ਗਾਵਾਂ ਤੇ ਮੱਝਾਂ ਦੇ ਵੱਡੇ ਹਜ਼ੂਮ ਕਾਰਨ 2 ਕਿਲੋਮੀਟਰ ਤਕ ਰਿਹਾ ਟ੍ਰੈਫਿਕ ਜਾਮ

12/14/2018 4:35:18 AM

ਕਪੂਰਥਲਾ,   (ਗੁਰਵਿੰਦਰ ਕੌਰ)-  ਕਪੂਰਥਲਾ ਸ਼ਹਿਰ ’ਚ ਜਿਥੇ ਨਾਜਾਇਜ਼ ਕਬਜ਼ਿਆਂ ਤੇ ਰੇਹਡ਼ੀ ਵਾਲਿਆਂ ਕਾਰਨ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ, ਉਥੇ ਅੱਜ ਵੱਡੀ ਤਦਾਦ ’ਚ ਗਾਵਾਂ ਤੇ ਮੱਝਾਂ ਦੇ ਵੱਡੇ ਹਜ਼ੂਮ ਨੇ ਕਪੂਰਥਲਾ ਸ਼ਹਿਰ ਦੀਆਂ ਮੁੱਖ ਸਡ਼ਕਾਂ ਤੇ ਚੌਕਾਂ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ। 
ਜ਼ਿਕਰਯੋਗ ਹੈ ਕਿ ਬੀਤੇ ਦਿਨ ਕੁਝ ਬਾਬਿਆਂ ਵਲੋਂ ਗਾਵਾਂ ਤੇ ਮੱਝਾਂ (100 ਤੋਂ 150 ਦੇ ਕਰੀਬ) ਵੱਡੇ ਕਾਫਲੇ ਨੂੰ ਲੈ ਕੇ ਰੇਲਵੇ ਸਟੇਸ਼ਨ ਰੋਡ ਰਾਹੀਂ ਕਪੂਰਥਲਾ ਸ਼ਹਿਰ ’ਚ ਦਾਖਲ ਹੋਏ, ਜਿਹਡ਼ੇ ਇੰਪਰੂਵਮੈਂਟ ਟਰੱਸਟ, ਚਾਰਬੱਤੀ ਚੌਕ, ਸਿਵਲ ਹਸਪਤਾਲ, ਸਟੇਟ ਗੁਰਦੁਆਰਾ ਸਾਹਿਬ, ਫੁਹਾਰਾ ਚੌਕ, ਸ਼ਿਵ ਮੰਦਰ ਚੌਕ, ਸ਼ਹੀਦ ਭਗਤ ਸਿੰਘ ਚੌਕ, ਸੱਤ ਨਰਾਇਣ ਚੌਕ, ਅੰਮ੍ਰਿਤਸਰ ਰੋਡ ਤੇ ਚੂੰਗੀ ਫੱਤੂਢੀਂਗਾ ਰਾਹੀਂ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਏ। 
ਮੱਝਾਂ ਤੇ ਗਾਵਾਂ ਦੇ ਝੁੰਡ ਕਾਰਨ ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ਕਰੀਬ 2 ਕਿਲੋਮੀਟਰ ਤਕ ਜਾਮ ਰਿਹਾ, ਜਿਸ ਕਾਰਨ ਕਪੂਰਥਲਾ ਸ਼ਹਿਰ ਨਿਵਾਸੀ ਕਰੀਬ 1 ਘੰਟੇ ਤਕ ਜਾਮ ’ਚ ਫਸੇ ਰਹੇ। ਜ਼ਿਕਰਯੋਗ ਹੈ ਕਿ ਇਹ ਸਡ਼ਕ ਕਪੂਰਥਲਾ ਸ਼ਹਿਰ ਦੀ ਮੁੱਖ ਸਡ਼ਕ ਤੇ ਥੋੜ੍ਹੀ ਹੀ ਦੂਰੀ ’ਤੇ ਮੁੱਖ ਬਾਜ਼ਾਰ ਹੋਣ ਕਾਰਨ ਇਥੇ ਆਵਾਜਾਈ ਕਾਫੀ ਰਹਿੰਦੀ ਹੈ। ਇਨ੍ਹਾਂ ਗਾਵਾਂ ਤੇ ਮੱਝਾਂ ਦੇ ਝੁੰਡ ਕਾਰਨ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਾਮ ’ਚ ਫਸੇ ਲੋਕਾਂ ਵਲੋਂ ਇਸ ਹਜ਼ੂਮ ਨੂੰ ਕਾਫੀ ਕੋਸਿਆ ਗਿਆ। 
ਇਸ ਸਬੰਧੀ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਾਵਾਂ ਤੇ ਮੱਝਾਂ ਦੇ ਇਸ ਝੁੰਡ ਦੇ ਸ਼ਹਿਰ ’ਚ ਆਉਣ ਦੀ ਕਿਸੇ ਨੇ ਵੀ ਮੁਖੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ  ਪਰ ਬਾਅਦ ’ਚ ਸੂਤਰਾਂ ਤੋਂ ਪਤਾ ਲੱਗਾ ਕਿ ਸ਼ਹਿਰ ਅੰਦਰ ਗਾਵਾਂ ਤੇ ਮੱਝਾਂ ਦਾ ਵੱਡਾ ਕਾਫਲਾ ਆ ਰਿਹਾ ਹੈ, ਜਿਸ ਕਾਰਨ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਪੁਲਸ ਤੇ ਪੀ. ਸੀ. ਆਰ. ਦੀ ਟੀਮ ਨੂੰ ਭੇਜਿਆ ਗਿਆ।