ਸਡ਼ਕਾਂ ’ਤੇ ਖਡ਼੍ਹੇ ਪਾਣੀ ਨੇ ਮੱਧਮ ਕੀਤੀ ਜਨ ਜੀਵਨ ਦੀ ਰਫਤਾਰ

07/15/2019 5:29:15 AM

ਕਪੂਰਥਲਾ, (ਮਹਾਜਨ)- ਐਤਵਾਰ ਨੂੰ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ’ਚ ਹੋਈ ਭਾਰੀ ਬਾਰਿਸ਼ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਤਾਪਮਾਨ ਵੀ 44 ਡਿੱਗਰੀ ਤੋਂ ਡਿੱਗ ਕੇ 36 ਡਿੱਗਰੀ ਸੈਲਸੀਅਸ ਤਕ ਪਹੁੰਚ ਗਿਆ। ਸਵੇਰੇ 3 ਘੰਟੇ ਤਕ ਹੋਈ ਲਗਾਤਾਰ ਭਾਰੀ ਬਾਰਿਸ਼ ਨੇ ਜਨ ਜੀਵਨ ਦੀ ਰਫਤਾਰ ਮੱਧਮ ਕਰ ਦਿੱਤੀ। ਉੱਥੇ ਸ਼ਹਿਰ ਦੀਆਂ ਜ਼ਿਆਦਾਤਰ ਸਡ਼ਕਾਂ ’ਤੇ ਦੋ-ਤਿੰਨ ਫੁੱਟ ਤੱਕ ਪਾਣੀ ਖਡ਼੍ਹਾ ਨਜ਼ਰ ਆਇਆ। ਸ਼ਹਿਰ ਦੇ ਖੇਤਰ ਅੰਮ੍ਰਿਤ ਬਾਜ਼ਾਰ, ਕਾਇਮਪੁਰਾ ਮੁਹੱਲਾ, ਖਜ਼ਾਨਚੀਆਂ ਮੁਹੱਲਾ, ਕੋਟੂ ਚੌਕ, ਮੁਹੱਲਾ ਅਰਫਵਾਲਾ, ਸ਼੍ਰੀ ਸੱਤ ਨਰਾਇਣ ਬਾਜ਼ਾਰ, ਮਾਲ ਰੋਡ, ਗਰਾਰੀ ਚੌਕ, ਰਮਨੀਕ ਚੌਕ, ਸੈਨਿਕ ਰੈਸਟ ਹਾਊਸ ਚੌਕ, ਰਣਧੀਰ ਕਾਲਜ ਰੋਡ, ਸੈਂਟਰਲ ਟਾਊਨ, ਦਾਣਾ ਮੰਡੀ, ਮੁਹੱਲਾ ਲਾਹੌਰੀ ਗੇਟ, ਮੁਹੱਲਾ ਜੱਟਪੁਰਾ, ਥਾਣਾ ਸਿਟੀ ਦੇ ਬਾਹਰ ਆਦਿ ਕਈ ਖੇਤਰਾਂ ’ਚ ਪਾਣੀ ਹੀ ਪਾਣੀ ਖਡ਼੍ਹਾ ਨਜ਼ਰ ਆਇਆ। ਬਾਰਿਸ਼ ਕਾਰਣ ਸ਼ਹਿਰ ਦੇ ਕਈ ਖੇਤਰਾਂ ਪਾਣੀ ’ਚ ਡੁੱਬ ਗਏ। ਜਿਸ ’ਚ ਸੈਂਟਰਲ ਟਾਊਨ, ਕੋਟੂ ਚੌਕ, ਮਾਰਕਫੈੱਡ ਚੌਕ ਤੇ ਨਾਲ ਲੱਗਦੀ ਕਾਲੋਨੀਆ ’ਚ ਬਰਸਾਤ ਬੰਦ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਪਾਣੀ ਖਡ਼੍ਹਾ ਰਿਹਾ। ਜਿਸਦੇ ਕਾਰਣ ਲੋਕਾਂ ਨੂੰ ਕਾਫੀ ਭਾਰੀ ਦਿੱਕਤ ਹੋਈ।

ਪਾਣੀ ’ਚ ਡੁੱਬਾ ਸ਼ਮਸ਼ਾਨਘਾਟ

ਸਵੇਰੇ ਕਰੀਬ ਤਿੰਨ ਘੰਟੇ ਹੋਏ ਬਰਸਾਤ ਕਾਰਨ ਸ਼ਮਸ਼ਾਨਘਾਟ ਪੂਰਾ ਪਾਣੀ ’ਚ ਡੁੱਬ ਗਿਆ। ਐਵਤਾਰ ਨੂੰ ਅੰਤਿਮ ਸੰਸਕਾਰ ਦੇ ਲਈ ਆਏ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕਰੀਬ ਤਿੰਨ-ਤਿੰਨ ਫੁੱਟ ਤੱਕ ਭਰੇ ਪਾਣੀ ’ਚ ਹੋ ਕੇ ਉਨ੍ਹਾਂ ਨੂੰ ਲੰਘਣਾ ਪਿਆ। ਇਸ ਦੌਰਾਨ ਕਈ ਲੋਕਾਂ ਨੇ ਨਗਰ ਪ੍ਰੀਸ਼ਦ ਨੂੰ ਵੀ ਕੋਸਿਆ। ਸ਼ਮਸ਼ਾਨਘਾਟ ਕਮੇਟੀ ਦੇ ਪ੍ਰਧਾਨ ਸੁਭਾਸ਼ ਮਕਰੰਦੀ ਤੇ ਰਾਕੇਸ਼ ਚੋਪਡ਼ਾ, ਨਰਾਇਣ ਅਰੋਡ਼ਾ ਨੇ ਦੱਸਿਆ ਕਿ ਕੋਲ ਹੀ ਬਣੀਆਂ ਕਾਲੋਨੀਆਂ ’ਚ ਪਾਇਆ ਸੀਵਰੇਜ ਓਵਰਫਲੋ ਹੋ ਜਾਣ ਕਾਰਨ ਹਰ ਸਾਲ ਬਰਸਾਤ ਦੇ ਦਿਨਾਂ ’ਚ ਇਹ ਮੁਸ਼ਕਲ ਪੇਸ਼ ਆਉਂਦੀ ਹੈ। ਨਗਰ ਪ੍ਰੀਸ਼ਦ ਨੂੰ ਕਈ ਵਾਰ ਇਸ ਸਮੱਸਿਆ ਤੋਂ ਜਾਣੂ ਕਰਵਾਇਾ ਗਿਆ ਹੈ ਪਰ ਉਹ ਇਸ ਪਾਸੇ ਕੋਈ ਧਿਆਨ ਨਹੀ ਦਿੰਦੀ।

ਬਿਜਲੀ ਸਪਲਾਈ ਹੋਈ ਗੁਲ

ਬਰਸਾਤ ਸ਼ੁਰੂ ਹੁੰਦੇ ਹੀ ਸ਼ਹਿਰ ਦੀ ਬਿਜਲੀ ਸਪਲਾਈ ਗੁੱਲ ਹੋ ਗਈ। ਬਿਜਲੀ ਬੰਦ ਹੋਣ ਨਾਲ ਵਾਟਰ ਪੰਪਾਂ ਤੋਂ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ। ਜਿਸਦੇ ਕਾਰਨ ਲੋਕਾਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੀਣ ਵਾਲੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸਣਾ ਪਿਆ। ਪਿਆਸ ਨਾਲ ਬੇਹਾਲ ਲੋਕਾਂ ਨੇ ਬਾਜ਼ਾਰਾਂ ਤੋਂ ਪਾਣੀ ਦੀਆਂ ਬੋਤਲਾਂ ਖਰੀਦ ਕੇ ਪਿਆਸ ਬੁਝਾਈ। ਪਾਣੀ ਨਾ ਆਉਣ ਕਾਰਣ ਔਰਤਾਂ ਨੂੰ ਵੀ ਘਰਾਂ ਦੇ ਕੰਮਕਾਰ ਕਰਨ ’ਚ ਦਿੱਕਤ ਆਈ। ਜ਼ਿਆਦਾਤਰ ਲੋਕ ਐਵਤਾਰ ਨੂੰ ਛੁੱਟੀ ਦੇ ਦਿਨ ਆਪਣੇ ਘਰਾਂ ਦੀ ਚੰਗੀ ਤਰ੍ਹਾਂ ਸਫਾਈ ਕਰਦੇ ਹਨ ਤੇ ਦੇਰੀ ਨਾਲ ਨਹਾਉਂਦੇ ਹਨ ਪਰ ਬਰਸਾਤ ਕਾਰਨ ਬਿਜਲੀ ਤੇ ਪਾਣੀ ਨਾ ਆਉਣ ਕਾਰਨ ਉਨ੍ਹਾਂ ਦੇ ਕੰਮ ਕਰਨ ਤੋਂ ਰਹਿ ਗਏ।

Bharat Thapa

This news is Content Editor Bharat Thapa