ਸੀ. ਆਈ. ਏ. ਸਟਾਫ ਦੀ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਟਰੱਕ, ਕਣਕ ਤੇ ਤੇਜ਼ਧਾਰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ

01/13/2019 6:03:30 AM

 ਕਪੂਰਥਲਾ   (ਭੂਸ਼ਣ)-  28-29 ਦਸੰਬਰ ਦੀ ਅੱਧੀ ਰਾਤ ਨੂੰ ਪਿੰਡ ਰਜਾਪੁਰ  ਦੇ ਨਜ਼ਦੀਕ ਫੂਡ ਐਂਡ ਸਪਲਾਈ ਵਿਭਾਗ  ਦੇ ਗੋਦਾਮ ’ਚ ਦਾਖਲ  ਹੋਕੇ 2 ਟਰੱਕਾਂ ’ਚ ਆਏ 20-25 ਲੁਟੇਰਿਆਂ ਵਲੋਂ 1100 ਬੋਰੀਆਂ ਕਣਕ ਲੁੱਟਣ  ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ 3 ਮੁੱਖ ਮੁਲਜ਼ਮਾਂ ਨੂੰ ਲੁੱਟ ਦੇ ਦੌਰਾਨ ਇਸਤੇਮਾਲ ’ਚ ਲਿਆਂਦੇ ਗਏ ਟਰੱਕ,  ਤੇਜ਼ਧਾਰ ਹਥਿਆਰ ਤੇ ਕਾਫ਼ੀ ਮਾਤਰਾ ’ਚ ਲੁੱਟੀ ਗਈ ਕਣਕ ਬਰਾਮਦ   ਕੀਤੀ ਹੈ। ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਜਿਥੇ ਸਰਕਾਰੀ ਗੋਦਾਮਾਂ ’ਚ ਲੁੱਟ ਦੀਅਾਂ ਕਈ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ। ਉਥੇ ਹੀ ਇਸ ਮਾਮਲੇ ’ਚ ਲੋਡ਼ੀਂਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਦਾ ਦੌਰ ਜਾਰੀ ਹੈ। 
ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 28-29 ਦਸੰਬਰ ਦੀ ਅੱਧੀ ਰਾਤ ਨੂੰ ਫੂਡ ਐਂਡ ਸਪਲਾਈ ਵਿਭਾਗ  ਦੇ ਪਿੰਡ ਰਜਾਪੁਰ  ਦੇ ਨਜ਼ਦੀਕ ਸਰਕਾਰੀ ਗੁਦਾਮ ’ਚ 2 ਟਰੱਕਾਂ ਵਿਚ ਆਏ 20-25 ਮੁਲਜ਼ਮਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਡਿਊਟੀ ਤੇ ਤੈਨਾਤ ਚੌਕੀਦਾਰਾਂ ਨੂੰ ਬੰਨ੍ਹ ਕੇ ਕਰੀਬ 10 ਲੱਖ ਰੁਪਏ ਮੁੱਲ ਦੀਅਾਂ 1100 ਬੋਰੀਆਂ ਕਣਕ  ਲੁੱਟ ਲਈਅਾਂ ਸਨ। ਜਿਸ ਨੂੰ ਲੈ ਕੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ  ਖਿਲਾਫ ਮਾਮਲਾ ਦਰਜ ਕਰ ਲਿਆ ਸੀ।  ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲਾ ਪੁਲਸ ਨੇ ਐੱਸ. ਪੀ. ਡੀ.  ਸਤਨਾਮ ਸਿੰਘ  ਦੀ ਨਿਗਰਾਨੀ ’ਚ ਬਣਾਈ ਗਈ ਇਕ ਵਿਸ਼ੇਸ਼ ਟੀਮ ਜਿਸ ’ਚ ਡੀ. ਐੱਸ. ਪੀ. ਡੀ. ਮਨਪ੍ਰੀਤ ਸਿੰਘ  ਢਿੱਲੋਂ,  ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਤੇ ਐੱਸ. ਐੱਚ. ਓ. ਸਦਰ ਗੁਰਦਿਆਲ ਸਿੰਘ  ਨੂੰ ਸ਼ਾਮਲ ਕੀਤਾ ਗਿਆ ਸੀ।  ਇਸ ਪੂਰੀ ਟੀਮ ਨੇ ਕਈ ਦਿਨਾਂ ਤਕ ਚੱਲੀ ਲੰਮੀ ਜਾਂਚ  ਦੇ ਬਾਅਦ ਇਸ ’ਚ ਕਈ ਅਹਿਮ ਸਬੂਤ ਇੱਕਠੇ ਕੀਤੇ।  ਜਿਸ  ਦੌਰਾਨ ਖੁਲਾਸਾ ਹੋਇਆ ਕਿ ਇਸ ਲੁੱਟ  ਦੌਰਾਨ ਇਸਤੇਮਾਲ ’ਚ ਲਿਅਾਂਦਾ ਗਿਆ ਟਰੱਕ  ’ਤੇ ਹਰਿਆਣਾ ਦਾ ਨੰਬਰ  ਲਾਇਆ ਗਿਆ ਸੀ । ਜਿਸ  ਦੇ ਆਧਾਰ ’ਤੇ ਇਕ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਸ ਸਰਕਾਰੀ ਗੁਦਾਮ ਨੂੰ ਲੁੱਟਣ ਵਾਲੇ 3 ਮੁੱਖ ਮੁਲਜ਼ਮ ਸਤਨਾਮ ਸਿੰਘ  ਪੁੱਤਰ ਬਖਸ਼ੀਸ਼ ਸਿੰਘ  ਵਾਸੀ ਪਿੰਡ ਚੀਮਾ  ਕਲਾ ਜ਼ਿਲਾ ਤਰਨਤਾਰਨ ,  ਹਰਦੀਪ ਸਿੰਘ  ਉਰਫ ਦੀਪਾ ਪੁੱਤਰ ਬਲਵਿੰਦਰ ਸਿੰਘ  ਵਾਸੀ ਪਿੰਡ ਮਾਨ  ਜ਼ਿਲਾ ਤਰਨਤਾਰਨ ਅਤੇ ਦਰਿਆਫਤ ਸਿੰਘ  ਪੁੱਤਰ ਬਲਜੀਤ ਸਿੰਘ  ਵਾਸੀ ਪਿੰਡ ਠਕਰਪੁਰਾ ਜ਼ਿਲਾ ਤਰਨਤਾਰਨ ਟਰੱਕ ’ਚ ਸਵਾਰ ਹੋ ਕੇ ਲਿੰਕ ਸਡ਼ਕਾਂ ਦੀ ਮਦਦ ਨਾਲ ਪਿੰਡ ਢੱਪਈ ਤੋਂ ਹੋ ਕੇ ਜਲੰਧਰ ਦੀ ਤਿਆਰੀ ਕਰ ਰਹੇ ਹਨ।  ਜਿਸ ’ਤੇ ਇੰਸਪੈਕਟਰ ਸੁਰਿੰਦਰ ਚਾਂਦ ਤੇ ਐੱਸ. ਐੱਚ. ਓ. ਸਦਰ ਗੁਰਦਿਆਲ ਸਿੰਘ  ਨੇ ਪੁਲਸ ਪਾਰਟੀ  ਦੇ ਨਾਲ ਨਾਕਾਬੰਦੀ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਜਲੰਧਰ ਮਾਰਗ ਤੋਂ ਕਾਬੂ ਕਰ ਲਿਆ।  
ਪੁੱਛਗਿਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਬਰਾਮਦ ਕੀਤੇ ਗਏ ਟਰੱਕ ’ਚ ਸਵਾਰ ਹੋ ਕੇ ਸਰਕਾਰੀ ਗੁਦਾਮ ਵਿਚ ਆਪਣੇ ਸਾਥੀਆਂ  ਨਾਲ ਦਾਖਲ ਹੋ ਕੇ 1100 ਬੋਰੀਆਂ ਕਣਕ ਲੁੱਟੀਆਂ ਸਨ। ਮੁਲਜ਼ਮਾਂ  ਦੇ ਖੁਲਾਸਿਆਂ ’ਤੇ 20 ਬੋਰੀਆਂ ਕਣਕ ,  ਇਕ ਖੰਡਾ ਤੇ 2 ਵੱਡੇ ਦਾਤਰ ਬਰਾਮਦ ਕੀਤੇ ਗਏ ਹਨ।  ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ ਚੋਰੀ ਕੀਤੀ ਗਈ ਕਣਕ ਕਾਫ਼ੀ ਥਾਵਾਂ ’ਤੇ ਵੇਚੀ ਹੈ। ਜਿਸ  ਦੇ ਆਧਾਰ ’ਤੇ ਪੁਲਸ ਨੇ ਜਿਥੇ ਇਸ ਵਾਰਦਾਤ ’ਚ ਸ਼ਾਮਲ ਕਈ ਹੋਰ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।  ਉਥੇ ਹੀ ਵੇਚੀ ਗਈ ਕਣਕ  ਨੂੰ ਬਰਾਮਦ ਕਰਨ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ  ਨੇ ਦੱਸਿਆ ਕਿ ਮੁਲਜ਼ਮਾਂ ਨੇ ਸੂਬੇ ’ਚ ਕਈ ਹੋਰ ਥਾਵਾਂ ਵਿਚ ਚੱਲ ਰਹੇ ਸਰਕਾਰੀ ਗੋਦਾਮਾਂ ਤੋਂ ਕਣਕ ਲੁੱਟਣ ਦਾ ਖੁਲਾਸਾ ਕੀਤਾ ਹੈ। ਮੁਲਜ਼ਮਾਂ ਨੂੰ ਅਦਾਲਤ ਨੇ ਐਤਵਾਰ ਤਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ  ਗਿਆ ਹੈ।