ਮੀਂਹ-ਹਨੇਰੀ ਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤੇ, ਝੋਨੇ ਤੇ ਬਾਸਮਤੀ ਦੀ ਫ਼ਸਲ ਧਰਤੀ ''ਤੇ ਵਿਛਾਈ

10/15/2023 6:06:58 PM

ਸੁਲਤਾਨਪੁਰ ਲੋਧੀ (ਧੀਰ)-ਬੀਤੀ ਰਾਤ ਆਏ ਤੇਜ ਮੀਂਹ ਹਨੇਰੀ ਅਤੇ ਗੜੇਮਾਰੀ ਨੇ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਨੇੜੇ ਦੇ ਇਲਾਕਿਆਂ ਵਿੱਚ ਜਿੱਥੇ ਝੋਨੇ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਝੋਨੇ ਅਤੇ ਬਾਸਮਤੀ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨ ਪਹਿਲਾਂ ਹੀ ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਹੇ ਹਨ, ਉੱਤੋਂ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮੰਡ ਖੇਤਰ ਵਿੱਚ ਹਜ਼ਾਰਾਂ ਏਕੜ ਝੋਨੇ ਅਤੇ ਬਾਸਮਤੀ ਦੀ ਫ਼ਸਲ ਪਹਿਲਾਂ ਹੀ ਤਬਾਹ ਹੋ ਚੁੱਕੀ ਹੈ ਅਤੇ ਹੁਣ ਗੜੇਮਾਰੀ ਨੇ ਕਿਸਾਨਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ। 

ਵਰਨਣਯੋਗ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਝੋਨੇ ਦੀ ਕਟਾਈ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਸੀ ਪਰ ਇਕਦਮ ਰਾਤ ਆਏ ਅਚਾਨਕ ਮੀਂਹ ਨੇ ਝੋਨੇ ਦੀ ਕਟਾਈ ਦਾ ਕੰਮ ਰੋਕ ਦਿੱਤਾ ਹੈ, ਜਿਸ ਨਾਲ ਘੱਟੋ-ਘੱਟ 2 ਦਿਨ ਕਟਾਈ ਦਾ ਕੰਮ ਪਛੜ ਜਾਵੇਗਾ। ਹਲਕਾ ਸੁਲਤਾਨਪੁਰ ਲੋਧੀ ਅੰਦਰ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਜ਼ਿਆਦਾਤਰ ਸਬਜ਼ੀਆਂ ਝੋਨੇ ਦੀ ਕਟਾਈ ਤੋਂ ਬਾਅਦ ਹੀ ਬੀਜੀਆਂ ਜਾਂਦੀਆਂ ਹਨ। ਮੀਂਹ ਪੈਣ ਨਾਲ ਸਬਜ਼ੀਆਂ ਦੀ ਬਿਜਾਈ ਦਾ ਕੰਮ ਵੀ ਠੱਪ ਹੋ ਗਿਆ ਹੈ। ਹਲਕੇ ਦੇ ਪਿੰਡਾਂ ਪਰਮਜੀਤ ਪੁਰ, ਪੰਡੋਰੀ, ਮੇਵਾ ਸਿੰਘ ਵਾਲਾ, ਕੁਲੀਆਂ, ਜੱਬੋਸੁਧਾਰ, ਮਿਰਜ਼ਾਪੁਰ, ਸਬਦੁਲਾ ਪੁਰ, ਮਿਆਣੀ,ਸਵਾਲ, ਲਵਾਂ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਗਾਜਰ ਅਤੇ ਗੋਭੀ ਦੀ ਬਿਜਾਈ ਕਰਨ ਲਈ ਖੇਤਾਂ ਦੀ ਤਿਆਰੀ ਜ਼ੋਰਾਂ ਨਾਲ ਕੀਤੀ ਜਾ ਰਹੀ ਸੀ ਅਤੇ ਬਹੁਤੇ ਖੇਤ ਤਿਆਰ ਹੋ ਚੁੱਕੇ ਸਨ।

ਇਹ ਵੀ ਪੜ੍ਹੋ: ਖਰੜ 'ਚ ਵਾਪਰੇ ਤੀਹਰੇ ਕਤਲ ਕਾਂਡ 'ਚ ਵੱਡੇ ਖ਼ੁਲਾਸੇ, ਮੋਬਾਇਲ ਬਣਿਆ ਭਰਾ-ਭਰਜਾਈ ਦੇ ਭਤੀਜੇ ਦੀ ਮੌਤ ਦਾ ਕਾਰਨ

ਪਿਛਲੇ ਦਿਨੀਂ ਵੀ ਭਾਰੀ ਮੀਂਹ ਪੈਣ ਤੋਂ ਬਾਅਦ ਖੇਤ ਗਿੱਲੇ ਹੋ ਗਏ ਸਨ ਅਤੇ ਕਿਸਾਨਾਂ ਨੇ ਮੁੜ ਖ਼ਰਚਾ ਕਰਕੇ ਸਬਜ਼ੀਆਂ ਦੀ ਬਿਜਾਈ ਲਈ ਤਿਆਰੀ ਕੀਤੀ ਸੀ ਪਰ ਹੁਣ ਮੀਂਹ ਪੈਣ ਨਾਲ ਤੀਜ਼ੀ ਵਾਰ ਨੁਕਸਾਨ ਹੋ ਚੁੱਕਾ ਹੈ। ਪਿੰਡ ਮੁਕਟਵਾਲਾ ਦੇ ਕਿਸਾਨ ਰਣਜੀਤ ਸਿੰਘ ਚੰਦੀ ਨੇ ਦੱਸਿਆ ਕਿ ਰਾਤ ਇਕ ਵਜੇ ਦੇ ਕਰੀਬ ਹੋਈ ਗੜੇਮਾਰੀ ਨੇ ਝੋਨੇ ਦੀਆਂ ਮੁੰਜਰਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ। ਖੇਤਾਂ ਵਿੱਚ ਝੋਨਾ ਕਾਫ਼ੀ ਕਿਰ ਚੁੱਕਾ ਹੈ। ਮੰਡ ਖੇਤਰ ਦੇ ਉੱਘੇ ਕਿਸਾਨ ਆਗੂ ਜਥੇਦਾਰ ਗੁਰਜੰਟ ਸਿੰਘ ਸੰਧੂ ਨੇ ਦੱਸਿਆ ਕਿ ਮੰਡ ਵਿੱਚ ਦਰਿਆ ਬਿਆਸ ਵਿੱਚ ਆਏ ਹੜ ਕਾਰਨ ਪਹਿਲਾਂ ਹੀ ਖੇਤਾਂ ਵਿੱਚ ਪਾਣੀ ਜਮ੍ਹਾਂ ਹੋਇਆ ਪਿਆ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਲਈ ਕਿਸਾਨ ਖੇਤਾਂ ਵਿੱਚੋਂ ਪਾਣੀ ਕੱਢਣ ਲਈ ਜਦੋਜਹਿਦ ਕਰ ਰਹੇ ਸਨ,ਪਰ ਹੁਣ ਬੀਤੀ ਰਾਤ ਪਏ ਮੀਂਹ ਨਾਲ ਕਣਕ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਦੀ ਆਸ ਲੱਥ ਗਈ ਹੈ। ਖੇਤਾਂ ਵਿੱਚ ਪਾਣੀ ਜਮ੍ਹਾਂ ਹੋਣ ਕਰਕੇ ਮੰਡ ਖੇਤਰ ਦੇ ਕਿਸਾਨ ਪਹਿਲਾਂ ਹੀ ਬਹੁਤ ਨਿਰਾਸ਼ ਹਨ ਅਤੇ ਹੁਣ ਕੁਦਰਤ ਦੀ ਕਰੋਪੀ ਨੇ ਉਨ੍ਹਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। 

ਪਿੰਡ ਦਰੀਏਵਾਲ ਦੇ ਸਰਪੰਚ ਅਵਤਾਰ ਸਿੰਘ ਲਾਡੀ ਅਤੇ ਦਵਿੰਦਰਪਾਲ ਲਾਡੀ ਨੇ ਦੱਸਿਆ ਕਿ ਮਟਰਾਂ ਦੀ ਬਿਜਾਈ ਲਈ ਜ਼ਮੀਨਾਂ ਨੂੰ ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਸੀ ਪਰ ਮੀਂਹ ਪੈਣ ਨਾਲ ਖੇਤ ਗਿੱਲੇ ਹੋ ਗਏ ਹਨ। ਮਟਰਾਂ ਦੀ ਬਿਜਾਈ ਲੇਟ ਹੋਣ ਕਰਕੇ ਇਸਦੇ ਝਾੜ ਉੱਪਰ ਵੀ ਅਸਰ ਪਵੇਗਾ। ਪਿੰਡ ਪੁਰਾਣਾ ਠੱਟਾ ਦੇ ਕਿਸਾਨ ਸੁਖਵਿੰਦਰ ਸਿੰਘ ਠੇਕੇਦਾਰ ਨੇ ਦੱਸਿਆ ਕਿ ਪਹਿਲਾਂ ਹੀ ਮੌਸਮ ਦੀ ਖ਼ਰਾਬੀ ਕਾਰਨ ਝੋਨੇ ਦੀ ਕਟਾਈ ਲੇਟ ਹੋਈ ਹੈ ਅਤੇ ਹੁਣ ਮੁੜ ਮੀਂਹ ਪੈਣ ਨਾਲ ਗੋਭੀ ਦੀ ਬਿਜਾਈ ਵੀ ਲੇਟ ਹੋ ਰਹੀ ਹੈ। 

ਇਹ ਵੀ ਪੜ੍ਹੋ:1 ਨਵੰਬਰ ਨੂੰ ਹੋਣ ਵਾਲੀ ਖੁੱਲ੍ਹੀ ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਹਲਕੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨਾ ਲੈ ਕੇ ਆਏ ਕਿਸਾਨਾਂ ਨੂੰ ਰਾਤ ਸਮੇਂ ਢੇਰੀਆਂ ਨੂੰ ਗਿੱਲੀਆਂ ਹੋਣ ਤੋਂ ਬਚਾਉਣ ਲਈ ਕਾਫੀ ਜੱਦੋਜਹਿਦ ਕਰਨੀ ਪਈ। ਸੁਲਤਾਨਪੁਰ ਲੋਧੀ ਦੀ ਮੰਡੀ ਵਿੱਚ ਸ਼ੈੱਡ ਨਾ ਹੋਣ ਕਰਕੇ ਝੋਨੇ ਦੀਆਂ ਢੇਰੀਆਂ ਭਿੱਜ ਗਈਆਂ ਜਿਨ੍ਹਾਂ ਨੂੰ ਸੁਕਾਉਣ ਲਈ ਦਿਨ ਵੇਲੇ ਕਾਫੀ ਜੱਦੋਜਹਿਦ ਕਰਨੀ ਪਈ। ਖੇਤੀਬਾੜੀ ਮਾਹਿਰਾਂ ਅਨੁਸਾਰ ਇਹ ਮੀਂਹ ਝੋਨੇ ਦੀ ਫ਼ਸਲ ਸਮੇਤ ਹੋਰ ਫ਼ਸਲਾਂ ਲਈ ਵੀ ਨੁਕਸਾਨਦਾਇਕ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਝੋਨੇ ਦੀ ਫ਼ਸਲ ਧਰਤੀ 'ਤੇ ਡਿੱਗਣ ਕਾਰਨ ਇਸ ਦੀ ਕਟਾਈ ਕਰਨੀਂ ਔਖੀ ਹੋ ਜਾਵੇਗੀ। ਕਿਸਾਨਾਂ ਨੂੰ ਵੱਧ ਖ਼ਰਚਾ ਭਰਨਾ ਪਵੇਗਾ। ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਦੋ ਦਿਨ ਬੱਦਲਵਾਈ ਬਣੇ ਰਹਿਣ ਅਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ।

ਇਹ ਵੀ ਪੜ੍ਹੋ: ਤਾਂਤਰਿਕ ਦੀ ਕਰਤੂਤ ਨੇ ਉਡਾਏ ਪਰਿਵਾਰ ਦੇ ਹੋਸ਼, ਕੁੜੀ ਨਾਲ 3 ਮਹੀਨੇ ਟੱਪੀਆਂ ਹੱਦਾਂ ਤੇ ਖਿੱਚੀਆਂ ਅਸ਼ਲੀਲ ਤਸਵੀਰਾਂ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 
https://play.google.com/store/apps/details?id=com.jagbani&hl=en&pli=1

For IOS:- 
 https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri