3 ਸਾਲ ’ਚ ਚੌਥੀ ਵਾਰ ਪੁੱਟਿਆ ਜਾ ਰਿਹੈ ਵਰਕਸ਼ਾਪ ਚੌਂਕ, ਪਹਿਲਾਂ ਚੌਂਕ ਸੁੰਦਰੀਕਰਨ ਪ੍ਰਾਜੈਕਟ ਆਇਆ

09/03/2023 3:26:30 PM

ਜਲੰਧਰ (ਖੁਰਾਣਾ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਦਾ ਮੰਤਵ ਸ਼ਹਿਰ ਨਿਵਾਸੀਆਂ ਨੂੰ ਉੱਚ ਪੱਧਰ ਦੀਆਂ ਸਹੂਲਤਾਂ ਦੇਣਾ ਸੀ, ਜਿਸ ’ਤੇ ਉਸ ਸ਼ਹਿਰ ਦੇ ਲੋਕ ਮਾਣ ਕਰਦੇ ਪਰ ਸਮਾਰਟ ਸਿਟੀ ਦੀ ਸੂਚੀ ਵਿਚ ਸ਼ਾਮਲ ਹੋਇਆ ਜਲੰਧਰ ਇਸ ਮਿਸ਼ਨ ਦਾ ਲਾਭ ਉਠਾ ਹੀ ਨਹੀਂ ਸਕਿਆ। ਸਮਾਰਟ ਸਿਟੀ ਦੇ ਪੈਸੇ ਜਲੰਧਰ ਵਿਚ ਕਿਸ ਤਰ੍ਹਾਂ ਉਡਾਏ ਗਏ, ਇਸ ਦੀਆਂ ਕਈ ਮਿਸਾਲਾਂ ਗਿਣਾਈਆਂ ਜਾ ਸਕਦੀਆਂ ਹਨ। ਵਰਕਸ਼ਾਪ ਚੌਂਕ ਦੀ ਗੱਲ ਕਰੀਏ ਤਾਂ ਇਹ ਚੌਂਕ ਅੱਜ ਤੋਂ 5 ਸਾਲ ਪਹਿਲਾਂ ਸ਼ਹਿਰ ਦਾ ਸਭ ਤੋਂ ਸੁੰਦਰ ਅਤੇ ਵਿਵਸਥਿਤ ਚੌਂਕ ਸੀ ਪਰ ਫਿਰ ਵੀ ਸਮਾਰਟ ਸਿਟੀ ਜਲੰਧਰ ਵਿਚ ਬੈਠੇ ਭ੍ਰਿਸ਼ਟ ਅਧਿਕਾਰੀਆਂ ਨੇ ਇਸ ਚੌਂਕ ਨੂੰ ਇਕ ਕਰੋੜ ਰੁਪਿਆ ਲਾ ਕੇ ਸੁੰਦਰ ਬਣਾਉਣ ਦਾ ਪ੍ਰਾਜੈਕਟ ਤਿਆਰ ਕਰ ਲਿਆ।

ਇਹ ਵੀ ਪੜ੍ਹੋ-  ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਇਸ ਪ੍ਰਾਜੈਕਟ ਕਾਰਨ ਚੌਕ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਅਤੇ ਉਸਨੂੰ ਹੋਰ ਛੋਟਾ ਕਰ ਦਿੱਤਾ ਗਿਆ। ਕਾਂਗਰਸੀ ਆਗੂਆਂ ਨੇ ਇਤਰਾਜ਼ ਜਤਾਇਆ ਪਰ ਉਨ੍ਹਾਂ ਦੇ ਇਤਰਾਜ਼ਾਂ ’ਤੇ ਕੋਈ ਸੁਣਵਾਈ ਹੀ ਨਹੀਂ ਹੋਈ। ਇਕ ਕਰੋੜ ਰੁਪਿਆ ਲਾ ਕੇ ਵੀ ਜਦੋਂ ਇਸ ਚੌਕ ਦੀ ਹਾਲਤ ਨਹੀਂ ਸੁਧਰੀ ਤਾਂ ਉਪਰੋਂ ਸਮਾਰਟ ਸਿਟੀ ਦਾ ਇਕ ਹੋਰ ਪ੍ਰਾਜੈਕਟ ਸਰਫੇਸ ਵਾਟਰ ਇਥੇ ਲਾਂਚ ਕਰ ਦਿੱਤਾ ਗਿਆ। ਉਸ ਪ੍ਰਾਜੈਕਟ ਤਹਿਤ ਪਾਣੀ ਦੇ ਵੱਡੇ-ਵੱਡੇ ਪਾਈਪ ਪਾ ਕੇ ਪੂਰੇ ਚੌਂਕ ਨੂੰ ਫਿਰ ਪੁੱਟ ਦਿੱਤਾ ਗਿਆ ਅਤੇ ਇਕ ਕਰੋੜ ਰੁਪਿਆ ਮਿੱਟੀ ਵਿਚ ਵਹਿ ਗਿਆ। ਇੰਨੇ ਵਿਚ ਸਮਾਰਟ ਸਿਟੀ ਦਾ ਤੀਜਾ ਪ੍ਰਾਜੈਕਟ ਵੀ ਇਥੇ ਲਾਂਚ ਕੀਤਾ ਗਿਆ, ਜਿਸ ਤਹਿਤ 50 ਕਰੋੜ ਰੁਪਏ ਵਾਲੀ ਸਮਾਰਟ ਰੋਡ ਇਥੇ ਬਣਾ ਦਿੱਤੀ ਗਈ। ਅੱਜ ਵੀ ਉਥੇ ਸਮਾਰਟ ਰੋਡ ਦਾ ਕੰਮ ਚੱਲ ਰਿਹਾ ਹੈ, ਜਿਹੜਾ ਪੂਰਾ ਹੋਣ ਵਿਚ ਹੀ ਨਹੀਂ ਆ ਰਿਹਾ। ਹੁਣ ਚੌਥੀ ਵਾਰ ਇਸ ਚੌਕ ਨੂੰ ਕੈਮਰੇ ਲਾ ਰਹੀ ਕੰਪਨੀ ਨੇ ਤੋੜਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਤੋੜੀਆਂ ਗਈਆਂ ਸੜਕਾਂ ’ਤੇ ਪੈਚਵਰਕ ਲਾਏ ਜਾ ਰਹੇ ਹਨ ਪਰ ਫਿਰ ਵੀ ਚੌਂਕ ਦੀ ਸ਼ਕਲ-ਸੂਰਤ ਵਿਗੜ ਗਈ ਹੈ।

ਆਗੂ ਅਤੇ ਅਫ਼ਸਰ ਵੀ ਮੰਨਦੇ ਹਨ ਸ਼ਹਿਰ ਜ਼ਰਾ ਵੀ ਸਮਾਰਟ ਨਹੀਂ ਹੋਇਆ
ਸਮਾਰਟ ਸਿਟੀ ਤਹਿਤ ਅੱਜ ਤਕ ਜਲੰਧਰ ਨੂੰ ਸਮਾਰਟ ਬਣਾਉਣ ਲਈ ਕੁੱਲ 60 ਪ੍ਰਾਜੈਕਟ ਬਣੇ, ਜਿਨ੍ਹਾਂ ਵਿਚੋਂ 30 ਤਾਂ ਪੂਰੇ ਹੋ ਚੁੱਕੇ ਹਨ ਅਤੇ 30 ਪ੍ਰਾਜੈਕਟ ਅਜੇ ਵੀ ਲਟਕ ਰਹੇ ਹਨ। 30 ਪ੍ਰਾਜੈਕਟ ਪੂਰੇ ਹੋ ਜਾਣ ਅਤੇ ਇਨ੍ਹਾਂ ਪ੍ਰਾਜੈਕਟਾਂ ’ਤੇ 370 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚ ਹੋ ਜਾਣ ਦੇ ਬਾਵਜੂਦ ਅੱਜ ਸ਼ਹਿਰ ਰੱਤੀ ਭਰ ਵੀ ਸਮਾਰਟ ਨਜ਼ਰ ਨਹੀਂ ਆ ਰਿਹਾ। ਲਟਕ ਰਹੇ ਪ੍ਰਾਜੈਕਟਾਂ ਵਿਚੋਂ ਸਭ ਤੋਂ ਵੱਡਾ ਪ੍ਰਾਜੈਕਟ ਸਮਾਰਟ ਰੋਡਜ਼ ਬਾਬਤ ਹੈ ਜੋ 50 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਹੈ। ਸ਼ਹਿਰ ਵਿਚ ਚਰਚਾ ਹੈ ਕਿ 50 ਕਰੋੜ ਦਾ ਇਹ ਪ੍ਰਾਜੈਕਟ ਸ਼ਹਿਰ ਲਈ ਬੇਕਾਰ ਹੀ ਸਾਬਿਤ ਹੋ ਰਿਹਾ ਹੈ ਕਿਉਂਕ ਜਿਸ ਇਲਾਕੇ ਨੂੰ ਸਮਾਰਟ ਬਣਾਉਣ ਲਈ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ, ਉਥੇ ਕੋਈ ਸਮੱਸਿਆ ਸੀ ਹੀ ਨਹੀਂ।
ਉਥੇ ਪਹਿਲਾਂ ਤੋਂ ਹੀ ਸੜਕਾਂ ਚੰਗੀਆਂ-ਭਲੀਆਂ ਸਨ, ਉਥੇ ਬਰਸਾਤੀ ਪਾਣੀ ਦੀ ਕੋਈ ਸਮੱਸਿਆ ਨਹੀਂ ਸੀ ਅਤੇ ਸਟਰੀਟ ਲਾਈਟਾਂ ਵੀ ਠੀਕ-ਠਾਕ ਸੀ। ਫਿਰ ਵੀ ਕੁਝ ਅਫ਼ਸਰਾਂ ਨੇ ਪ੍ਰਾਜੈਕਟ ਨੂੰ ਖਾਣ-ਪੀਣ ਦਾ ਸਾਧਨ ਬਣਾ ਲਿਆ। ਅੱਜ ਹਾਲਤ ਇਹ ਹੈ ਕਿ ਜਿਨ੍ਹਾਂ ਪੰਜ ਸਮਾਰਟ ਰੋਡਜ਼ ’ਤੇ ਅਫ਼ਸਰ ਕਰੀਬ 45 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਕਰ ਚੁੱਕੇ ਹਨ, ਉਨ੍ਹਾਂ ਸੜਕਾਂ ਦੀ ਹਾਲਤ ਸ਼ਹਿਰ ਦੀਆਂ ਆਮ ਸੜਕਾਂ ਤੋਂ ਵੀ ਕਿਤੇ ਜ਼ਿਆਦਾ ਖਰਾਬ ਹੈ।

ਇਹ ਵੀ ਪੜ੍ਹੋ- ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰਕਾਮ ਦੀ ਵੱਡੀ ਕਾਰਵਾਈ, ਸੰਭਲਣ ਦਾ ਵੀ ਨਾ ਦਿੱਤਾ ਮੌਕਾ

ਏ. ਬੀ. ਡੀ. ਏਰੀਆ ਨੂੰ ਥੋੜ੍ਹਾ ਵੀ ਸੁਧਾਰ ਨਹੀਂ ਸਕਿਆ ਸਮਾਰਟ ਸਿਟੀ ਮਿਸ਼ਨ
ਸਮਾਰਟ ਸਿਟੀ ਦੇ ਪੈਸੇ ਖਰਚ ਕਰਨ ਲਈ ਕੇਂਦਰ ਸਰਕਾਰ ਦੀ ਸ਼ਰਤ ਸੀ ਕਿ ਇਕ ਨਿਸ਼ਚਿਤ ਏਰੀਆ ਨੂੰ ਨਵੇਂ ਤਰੀਕੇ ਨਾਲ ਡਿਵੈੱਲਪ ਕੀਤਾ ਜਾਵੇ। ਇਸ ਪ੍ਰਕਿਰਿਆ ਨੂੰ ‘ਏਰੀਆ ਬੇਸਡ ਡਿਵੈੱਲਪਮੈਂਟ (ਏ. ਬੀ. ਡੀ.) ਦਾ ਨਾਂ ਦਿੱਤਾ ਗਿਆ ਅਤੇ 50 ਕਰੋੜ ਨਾਲ ਸਮਾਰਟ ਰੋਡਜ਼ ਪ੍ਰਾਜੈਕਟ ਇਸ ਸ਼ਰਤ ਤਹਿਤ ਲਿਆਂਦਾ ਗਿਆ। ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ‘ਏਰੀਆ ਬੇਸਡ ਡਿਵੈੱਲਪਮੈਂਟ’ ਦੇ ਨਾਂ ’ਤੇ ਇਹ ਪ੍ਰਾਜੈਕਟ ਲਾਗੂ ਕਰ ਦਿੱਤਾ ਪਰ ਇੰਨੇ ਪੈਸਿਆਂ ਨਾਲ ਪੂਰੇ ਇਲਾਕੇ ਨੂੰ ਹੀ ਸਮਾਰਟ ਬਣਾਇਆ ਜਾ ਸਕਦਾ ਸੀ, ਜਦੋਂ ਕਿ ਮੌਜੂਦਾ ਪ੍ਰਾਜੈਕਟ ਤਹਿਤ ਸਿਰਫ਼ 5 ਕਿਲੋਮੀਟਰ ਸੜਕਾਂ ਨੂੰ ਹੀ ਨਵਾਂ ਬਣਾਇਆ ਜਾਣਾ ਹੈ। ਇਹ ਸੜਕਾਂ ਵੀ ਨਗਰ ਨਿਗਮ ਦੇ ਫੰਡ ਵਿਚੋਂ ਸਿਰਫ਼ 2-4 ਕਰੋੜ ਰੁਪਏ ਖ਼ਰਚ ਕਰਕੇ ਨਵੀਆਂ ਬਣਾਈਆਂ ਜਾ ਸਕਦੀਆਂ ਸਨ।

ਇਹ ਵੀ ਪੜ੍ਹੋ- ਗੋਰਾਇਆ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਸਣੇ 3 ਵਾਹਨਾਂ ਨੂੰ ਲੱਗੀ ਭਿਆਨਕ ਅੱਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri