ਸਮਾਰਟ ਸਿਟੀ ਦਾ ਬਾਇਓ-ਮਾਈਨਿੰਗ ਪ੍ਰਾਜੈਕਟ ਵੀ ਰੱਦ ਹੋਣ ਦੇ ਨੇੜੇ

03/09/2023 1:59:10 PM

ਜਲੰਧਰ (ਖੁਰਾਣਾ)–ਪਿਛਲੇ 5 ਸਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਸਰਕਾਰ ਨੇ ਜਲੰਧਰ ਸਮਾਰਟ ਸਿਟੀ ਦੇ ਜਿੰਨੇ ਵੀ ਪ੍ਰਾਜੈਕਟ ਬਣਾਏ, ਉਨ੍ਹਾਂ ਵਿਚੋਂ ਕਈ ਪ੍ਰਾਜੈਕਟ ਤਾਂ ਆਪਣੀ ਕੱਛੂ ਦੀ ਚਾਲ ਕਾਰਨ ਲਟਕ ਰਹੇ ਹਨ ਅਤੇ ਹਜ਼ਾਰਾਂ-ਲੱਖਾਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਨਾਲ ਹੀ ਨਾਲ ਕਈ ਪ੍ਰਾਜੈਕਟ ਅਜਿਹੇ ਹਨ, ਜਿਹੜੇ ਸ਼ੁਰੂ ਹੀ ਨਹੀਂ ਹੋ ਸਕੇ। ਸਮਾਰਟ ਸਿਟੀ ਦੇ ਮੌਜੂਦਾ ਸੀ. ਈ. ਓ. ਨੇ ਬੀਤੇ ਦਿਨੀਂ ਅੱਧੀ ਦਰਜਨ ਦੇ ਲਗਭਗ ਪ੍ਰਾਜੈਕਟ ਰੱਦ ਕਰ ਦੇਣ ਦੀ ਪ੍ਰਕਿਰਿਆ ਚਲਾਈ ਸੀ ਪਰ ਹੁਣ ਪਤਾ ਲੱਗਾ ਹੈ ਕਿ ਸਮਾਰਟ ਸਿਟੀ ਦਾ ਬਾਇਓ-ਮਾਈਨਿੰਗ ਪ੍ਰਾਜੈਕਟ ਵੀ ਰੱਦ ਹੋਣ ਦੇ ਨੇੜੇ ਹੈ। ਸੂਤਰਾਂ ਦੇ ਮੁਤਾਬਕ ਸਮਾਰਟ ਸਿਟੀ ਨਾਲ ਜੁੜੇ ਅਧਿਕਾਰੀ ਚੇਨਈ ਦੀ ਈਕੋ ਗ੍ਰੈਬ ਕੰਪਨੀ ਨੂੰ ਫਾਈਨਲ ਨੋਟਿਸ ਭੇਜਣ ਜਾ ਰਹੇ ਹਨ, ਜਿਸ ਵਿਚ ਕਰਾਰ ਰੱਦ ਕਰਨ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਹੋਲੇ-ਮਹੱਲੇ 'ਤੇ ਜਾ ਰਹੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ ਨੌਜਵਾਨ

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮੇਨ ਡੰਪ ਸਥਾਨ ਵਰਿਆਣਾ ਵਿਚ ਪਏ ਲਗਭਗ 10 ਲੱਖ ਟਨ ਪੁਰਾਣੇ ਕੂੜੇ ਨੂੰ ਕਲੀਅਰ ਕਰਨ ਲਈ ਇਹ ਪ੍ਰਾਜੈਕਟ ਬਣਾਇਆ ਗਿਆ ਸੀ, ਜਿਸ ’ਤੇ ਲਗਭਗ 40 ਕਰੋੜ ਰੁਪਏ ਖਰਚ ਆਉਣੇ ਸਨ। ਇਸ ਪ੍ਰਾਜੈਕਟ ਲਈ ਸਮਾਰਟ ਸਿਟੀ ਨੇ 5 ਕਰੋੜ ਰੁਪਏ ਦੀ ਨਵੀਂ ਮਸ਼ੀਨਰੀ ਵੀ ਖਰੀਦੀ ਹੋਈ ਸੀ, ਜਿਸ ਨੂੰ ਸ਼ਹਿਰ ਦਾ ਕੂੜਾ ਚੁੱਕਣ ਦੇ ਕੰਮ ਵਿਚ ਵਰਤਿਆ ਜਾ ਰਿਹਾ ਹੈ।

ਕੰਪਨੀ ਦਾ ਹੋਵੇਗਾ ਲਗਭਗ 1 ਕਰੋੜ ਦਾ ਨੁਕਸਾਨ
ਬਾਇਓ-ਮਾਈਨਿੰਗ ਪ੍ਰਾਜੈਕਟ ਲਾ ਰਹੀ ਕੰਪਨੀ ਨੇ ਵਰਿਆਣਾ ਵਿਚ ਨਾ ਸਿਰਫ ਸਿਵਲ ਵਰਕ ਅਤੇ ਸ਼ੈੱਡ ਬਣਾਉਣ ਦਾ ਕੰਮ ਪੂਰਾ ਕੀਤਾ ਹੋਇਆ ਹੈ, ਸਗੋਂ ਉਥੇ ਕਿਰਾਏ ’ਤੇ ਲਈ ਗਈ ਛੋਟੀ ਮਸ਼ੀਨਰੀ ਨਾਲ ਪਲਾਂਟ ਵੀ ਚਲਾਇਆ ਜਾ ਰਿਹਾ ਹੈ। ਕੰਮ ਵਿਚ ਦੇਰੀ ਕਾਰਨ ਸਮਾਰਟ ਸਿਟੀ ਵੱਲੋਂ ਕੰਪਨੀ ਨੂੰ 14 ਲੱਖ ਦੇ ਲਗਭਗ ਜੁਰਮਾਨਾ ਵੀ ਲਾਇਆ ਜਾ ਚੁੱਕਾ ਹੈ। ਇਕ ਅਨੁਮਾਨ ਮੁਤਾਬਕ ਜੇਕਰ ਕੰਪਨੀ ਤੋਂ ਪ੍ਰਾਜੈਕਟ ਵਾਪਸ ਲਿਆ ਜਾਂਦਾ ਹੈ ਤਾਂ ਜਿਥੇ ਕੰਪਨੀ ਨੂੰ ਇਕ ਕਰੋੜ ਦੇ ਲਗਭਗ ਨੁਕਸਾਨ ਉਠਾਉਣਾ ਪਵੇਗਾ, ਉਥੇ ਹੀ ਇਸ ਪ੍ਰਾਜੈਕਟ ਦਾ ਰੱਦ ਹੋਣਾ ਸ਼ਹਿਰ ਲਈ ਵੀ ਨੁਕਸਾਨਦਾਇਕ ਰਹੇਗਾ ਕਿਉਂਕਿ ਵਰਿਆਣਾ ਡੰਪ ’ਤੇ ਕੂੜੇ ਦੇ ਪਹਾੜ ਬਣੇ ਰਹਿਣਗੇ ਅਤੇ ਆਉਣ ਵਾਲੇ ਸਮੇਂ ਵਿਚ ਸਮੱਸਿਆ ਦਾ ਕਾਰਨ ਬਣਦੇ ਰਹਿਣਗੇ।

ਇਹ ਵੀ ਪੜ੍ਹੋ : ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਜ਼ਬਰਦਸਤ ਹੰਗਾਮਾ, ਮੂਸੇਵਾਲਾ ਕਤਲ ਕਾਂਡ 'ਤੇ ਕਾਂਗਰਸ ਨੇ ਕੀਤਾ ਵਾਕਆਊਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri