸਕੀ। ਬਿਜਲੀ ਬੰਦ ਰਹਿਣ ਕਾਰਨ ਖ਼ਪਤਕਾਰਾਂ ਨੂੰ ਪੀਣ ਵਾਲੇ ਪਾਣੀ ਨੂੰ ਲੈ ਕੇ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ, ਲੈਂਡਲਾਈਨ ਫੋਨ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਰਹੀਆਂ।

ਮਕਸੂਦਾਂ ਡਿਵੀਜ਼ਨ ਅਧੀਨ ਸਿਵਲ ਲਾਈਨ ਡਿਵੀਜ਼ਨ ਵਿਚ ਪੈਂਦੇ ਅਰਜੁਨ ਨਗਰ ਇਲਾਕੇ ਵਿਚ ਵੀਰਵਾਰ ਰਾਤੀਂ 1 ਵਜੇ ਦੇ ਲਗਭਗ ਹੋਏ ਇਸ ਹਾਦਸੇ ਵਿਚ ਦਰੱਖ਼ਤ ਡਿੱਗਣ ਕਾਰਨ ਟਰਾਂਸਫ਼ਾਰਮਰ ਪੋਲ ਤੋਂ ਹੇਠਾਂ ਜਾ ਡਿੱਗਾ, ਜਿਸ ਤੋਂ ਬਾਅਦ ਟਰਾਂਸਫ਼ਾਰਮਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੂਜੇ ਪਾਸੇ ਟਰਾਂਸਫ਼ਾਰਮਰ ਨਾਲ ਜੁੜੀਆਂ ਬਿਜਲੀ ਦੀਆਂ ਤਾਰਾਂ ਦੇ ਨਜ਼ਦੀਕ ਵਾਲੇ ਕਈ ਪੋਲ ਝਟਕੇ ਕਾਰਨ ਟੁੱਟ ਗਏ ਅਤੇ ਲੋਕਾਂ ਦੇ ਘਰ ਵੱਲ ਜਾ ਡਿੱਗੇ। ਸਿਵਲ ਲਾਈਨ ਡਿਵੀਜ਼ਨ ਦੇ ਐੱਸ. ਡੀ. ਓ. ਗੁਰਮੀਤ ਸਿੰਘ ਸਵੇਰੇ ਮੌਕੇ ’ਤੇ ਪੁੱਜੇ ਅਤੇ ਜੰਗੀ ਪੱਧਰ ’ਤੇ ਮੇਨਟੀਨੈਂਸ ਦਾ ਕੰਮ ਸ਼ੁਰੂ ਕਰਵਾਇਆ। ਸਬ-ਡਿਵੀਜ਼ਨ ਦੇ ਜੇ. ਈ-1 ਮਨਹਰਪ੍ਰੀਤ ਸਿੰਘ, ਜਤਿੰਦਰ ਮੋਹਨ, ਕਮਲੇਸ਼ ਕੁਮਾਰ ਅਤੇ ਇਲਾਕਾ ਜੇ. ਈ. ਹਰਪ੍ਰੀਤ ਸਿੰਘ ਨੂੰ ਰਿਪੇਅਰ ਦੇ ਕੰਮ ਲਈ ਮੌਕੇ ’ਤੇ ਤਾਇਨਾਤ ਕੀਤਾ ਗਿਆ।

ਇਹ ਵੀ ਪੜ੍ਹੋ - ਡਿਜੀਟਲ ਹੋਣ ਦੀ ਉਡੀਕ 'ਚ 'ਪੰਜਾਬ ਵਿਧਾਨ ਸਭਾ', ਚੌਥੀ ਵਾਰ ਵੀ ਟੈਂਡਰ ਹੋਇਆ ਰੱਦ

ਐੱਸ. ਡੀ. ਓ. ਗੁਰਮੀਤ ਸਿੰਘ ਨੇ ਠੇਕੇਦਾਰ ਕੋਲੋਂ ਕਰੇਨ ਅਤੇ ਲੇਬਰ ਬੁਲਾ ਕੇ ਨੁਕਸਾਨੀਆਂ ਤਾਰਾਂ ਬਦਲਵਾਈਆਂ ਅਤੇ ਡਿੱਗੇ ਪੋਲ ਚੁਕਵਾਏ। ਲੋਡ ਸ਼ਿਫਟ ਕਰ ਕੇ ਰਾਤ 8 ਵਜੇ ਦੇ ਲਗਭਗ ਬਿਜਲੀ ਸਪਲਾਈ ਚਾਲੂ ਕਰਵਾਈ। ਗੁਰਮੀਤ ਸਿੰਘ ਨੇ ਕਿਹਾ ਕਿ ਸਟਾਫ ਦੀਆਂ ਸਖ਼ਤ ਕੋਸ਼ਿਸ਼ਾਂ ਸਦਕਾ ਬਿਜਲੀ ਦੀ ਸਪਲਾਈ ਦਾ ਕੰਮ ਨਿਬੜ ਗਿਆ ਹੈ, ਜਦੋਂ ਕਿ ਜਿਸ ਤਰ੍ਹਾਂ ਨਾਲ ਨੁਕਸਾਨ ਹੋਇਆ ਸੀ, ਉਸ ਨੂੰ ਠੀਕ ਕਰਨ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਸੀ। ਇਸ ਕਾਰਨ ਐੱਸ. ਡੀ. ਕਾਲਜ ਰੋਡ, ਅਰਜੁਨ ਨਗਰ, ਗੋਬਿੰਦਗੜ੍ਹ ਸਮੇਤ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਏ।

ਘਰਾਂ ਦੇ ਉਪਕਰਨ ਅਤੇ ਮੀਟਰ ਬਕਸੇ ਹੋਏ ਸੁਆਹ
ਟਰਾਂਸਫ਼ਾਰਮਰ ਵਿਚ ਬਲਾਸਟ ਹੋਣ ਤੋਂ ਬਾਅਦ ਲੋਕਾਂ ਦੇ ਘਰਾਂ ਵਿਚ ਲੱਗੇ ਕਈ ਉਪਕਰਨਾਂ ਵਿਚੋਂ ਚੰਗਿਆੜੀਆਂ ਨਿਕਲਣ ਦਾ ਪਤਾ ਲੱਗਾ ਹੈ। ਦੂਜੇ ਪਾਸੇ ਇਲਾਕੇ ਵਿਚ ਕਈ ਥਾਵਾਂ ’ਤੇ ਲੱਗੇ ਮੀਟਰ ਬਕਸੇ ਵੀ ਸੁਆਹ ਹੋ ਗਏ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅੱਧੀ ਦਰਜਨ ਤੋਂ ਵੱਧ ਘਰਾਂ ਵਿਚ ਐੱਲ. ਸੀ. ਡੀ., ਫਰਿੱਜ, ਮੋਟਰ ਆਦਿ ਖਰਾਬ ਹੋ ਗਈਆਂ ਹਨ।

ਇਹ ਵੀ ਪੜ੍ਹੋ - ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ, ਮੂੰਹ ਬੰਨ੍ਹ ਕੇ ਆਏ ਵਿਅਕਤੀ ਨੇ ਗ੍ਰੰਥੀ ਸਿੰਘ ’ਤੇ ਕੀਤਾ ਹਮਲਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

shivani attri

This news is Content Editor shivani attri