ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ, 5 ਨੂੰ ਪੱਕਾ ਧਰਨਾ ਲਾਉਣ ਦਾ ਐਲਾਨ

01/22/2019 5:00:36 AM

ਨੂਰਪੁਰਬੇਦੀ, (ਭੰਡਾਰੀ/ ਸ਼ਮਸ਼ੇਰ)- ਬਦ ਤੋਂ ਬਦਤਰ ਹਾਲਤ ਹੋਏ ਸ੍ਰੀ ਅਨੰਦਪੁਰ ਸਾਹਿਬ-ਗਡ਼੍ਹਸ਼ੰਕਰ ਮੁੱਖ ਮਾਰਗ ਨੂੰ ਲੈ ਕੇ ਅੱਜ ਇਲਾਕਾ ਸੰਘਰਸ਼ ਕਮੇਟੀ ਵਲੋਂ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ ਝੱਜ ਚੌਕ ਵਿਖੇ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। 
ਇਸ ਚੱਕਾ ਜਾਮ ’ਚ ਵੱਖ-ਵੱਖ ਸੰਗਠਨਾਂ ਦੇ ਕਾਰਕੁੰਨਾਂ ਤੋਂ ਇਲਾਵਾ ਹਲਕਾ ਵਿਧਾਇਕ ਰੂਪਨਗਰ ਅਮਰਜੀਤ ਸਿੰਘ ਸੰਦੋਆ ਕਰੀਬ 3 ਘੰਟੇ ਤੱਕ ਮੁੱਖ ਮਾਰਗ ’ਤੇ ਧਰਨੇ ਦੌਰਾਨ ਡਟੇ ਰਹੇ। ਇਸ ਮੌਕੇ ਬੋਲਦਿਆਂ ਵਿਧਾਇਕ ਸੰਦੋਆ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਤੋਂ ਵੱਧ ਨਾਲਾਇਕੀ ਕੀ ਹੋ ਸਕਦੀ ਹੈ ਕਿ ਲੋਕਾਂ ਦੀ ਮੰਗ ਦੇ ਬਾਵਜੂਦ ਕਈ ਸਾਲਾਂ ਤੋਂ ਇਸ ਸਡ਼ਕ ਦੀ ਦਸ਼ਾ ਸੁਧਾਰਨ ਲਈ ਕੋਈ ਯਤਨ ਨਹੀਂ ਆਰੰਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਡ਼ਕ ਦੀ ਮਾਡ਼ੀ ਹਾਲਤ ਕਾਰਨ ਕਈ ਲੋਕਾਂ ਦੀਅਾਂ ਕੀਮਤੀ ਜਾਨਾਂ ਜਾ ਚੁੱਕੀਅਾਂ ਹਨ ਤੇ ਪ੍ਰਤੀ ਦਿਨ ਕਈ ਲੋਕ ਸਡ਼ਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਲਈ  ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਵਿਧਾਨ ਸਭਾ ’ਚ ਵੀ ਮੰਗ ਉਠਾ ਚੁੱਕੇ ਹਨ ਪਰ ਸਰਕਾਰ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਬੀਤੇ ਸਮੇਂ ਦੌਰਾਨ ਉਕਤ ਮਾਰਗ ’ਤੇ ਪੈਚਵਰਕ ਕਰਨ ਲਈ ਖਰਚ ਕੀਤੇ ਗਏ 88 ਲੱਖ ਰੁਪਏ ਦੇ ਸਮੁੱਚੇ ਹਿਸਾਬ-ਕਿਤਾਬ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜੇਕਰ ਇਲਾਕੇ ਦੀ ਜਨਤਾ ਅਾਗਾਮੀ ਦਿਨਾਂ ’ਚ ਕਿਸੇ ਵੀ ਪ੍ਰਕਾਰ ਦਾ ਸੰਘਰਸ਼ ਆਰੰਭ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਇਸ ’ਚ ਸ਼ਮੂਲੀਅਤ ਕਰਨਗੇ। ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ. ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲਈ ਇਹ ਸ਼ਰਮ ਦੀ ਗੱਲ ਹੈ ਕਿ ਉਹ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨਾਲ ਜੋਡ਼ਨ ਵਾਲੇ ਉਕਤ ਮਾਰਗ ਨੂੰ ਕੇਂਦਰ ’ਚ ਕਾਬਜ਼  ਭਾਈਵਾਲ ਪਾਰਟੀ ਤੋਂ ਨੈਸ਼ਨਲ ਹਾਈਵੇ ਦੇ ਤੌਰ ’ਤੇ ਵਿਕਸਿਤ ਕਰਵਾਉਣ ’ਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੰਸਦ ਮੈਂਬਰ ਚੰਦੂਮਾਜਰਾ ਨੂੰ ਇਲਾਕੇ ਦੇ ਲੋਕਾਂ ਨਾਲ ਲਗਾਅ ਹੈ ਤਾਂ ਉਹ ਉਕਤ ਮਾਰਗ ਦੀ  ਦਸ਼ਾ ਸੁਧਾਰਨ ਲਈ ਹੀ ਫੰਡ ਮੁਹੱਈਆ ਕਰਵਾ ਦੇਣ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲਾ ਇੰਚਾਰਜ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਅਾਗਾਮੀ ਦਿਨਾਂ ’ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋਡ਼ਿਆ ਜਾਵੇਗਾ। 
ਕੌਮੀ ਮੁਲਾਜ਼ਮ ਆਗੂ ਵੇਦ ਪ੍ਰਕਾਸ਼ ਸਸਕੌਰ ਨੇ ਕਿਹਾ ਕਿ ਪਾਣੀ, ਬਿਜਲੀ ਤੇ ਸਡ਼ਕਾਂ ਲੋਕਾਂ ਦੇ ਬੁਨਿਆਦੀ ਅਧਿਕਾਰ ਹਨ ਜਿਸ ਤੋਂ ਜਨਤਾ ਨੂੰ ਵਾਂਝੇ ਰੱਖਣ ਵਾਲੀਆਂ ਸਰਕਾਰਾਂ ਦਾ ਸੱਤਾ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕਿਸਾਨ ਆਗੂ ਕਾਮਰੇਡ ਮੋਹਨ ਸਿੰਘ ਧਮਾਣਾ ਤੇ ਯੂਥ ਨੇਤਾ ਹਰਪ੍ਰੀਤ ਸਿੰਘ ਕਾਹਲੋਂ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਇਸ ਮੌਕੇ ਸੰਘਰਸ਼ਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਵਲੋਂ 15 ਦਿਨਾਂ ਦੇ ਅੰਦਰ-ਅੰਦਰ ਉਕਤ ਮਾਰਗ ਦਾ ਟੈਂਡਰ ਲਾ ਕੇ ਨਵੇਂ ਸਿਰਿਓਂ ਨਿਰਮਾਣ ਕਾਰਜ ਆਰੰਭ ਨਾ ਕਰਵਾਇਆ ਗਿਆ ਤਾਂ ਖੇਤਰ ਦੇ ਪਿੰਡ ਕਾਹਨਪੁਰ ਖੂਹੀ ਵਿਖੇ 5 ਫਰਵਰੀ ਤੋਂ ਪੱਕਾ ਧਰਨਾ ਲਾਇਆ ਜਾਵੇਗਾ ਤੇ ਜਿਸ ਦੇ ਨਿਕਲਣ ਵਾਲੇ ਸਿੱਟਿਆਂ ਲਈ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਜ਼ਿੰਮੇਵਾਰ ਹੋਣਗੇ।
ਇਸ ਧਰਨੇ ਨੂੰ ਮਾ. ਗੁਰਨੈਬ ਸਿੰਘ ਜੇਤੇਵਾਲ, ਕਾ. ਮੋਹਨ ਸਿੰਘ ਧਮਾਣਾ, ਦਿਲਬਾਰਾ ਸਿੰਘ ਬਾਲਾ, ਰਾਮ ਕੁਮਾਰ ਮੁਕਾਰੀ, ਵੇਦ ਪ੍ਰਕਾਸ਼ ਸਸਕੌਰ, ਹਰਪ੍ਰੀਤ ਕਾਹਲੋਂ, ਗੁਲਸ਼ਨ ਸ਼ਰਮਾ ਸਵੌਰ, ਮਾ. ਦੀਵਾਨ ਸਿੰਘ ਗਿੱਲ, ਸ਼ਿੰਗਾਰਾ ਸਿੰਘ ਰਾਏਪੁਰ, ਕਾਕੂ ਥਾਨਾ, ਬਿੱਲਾ ਕੰਗ, ਰਾਮ ਸਿੰਘ ਗਨੂੰਰਾ, ਜਸਵਿੰਦਰ ਭਨੂੰਹਾਂ, ਰਾਮ ਰਤਨ, ਸ਼ਿਵ ਸਿੰਘ ਕਾਹਲੋਂ, ਵਿੱਕੀ ਧੀਮਾਨ, ਹਰਮਨ ਝੱਜ, ਮਨਜੀਤ ਸਿੰਘ, ਸ਼ਿੰਗਾਰਾ ਸਿੰਘ ਰਾਏਪੁਰ, ਲਾਡੀ ਸ਼ਾਖਪੁਰ, ਬੱਬੂ ਚੱਢਾ, ਅਮਰੀਕ ਸਿੰਘ, ਮਾ. ਨੰਦ ਸਿੰਘ ਨੂਰਪੁਰਬੇਦੀ, ਗੁਰਪ੍ਰੀਤ ਸਿੰਘ ਕਾਲਾ, ਦੀਪੀ ਜੇਤੇਵਾਲ, ਅਰਵਿੰਦਰ ਸਿੰਘ ਅਟਵਾਲ, ਨਰਿੰਦਰ ਸਿੰਘ ਲੋਦੀਮਾਜਰਾ, ਰਣ ਬਹਾਦੁਰ ਸਿੰਘ, ਜਸਪਾਲ ਸਿੰਘ ਜੱਸਾ, ਲਾਡੀ ਖੂਹੀ, ਦਰਸ਼ਨ ਸਿੰਘ ਕਾਹਲੋਂ ਤੇ ਕਾਲਾ ਸੈਦਪੁਰ ਆਦਿ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਨੂੰ ਜਮ ਕੇ ਕੋਸਿਆ।  ਇਸ ਦੌਰਾਨ ਸੰਘਰਸ਼ਕਾਰੀਆਂ ’ਚ ਪ੍ਰਸ਼ਾਸਨ ਦੀ ਤਰਫ਼ੋਂ ਪਹੁੰਚੇ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਗੁਰਜੀਤ ਸਿੰਘ ਨੇ ਮੰਗ ਪੱਤਰ ਹਾਸਲ ਕੀਤਾ ਤੇ ਕਿਹਾ ਕਿ ਉਹ ਉਨ੍ਹਾਂ ਦੀ ਇਸ ਮੰਗ ਨੂੰ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੱਕ ਪਹੁੰਚਾਉਣਗੇ। 

ਪ੍ਰਸ਼ਾਸਨ ਨੇ ਟ੍ਰੈਫ਼ਿਕ ਨੂੰ ਬਦਲਵੇਂ ਰੂਟਾਂ ਤੋਂ ਭੇਜਿਆ
ਚੱਕਾ ਜਾਮ ਦੇ ਪ੍ਰੋਗਰਾਮ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਆਉਣ ਵਾਲੀ ਟ੍ਰੈਫ਼ਿਕ ਨੂੰ ਵਾਇਆ ਸੈਦਪੁਰ, ਨੂਰਪੁਰਬੇਦੀ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਵਾਇਆ ਸੰਗਤਪੁਰ, ਗਡ਼੍ਹਸ਼ੰਕਰ ਨੂੰ ਜਾਣ ਵਾਲੀ ਟ੍ਰੈਫਿਕ ਨੂੰ ਵਾਇਆ ਪਚਰੰਡਾ ਤੇ ਹੋਰਨਾਂ ਦਿਸ਼ਾਵਾਂ ’ਚ ਜਾਣ ਵਾਲੇ ਵਾਹਨਾਂ ਨੂੰ ਕਲਵਾਂ ਤੋਂ ਵਾਇਆ ਨੰਗਲ ਦੇ ਬਦਲਵੇਂ ਰਸਤੇ ਰਾਹੀਂ ਭੇਜਿਆ।