90 ਲੱਖ ਦੀ ਠੱਗੀ ਮਾਰਨ ਵਾਲਾ ਸ਼ਾਤਿਰ ਟ੍ਰੈਵਲ ਏਜੰਟ ਅੰਮ੍ਰਿਤਸਰ ਏਅਰਪੋਰਟ ''ਤੇ ਕਾਬੂ

03/21/2022 9:46:25 PM

ਫਗਵਾੜਾ (ਜਲੋਟਾ) : ਲੋਕਾਂ ਨੂੰ ਵਿਦੇਸ਼ ਭੇਜਣ ਦੇ ਲਾਰੇ ਲਾ ਕੇ ਵਿਦੇਸ਼ੀ ਧਰਤੀ 'ਤੇ ਸੈਟਲ ਕਰਨ ਦੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਤੋਂ ਕਥਿਤ ਤੌਰ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਸ਼ਾਤਿਰ ਟ੍ਰੈਵਲ ਏਜੰਟ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਕਾਬੂ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਗ ਬਾਣੀ ਨਾਲ ਗੱਲਬਾਤ ਕਰਦਿਆਂ ਫਗਵਾੜਾ ਦੇ ਐੱਸ. ਪੀ. ਹਰਿੰਦਰਪਾਲ ਸਿੰਘ ਨੇ ਸੂਚਨਾ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਏਅਰਪੋਰਟ 'ਤੇ ਕਾਬੂ ਕੀਤੇ ਗਏ ਆਰੋਪੀ ਟ੍ਰੈਵਲ ਏਜੰਟ ਨੂੰ ਫਗਵਾੜਾ ਪੁਲਸ ਦੀ ਟੀਮ ਨੇ ਹਿਰਾਸਤ 'ਚ ਲੈ ਲਿਆ ਹੈ, ਜਿਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਸ਼ਟਰਪਤੀ ਕੋਵਿੰਦ ਨੇ ਪ੍ਰਸਿੱਧ ਹਸਤੀਆਂ ਨੂੰ ਦਿੱਤੇ ਪਦਮ ਪੁਰਸਕਾਰ

ਐੱਸ. ਪੀ. ਨੇ ਦੱਸਿਆ ਕਿ ਆਰੋਪੀ ਟ੍ਰੈਵਲ ਏਜੰਟ ਦੀ ਪਛਾਣ ਕ੍ਰਿਸ ਨੀਲ ਰੈੱਡੀ ਵਜੋਂ ਹੋਈ ਹੈ, ਜੋ ਨਿਊਜ਼ੀਲੈਂਡ 'ਚ ਰਹਿੰਦਾ ਹੈ ਅਤੇ ਇਨ੍ਹੀਂ ਦਿਨੀਂ ਹਦੀਆਬਾਦ (ਫਗਵਾੜਾ) ਨੇੜੇ ਵਿਆਹ ਕਰਵਾ ਕੇ ਰਹਿ ਰਿਹਾ ਸੀ, ਜਿਸ ਦੇ ਖ਼ਿਲਾਫ਼ ਥਾਣਾ ਸਿਟੀ ਫਗਵਾੜਾ ਵਿਖੇ ਲੱਖਾਂ ਰੁਪਏ ਦੀ ਧੋਖਾਧੜੀ ਦੇ 3 ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਟ੍ਰੈਵਲ ਏਜੰਟ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਉਹ ਪੁਲਸ ਹੱਥ ਨਹੀਂ ਲੱਗ ਰਿਹਾ ਸੀ। ਇਸ ਖ਼ਿਲਾਫ਼ ਫਗਵਾੜਾ ਪੁਲਸ ਵੱਲੋਂ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਏਅਰ ਪੋਰਟ 'ਤੇ ਆਰੋਪੀ ਨੂੰ ਰੋਕਿਆ ਗਿਆ ਤੇ ਇਸ ਦੀ ਸੂਚਨਾ ਫਗਵਾੜਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਆਰੋਪੀ ਟ੍ਰੈਵਲ ਏਜੰਟ ਨੂੰ ਫਗਵਾੜਾ ਪੁਲਸ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਆਪਣੀ ਹਿਰਾਸਤ 'ਚ ਲੈ ਲਿਆ।

ਖ਼ਬਰ ਇਹ ਵੀ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਉਨ੍ਹਾਂ ਕਿਹਾ ਕਿ ਏਜੰਟ 'ਤੇ 90 ਲੱਖ ਰੁਪਏ ਦੇ ਕਰੀਬ ਧੋਖਾਧੜੀ ਕਰਨ ਦੇ ਆਰੋਪ ਹਨ। ਜਾਣਕਾਰੀ ਮੁਤਾਬਕ ਇਸ ਟ੍ਰੈਵਲ ਏਜੰਟ ਨੂੰ ਪੁਲਸ ਵੱਲੋਂ ਦਰਜ ਕੀਤੇ ਗਏ ਇਕ ਕੇਸ 'ਚ ਮਾਣਯੋਗ ਹਾਈ ਕੋਰਟ ਤੋਂ ਜ਼ਮਾਨਤ ਵੀ ਮਿਲੀ ਹੋਈ ਹੈ ਪਰ ਦੂਜੇ ਮਾਮਲੇ 'ਚ ਪੁਲਸ ਨੇ ਇਸ ਦਾ ਰਿਮਾਂਡ ਹਾਸਲ ਕੀਤਾ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਫਗਵਾੜਾ ਪੁਲਸ ਵੱਲੋਂ ਆਰੋਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Harnek Seechewal

This news is Content Editor Harnek Seechewal