ਅਮਰਨਾਥ ਯਾਤਰੀਆਂ ’ਤੇ ਹਮਲਾ ਕਰਨ ਵਾਲੇ ਟੋਲ ਪਲਾਜ਼ਾ ਦੇ ਤਿੰਨ ਵਰਕਰ ਗ੍ਰਿਫ਼ਤਾਰ

07/09/2019 4:19:20 AM

ਟਾਂਡਾ ਉਡ਼ਮੁਡ਼, (ਗੁਪਤਾ)- ਬੀਤੀ ਰਾਤ ਸ਼੍ਰੀ ਅਮਰਨਾਥ ਯਾਤਰਾ ’ਤੇ ਜਾ ਰਹੇ ਯਾਤਰੀਆਂ ਨਾਲ ਚੋਲਾਂਗ ਟੋਲ ਪਲਾਜ਼ਾ ’ਤੇ ਹੋਈ ਕੁੱਟ-ਮਾਰ ਦੀ ਖ਼ਬਰ ਪੂਰੇ ਇਲਾਕੇ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਜਿਸ ਨਾਲ ਪੂਰੇ ਇਲਾਕੇ ਦੀਆਂ ਧਾਰਮਕ ਸੰਸਥਾਵਾਂ ਨੇ ਕਡ਼ੀ ਨਿੰਦਾ ਕਰਦੇ ਹੋਏ ਪੁਲਸ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਸੰਸਥਾਵਾਂ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਸਖਤ ਕਦਮ ਚੁੱਕਣ ਲਈ ਵੀ ਤਿਆਰ ਹਨ। ਸਾਰੀਆਂ ਧਾਰਮਕ ਸੰਸਥਾਵਾਂ ਅਤੇ ਸ਼ਿਵ ਸੈਨਾ ਪੰਜਾਬ ਨੂੰ ਕਡ਼ੇ ਰੁੱਖ ਅਪਣਾਉਂਦੇੇ ਦੇਖ ਐੱਸ.ਐੱਚ.ਓ. ਟਾਂਡਾ ਹਰਗੁਰਦੇਵ ਸਿੰਘ ਨੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ। ਥਾਣਾ ਮੁਖੀ ਨੇ ਕਿਹਾ ਕਿ ਮੈਂ ਦੋਸ਼ੀਆਂ ’ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕਰਾਂਗਾ। ਦੇਰ ਸ਼ਾਮ ਨੂੰ ਹੀ ਥਾਣਾ ਮੁਖੀ ਨੇ ਤਿੰਨਾਂ ਦੋਸ਼ੀਆਂ ’ਤੇ ਬਣਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਸ਼ਿਵ ਸੈਨਾ ਪੰਜਾਬ ਦੇ ਭਾਰਤ ਯੁਵਾ ਮੁਖੀ ਮਿੱਕੀ ਪੰਡਿਤ, ਦੋਆਬਾ ਪ੍ਰਧਾਨ ਰਾਹੁਲ ਖੰਨਾ, ਜ਼ਿਲਾ ਪ੍ਰਧਾਨ ਸ਼ਿਵਮ ਵੈਦ, ਜ਼ਿਲਾ ਚੇਅਰਮੈਨ ਵਿਕਾਸ ਜਸਰਾ ਆਪਣੀ ਪੂਰੀ ਟੀਮ ਨਾਲ ਚੌਲਾਂਗ ਟੋਲ ਪਲਾਜ਼ਾ ਦੇ ਮੈਨੇਜਰ ਸੰਜੇ ਸਿੰਘ ਰਾਜਪੂਤ ਨੂੰ ਜਾ ਕੇ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਕਿ ਸ਼੍ਰੀ ਅਮਰਨਾਥ ਯਾਤਰੀਆਂ ਤੋਂ ਟੋਲ ਨਾ ਵਸੂਲਿਆ ਜਾਵੇ। ਸੰਜੇ ਸਿੰਘ ਨੇ ਭਰੋਸਾ ਦਿੰਦਿਆਂ ਕਿਹਾ ਕਿ ਮੈਂ ਆਪਣੇ ਸਾਰੇ ਕਰਮਚਾਰੀਆਂ ਨੂੰ ਕਹਿ ਦਿੱਤਾ ਹੈ ਕਿ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਦੀ ਯਾਤਰਾ ਪਰਚੀ ਦੇਖ ਉਨ੍ਹਾਂ ਤੋਂ ਟੋਲ ਨਾ ਵਸੂਲਿਆ ਜਾਵੇ। ਇਸ ਮੌਕੇ ਸਿਟੀ ਪ੍ਰਧਾਨ ਵਿਵੇਕ ਵਿਜ਼ਨ, ਉਪ ਪ੍ਰਧਾਨ ਵਿਸ਼ਾਲ, ਜਿੰਦਰ ਬਣੀਆਲ, ਸੁਧਾਂਸ਼ੂ ਮਲਹੋਤਰਾ, ਟੋਨੀ ਰਡ਼ਾ, ਗਗਨ ਭੱਟੀ, ਹਰਜੀਤ ਸਿੰਘ, ਰਣਜੀਤ ਸਿੰਘ, ਰਾਹੁਲ ਪੱਚੋਵਾਲੀਆਂ, ਅਕਾਸ਼ ਰਾਣਾ, ਰਾਹੁਲ ਕੁਮਾਰ, ਸੰਦੀਪ ਸਹੋਤਾ, ਅੰਕੁਸ਼ ਪੰਡਿਤ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa