ਨਗਰ ਕੌਂਸਲ ਦੀ ਸਫਾਈ ਯੂਨੀਅਨ ਨੇ ਹਡ਼ਤਾਲ ਕਰ ਕੇ ਕੀਤੀ ਨਾਅਰੇਬਾਜ਼ੀ

01/11/2019 2:40:55 AM

 ਰੂਪਨਗਰ,   (ਵਿਜੇ)-  ਰੂਪਨਗਰ ’ਚ ਨਗਰ ਕੌਂਸਲ ਦੀ ਸਫਾਈ ਸੇਵਕ ਯੂਨੀਅਨ ਵਲੋਂ ਸਫਾਈ ਸੇਵਕਾਂ ਦੀ ਤਨਖਾਹ ’ਚੋਂ ਪੈਸੇ ਕੱਟਣ ਦੇ ਮਾਮਲੇ ਨੂੰ ਲੈ ਕੇ ਹਡ਼ਤਾਲ ਕਰਨ ਕਾਰਨ ਸ਼ਹਿਰ ’ਚ ਕੂਡ਼ੇ ਦੇ ਢੇਰ ਲੱਗ ਗਏ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਰੂਪਨਗਰ ਨਗਰ ਕੌਂਸਲ ਦੇ ਸਥਾਈ ਤੇ ਅਸਥਾਈ ਕਰਮਚਾਰੀਆਂ ਵਲੋਂ ਲੇਟ ਆਉਣ ਦੇ ਮਾਮਲੇ ਨੂੰ ਲੈ ਕੇ ਸਫਾਈ ਕਰਮੀਆਂ ਦੀ ਤਨਖਾਹ ਕੱਟਣ ਦੇ ਵਿਰੋਧ ’ਚ ਅੱਜ ਯੂਨੀਅਨ ਵਲੋਂ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਸਕੱਤਰ ਰਾਜ ਕੁਮਾਰ ਰਾਜੂ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਕਰਮਚਾਰੀ ਜੇਕਰ ਇੰਨੀ ਠੰਡ ’ਚ 10-15 ਮਿੰਟ ਲੇਟ ਆ ਵੀ ਗਏ ਤਾਂ ਇਸ ਨੂੰ ਵੱਡਾ ਮਸਲਾ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਰਮਚਾਰੀ ਸਟੇਡੀਅਮ ਤੇ ਹੋਰ ਥਾਵਾਂ ’ਤੇ ਦੇਰ ਰਾਤ ਤੱਕ ਵੀ ਕੰਮ ਕਰਦੇ ਹਨ। ਆਗੂਆਂ ਨੇ ਰੋਸ ਜਤਾਉਂਦਿਅਾਂ ਕਿਹਾ ਕਿ ਕੌਂਸਲ ਦੇ ਸਫਾਈ ਕਰਮੀਆਂ ਨਾਲ ਠੀਕ ਰਵੱਈਆ ਨਾ ਅਪਣਾਇਆ ਗਿਆ ਤਾਂ  ਉਹ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਯੂਨੀਅਨ ਪ੍ਰਧਾਨ ਕ੍ਰਿਸ਼ਨ ਕੁਮਾਰ, ਚੇਅਰਪਰਸਨ ਰਾਜ ਰਾਣੀ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ, ਅਸਥਾਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ, ਸਚਿਨ ਕੁਮਾਰ ਹੋਰਨਾਂ ਤੋਂ ਇਲਾਵਾ ਮੌਜੂਦ ਸਨ।
 ਇਸ ਸਬੰਧ ’ਚ ਯੂਨੀਅਨ ਆਗੂ ਰਾਜ ਕੁਮਾਰ ਨੇ ਦੱਸਿਆ ਕਿ ਜੋ ਤਨਖਾਹ ਕੱਟੇ ਜਾਣ ਕਾਰਨ ਹਡ਼ਤਾਲ ਸ਼ੁਰੂ ਕੀਤੀ ਗਈ ਸੀ ਇਸ ਸਬੰਧ ’ਚ ਹੋਈ ਗੱਲਬਾਤ ਦੌਰਾਨ ਨਗਰ ਕੌਂਸਲ ਦੇ ਈ. ਓ ਅਤੇ ਪ੍ਰਧਾਨ ਨੇ ਆਪਣੇ ਪੱਲਿਓਂ ਤਨਖਾਹ ਦੇਣ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਹਡ਼ਤਾਲ ਖਤਮ ਕਰ ਦਿੱਤੀ ਗਈ ਹੈ।
ਸਫਾਈ ਵਿਵਸਥਾ ਹੋਈ ਪ੍ਰਭਾਵਿਤ  
ਕੌਂਸਲ ਦੇ ਸਫਾਈ ਕਰਮੀਆਂ ਦੀ ਹਡ਼ਤਾਲ ਦੇ ਕਾਰਨ ਸ਼ਹਿਰ ’ਚ ਸਫਾਈ ਵਿਵਸਥਾ ਪ੍ਰਭਾਵਿਤ ਹੋਈ ਜਦੋਂ ਕਿ ਸ਼ਹਿਰ ’ਚ ਲੱਗੇ ਕੂਡ਼ੇ ਦੇ ਢੇਰਾਂ ’ਤੇ ਜਿੱਥੇ ਬੇਸਹਾਰਾ ਪਸ਼ੂ ਮੰਡਰਾਉਣ ਲੱਗੇ, ਉੱਥੇ ਹੀ ਕੂਡ਼ੇ ਤੋਂ ਉੱਠਦੀ ਬਦਬੂ ਕਾਰਨ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਮਾਜ ਸੇਵੀ ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ’ਚ ਸਫਾਈ ਵਿਵਸਥਾ ਯਕੀਨੀ ਬਣਾਈ ਜਾਵੇ।